ਗੁਰਦਾਸਪੁਰ : ਥਾਣਾ ਕਲਾਨੌਰ ਅਧੀਨ ਸਰਹੱਦੀ ਪਿੰਡ ਸ਼ਹੂਰ ’ਚ ਗੁਟਕਾ ਸਾਹਿਬ ਦੀ ਬੇਅਦਬੀ ਮਗਰੋਂ ਨੌਜਵਾਨ ਨੂੰ ਗਿ੍ਰਫਤਾਰ ਕਰਕੇ ਉਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਗੁਰਪ੍ਰੀਤ ਸਿੰਘ ਵਾਸੀ ਸ਼ਹੂਰ ਕਲਾਂ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਦੱਸਿਆ ਕਿ ਪਿੰਡ ਵਾਸੀ ਸੁੱਚਾ ਸਿੰਘ ਨੇ ਆਪਣੇ ਘਰ ਨੇੜੇ ਛੱਪੜ ’ਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਉਸ ਉੱਪਰ ਗੁਟਕਾ ਸਾਹਿਬ ਸੁੱਟ ਕੇ ਬੇਅਦਬੀ ਕੀਤੀ ਹੈ। ਛੱਪੜ ’ਤੇ ਬੂਟੀ ਹੋਣ ਕਰਕੇ ਗੁਟਕਾ ਸਾਹਿਬ ਛੱਪੜ ਵਿਚ ਡੁੱਬਿਆ ਨਹੀਂ। ਸੂਚਨਾ ਮਿਲਣ ’ਤੇ ਏ ਐੱਸ ਆਈ ਸਬ ਸਿਤਨਾਮ ਸਿੰਘ ਪੁਲਸ ਮੁਲਾਜ਼ਮਾਂ ਸਣੇ ਮੌਕੇ ’ਤੇ ਪਹੁੰਚੇ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਥਾਣਾ ਕਲਾਨੌਰ ਵਿਖੇ ਰੋਸ ਵਜੋਂ ਪਹੁੰਚੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਗੁਟਕਾ ਸਾਹਿਬ ਦੀ ਬੇਅਦਬੀ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਦਿਨ-ਬ-ਦਿਨ ਹੋ ਰਹੀਆਂ ਬੇਅਦਬੀਆਂ ਵੱਡੀ ਚਿੰਤਾ ਦਾ ਵਿਸ਼ਾ ਹਨ ।




