ਸ਼ਾਹਕੋਟ (ਗਿਆਨ ਸੈਦਪੁਰੀ)
ਮਜ਼ਦੂਰ ਦੋਖੀ ਮੋਦੀ ਸਰਕਾਰ ਵੱਲੋ ਮਜ਼ਦੂਰ ਵਰਗ ’ਤੇ ਸ਼ੁਰੂ ਕੀਤੇ ਆਰਥਕ ਅਤੇ ਸਮਾਜਕ ਹਮਲੇ ਲਗਾਤਾਰ ਜਾਰੀ ਹਨ। ਦਲਿਤਾਂ ਅਤੇ ਮਜਦੂਰਾਂ ਦੇ ਸਵੈਮਾਣ ਨੂੰ ਸੱਟ ਮਾਰੀ ਜਾ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ। ਉਹ ਪੰਜਾਬ ਖੇਤ ਮਜ਼ਦੂਰ ਸਭਾ ਦੀ ਲੁਧਿਆਣਾ ਵਿੱਚ ਹੋਈ ਸੂਬਾਈ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਪੀ੍ਰਤਮ ਸਿੰਘ ਨਿਆਮਤਪੁਰ ਦੀ ਪ੍ਰਧਾਨਗੀ ਵਿੱਚ ਸਭਾ ਦੀ ਅਹਿਮ ਮੀਟਿੰਗ ਵਿੱਚ ਗੋਰੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸਨ। ਉਨ੍ਹਾ ਕਿਹਾ ਕਿ ਮਨਰੇਗਾ ਹੀ ਇੱਕ ਅਜਿਹਾ ਕਨੂੰਨ ਹੈ, ਜੋ ਮਜ਼ਦੂਰ ਪੱਖੀ ਹੈ। ਮੋਦੀ ਸਰਕਾਰ ਸ਼ੁਰੂ ਤੋਂ ਹੀ ਇਸ ਕਨੂੰਨ ਦੀ ਵਿਰੋਧੀ ਰਹੀ ਹੈ। ਉਸ ਵਿਰੋਧ ਦਾ ਕਰੂਪ ਚਿਹਰਾ ਉਸ ਵਕਤ ਹੋਰ ਨੰਗਾ ਹੋ ਗਿਆ, ਜਦੋਂ ਮਨਰੇਗਾ ਦੇ ਬਜਟ ਵਿੱਚ 33 ਫੀਸਦੀ ਕਟੌਤੀ ਕਰ ਦਿੱਤੀ ਗਈ। ਖੇਤੀਬਾੜੀ ਦੇ ਕੰਮ ਦਾ ਪੂਰੀ ਤਰਾ ਮਸ਼ੀਨੀਕਰਨ ਹੋਣ ਨਾਲ ਖੇਤ ਮਜਦੂਰ ਆਮ ਤੌਰ ’ਤੇ ਵਿਹਲੇ ਹੋ ਗਏ ਹਨ, ਉਨ੍ਹਾਂ ਨੂੰ ਕੰਮ ਦੇ ਹੋਰ ਵਧੇਰੇ ਮੌਕੇ ਪ੍ਰਦਾਨ ਕਰਨ ਦੀ ਬਜਾਏ ਉਨ੍ਹਾਂ ਦੇ ਪੱਖ ਵਿੱਚ ਬਣੇ ਕਨੂੰਨ ਨੂੰ ਖੋਖਲਾ ਕੀਤਾ ਜਾ ਰਿਹਾ ਹੈ। ਉਹਨਾ ਪੰਜਾਬ ਖੇਤ ਮਜ਼ਦੂਰ ਸਭਾ ਦੀਆਂ ਲਗਾਤਾਰ ਜਾਰੀ ਸਰਗਰਮੀਆਂ ਦਾ ਜ਼ਿਕਰ ਕਰਦਿਆ ਕਿਹਾ ਕਿ ਸਭਾ ਮਜ਼ਦੂਰ ਅੰਦੋਲਨ ਦੀ ਰੀੜ੍ਹ ਦੀ ਹੱਡੀ ਹੈ। ਅਸੀ ਇਸ ਮੰਚ ਤੋਂ ਜਿੱਥੇ ਮਜ਼ਦੂਰ ਵਰਗ ਨੂੰ ਆਰਥਕ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਯਤਨਸ਼ੀਲ ਹਾਂ, ਉਥੇ ਇਸ ਵਰਗ ਦੇ ਸਵੈਮਾਣ ਨੂੰ ਨੋਚਦੀਆਂ ਨਹੁੰਦਰਾਂ ਨਾਲ ਨਜਿੱਠਣ ਦੀ ਵੀ ਲੋੜ ਹੈ। ਸਾਡੇ ਸਮਾਜ ਅੰਦਰ ਜਾਤ-ਪਾਤ ਦੀ ਬੁਰਾਈ ਹੋਰ ਵਧੀ ਹੈ, ਅਸੀ ਆਪਣੀਆਂ ਕੋਸ਼ਿਸ਼ਾਂ ਨਾਲ ਇਸ ਕੋਹਜ ਦਾ ਵੀ ਅੰਤ ਕਰਨਾ ਹੈ।
ਖੇਤ ਮਜ਼ਦੂਰ ਸਭਾ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਰਦਿਆਂ ਮਜ਼ਦੂਰ ਆਗੂ ਨੇ ਕਿਹਾ ਕਿ ਸਭਾ ਇੱਕ ਪਰਵਾਰ ਦੇ ਛੱਤੇ ਹੋਏ ਘਰ ਵਾਂਗ ਹੈ। ਇਸ ਘਰ (ਇਮਾਰਤ) ਨੂੰ ਅਸੀ ਵਧੇਰੇ ਹੰਢਣਸਾਰ ਬਣਾਉਣਾ ਹੈ। ਮਜ਼ਦੂਰ ਵਰਗ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਸਰਕਾਰੀ ਰਵੱਈਏ ਦੀ ਅਲੋਚਨਾ ਕਰਦਿਆਂ ਗੋਰੀਆ ਨੇ ਕਿਹਾ ਕਿ ਸਾਲ ਵਿੱਚ ਘੱਟੋ-ਘੱਟ 200 ਦਿਨ ਕੰਮ ਨੂੰ ਯਕੀਨੀ ਬਣਾਉਣ, 700 ਰੁਪਏ ਦਿਹਾੜੀ ਨਿਸਚਿਤ ਕਰਨ ਤੇ ਪੈਰ-ਪੈਰ ’ਤੇ ਫੈਲੇ ਹੋਏ ਭਿ੍ਰਸ਼ਟਾਚਾਰ ਨੂੰ ਰੋਕਣ ਲਈ ਤਿੱਖੇ ਸੰਘਰਸ਼ਾਂ ਰਾਹੀਂ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ। ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕਰਦਿਆਂ ਭਵਿੱਖ ਦੇ ਕੰਮਾਂ ਦਾ ਖਾਕਾ ਵੀ ਉਲੀਕਿਆ। ਉਨ੍ਹਾ ਤਿੱਖੀ ਸੁਰ ਵਿੱਖ ਕੀਤੀ ਤਕਰੀਰ ਦੌਰਾਨ ਕੁਝ ਘਾਟਾਂ-ਕਮਜ਼ੋਰੀਆਂ ’ਤੇ ਉਂਗਲ ਵੀ ਧਰੀ ਅਤੇ ਸਭਾ ਨੂੰ ਬੁਲੰਦੀਆਂ ਉੱਤੇ ਲਿਜਾਣ ਲਈ ਹੋਕਾ ਵੀ ਦਿੱਤਾ । ਸਰਹਾਲੀ ਕਲਾਂ ਨੇ 30 ਮਈ ਨੂੰ ਦਿੱਲੀ ਵਿੱਚ ਹੋ ਰਹੀ ਵੱਡੀ ਮਜ਼ਦੂਰ ਰੈਲੀ ਵਿੱਚ ਉਤਸ਼ਾਹੀ ਸ਼ਮੂਲੀਅਤ ਲਈ ਅਪੀਲ ਕਰਦਿਆਂ ਜ਼ਿਲ੍ਹਿਆਂ ਨੂੰ ਲੱਗੇ ਟੀਚੇ ਪੂਰੇ ਕਰ ਲਏ ਜਾਣ ਦਾ ਵਿਸ਼ਵਾਸ ਵੀ ਪ੍ਰਗਟ ਕੀਤਾ। ਸਭਾ ਦੇ ਮੀਤ ਪ੍ਰਧਾਨ ਕਿ੍ਰਸ਼ਨ ਚੌਹਾਨ ਨੇ ਪੰਜਾਬ ਵਿੱਚ ਚੱਲ ਰਹੇ ਦਲਿਤ ਅੰਦੋਲਨ ਦੀ ਚੀਰਫਾੜ ਕਰਦਿਆਂ ਇਸ ਦੀਆਂ ਪ੍ਰਾਪਤੀਆਂ ਅਤੇ ਕਮਜ਼ੋਰੀਆਂ ਦਾ ਵੀ ਜ਼ਿਕਰ ਕੀਤਾ।
ਚੌਹਾਨ ਨੇ ਪੰਜਾਬ ਵਿੱਚ ਵਾਪਰੀਆਂ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ, ਜਿਨ੍ਹਾਂ ਵਿੱਚ ਜਰਵਾਣਿਆਂ ਨੇ ਦਲਿਤਾਂ ਉਤੇ ਜ਼ੁਲਮ ਕਰਦਿਆਂ ਦਰਿੰਦਗੀ ਨੂੰ ਵੀ ਸ਼ਰਮਿੰਦਾ ਕਰ ਦਿੱਤਾ ਹੈ। ਉਨ੍ਹਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਉਂਤਬੰਦੀ ਨਾਲ ਅੰਦੋਲਨ ਚਲਾਉਣ ਦਾ ਸੱਦਾ ਦਿੱਤਾ। ਉਹਨਾ ਸਭਾ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹਰ ਪੱਧਰ ’ਤੇ ਉਪਰਾਲੇ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਵਿਛੜ ਗਏ ਸਾਥੀਆਂ ਦੀ ਸੂਚੀ ਵਿੱਚ ਸੰਤੋਖ ਸਿੰਘ ਸੰਘੇੜਾ, ਲਖਮੀ ਚੰਦ ਧਾਲੀਵਾਲ, ਰਣਜੀਤ ਸਿੰਘ ਨਵਾਂ ਸ਼ਹਿਰ, ਹਰਬੰਸ ਸਿੰਘ ਘਵੱਦੀ, ਬੂਟਾ ਸਿੰਘ ਗੁੱਜਰਾਂ, ਰਤਨ ਸਿੰਘ ਜਲਾਲਾਬਾਦ, ਭਿੰਦਰ ਸਿੰਘ ਭੈਣੀ ਕਲਾਂ ਅਤੇ ਸਵਿੰਦਰ ਕੌਰ ਕੋਟ ਧਰਮ ਚੰਦ ਕਲਾਂ ਸ਼ਾਮਲ ਹਨ।
ਮੀਟਿੰਗ ਨੂੰ ਨਾਨਕ ਚੰਦ ਬਜਾਜ, ਨਿਰੰਜਣ ਸਿੰਘ ਚੁਨਾਗਰਾ, ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਵੀਰ ਕੁਮਾਰ ਕਰਤਾਰਪੁਰ, ਮੁਕੰਦ ਲਾਲ ਨਵਾਂ ਸ਼ਹਿਰ, ਪ੍ਰਗਟ ਸਿੰਘ ਫਤਿਹਗੜ੍ਹ ਸਾਹਿਬ, ਸੁਰਿਦਰ ਕੁਮਾਰ ਭੈਣੀ ਕਲਾਂ, ਸੁਰਜੀਤ ਸਿੰਘ, ਮਨਦੀਪ ਸਿੰਘ ਬਠਿੰਡਾ ਅਤੇ ਸਿਮਰਤ ਕੌਰ ਫਤਿਹਗੜ੍ਹ ਨੇ ਵੀ ਸੰਬੋਧਨ ਕੀਤਾ।





