ਲੁਧਿਆਣਾ (ਐੱਮ ਐੱਸ ਭਾਟੀਆ,
ਰੈਕਟਰ ਕਥੂਰੀਆ, ਪ੍ਰਦੀਪ ਸ਼ਰਮਾ)
ਗਿਆਸਪੁਰਾ ਇਲਾਕੇ ’ਚ ਐਤਵਾਰ ਸਵੇਰੇ ਗੈਸ ਕਾਰਨ ਦੋ ਬੱਚਿਆਂ ਸਣੇ 11 ਲੋਕਾਂ ਦੀ ਮੌਤ ਹੋ ਗਈ। ਮਿ੍ਰਤਕਾਂ ਦੇ ਸਰੀਰ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਦਿਮਾਗ ਵਿਚ ਜ਼ਹਿਰ ਪੁੱਜਣ ਕਾਰਨ ਮੌਤਾਂ ਹੋਈਆਂ। ਫੇਫੜਿਆਂ ’ਤੇ ਕੋਈ ਅਸਰ ਨਹੀਂ ਹੋਇਆ।
ਜਿਸ ਇਮਾਰਤ ਤੋਂ ਗੈਸ ਰਿਸਣ ਦੀ ਗੱਲ ਕਹੀ ਗਈ, ਉਥੇ ਇਕ ਡਿਪਾਰਟਮੈਂਟਲ ਸਟੋਰ ਤੇ ਮਿਲਕ ਬੂਥ ਹੈ। ਨੇੜਿਓਂ ਸੀਵਰ ਲਾਈਨ ਲੰਘਦੀ ਹੈ। ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਸੀਵਰ ’ਚ ਕੈਮੀਕਲ ਸੁੱਟਿਆ ਗਿਆ ਸੀ, ਜਿਸ ਦੇ ਚਲਦੇ ਜ਼ਹਿਰੀਲੀ ਗੈਸ ਬਣ ਗਈ ਸੀ।
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚ ਦਮ ਘੁਟਣ ਦਾ ਲੱਛਣ ਨਹੀਂ ਦਿਸਿਆ। ਮੌਤ ਦਾ ਕਾਰਨ ਨਿਊਰੋਟੌਕਸਿਨ (ਨਰਵਸ ਸਿਸਟਮ ’ਤੇ ਅਸਰ ਕਰਨ ਵਾਲਾ ਜ਼ਹਿਰ) ਹੋ ਸਕਦਾ ਹੈ। ਹੋ ਸਕਦਾ ਹੈ ਕਿ ਸੀਵਰੇਜ ਮੈਨਹੋਲ ’ਚ ਕੈਮੀਕਲ ਰਿਐਕਸ਼ਨ ਹੋਇਆ ਹੋਵੇ। ਮੈਨਹੋਲ ਤੋਂ ਸੈਂਪਲ ਲਏ ਗਏ ਹਨ।
ਮੌਕੇ ’ਤੇ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਾਦਸਾ ਸੀਵਰੇਜ ਦੀ ਗੈਸ ਕਾਰਨ ਹੋਇਆ। ਸ਼ੁਰੂਆਤੀ ਜਾਂਚ ਵਿਚ ਹਾਈਡਰੋਜਨ ਸਲਫਾਈਡ ਦੇ ਲੱਛਣ ਲੱਗ ਰਹੇ ਹਨ। ਅਜੇ ਵੀ ਮੁਸ਼ਕ ਆ ਰਿਹਾ ਹੈ।
ਜਿਹੜੇ ਵੀ ਲੋਕ ਗੈਸ ਦੇ ਸੰਪਰਕ ਵਿਚ ਆਏ, ਬੇਹੋਸ਼ ਹੁੰਦੇ ਗਏ। ਗੈਸ ਦਾ ਲੀਕੇਜ ਪੁਆਇੰਟ ਗੋਇਲ ਕੋਲਡ ਡਿ੍ਰੰਕਸ ਦੀ ਦੁਕਾਨ ਕੋਲ ਹੈ, ਜਿੱਥੇ ਸਭ ਤੋਂ ਵੱਧ ਮੌਤਾਂ ਹੋਈਆਂ।
ਦੱਸਿਆ ਗਿਆ ਹੈ ਕਿ ਸੀਵਰ ਲਾਈਨ ’ਚ ਪਹਿਲਾਂ ਹੀ ਜ਼ਹਿਰੀਲੀ ਗੈਸ ਹੁੰਦੀ ਹੈ। ਹੋ ਸਕਦਾ ਹੈ ਕਿ ਜ਼ਹਿਰੀਲਾ ਕੈਮੀਕਲ ਸੁੱਟਣ ਨਾਲ ਰਿਐਕਸ਼ਨ ਦੇ ਚਲਦਿਆਂ ਗੈਸ ਬਣੀ ਹੋਵੇ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਸੇ ਨੇ ਇੰਡਸਟ੍ਰੀਅਲ ਵੇਸਟ ਨੂੰ ਮਿਟਾਉਣ ਲਈ ਕੈਮੀਕਲ ਸੀਵਰ ਵਿਚ ਪਾ ਦਿੱਤਾ ਹੋਵੇ। ਜਿਹੜੀ ਦੁਕਾਨ ਕੋਲ ਮੌਤਾਂ ਹੋਈਆਂ, ਉਥੇ ਸੀਵਰ ਲਾਈਨ ਦੇ ਮੈਨਹੋਲ ਦੇ ਢੱਕਣ ਟੁੱਟੇ ਹੋਏ ਸਨ। ਖਦਸ਼ਾ ਹੈ ਕਿ ਗੈਸ ਇੱਥੋਂ ਨਿਕਲੀ।
ਲੋਕਾਂ ਨੇ ਕਿਹਾ ਕਿ ਬਰਸਾਤ ਦੌਰਾਨ ਇਲਾਕੇ ਦੀਆਂ ਡਾਇੰਗ ਤੇ ਕੈਮੀਕਲ ਇਸਤੇਮਾਲ ਕਰਨ ਵਾਲੀਆਂ ਫੈਕਟਰੀਆਂ ਵਾਲੇ ਕੈਮੀਕਲ ਵੇਸਟ ਸੀਵਰੇਜ ’ਚ ਸੁੱਟ ਦਿੰਦੇ ਹਨ। ਸ਼ਨੀਵਾਰ ਰਾਤ ਹਲਕੀ ਬਾਰਸ਼ ਦੇ ਬਾਅਦ ਕੈਮੀਕਲ ਸੁੱਟਿਆ ਗਿਆ ਸੀ। ਐਤਵਾਰ ਸਵੇਰੇ ਮੁਹੱਲੇ ਦਾ ਸੀਵਰੇਜ ਜਾਮ ਸੀ। ਕਰਿਆਨਾ ਸਟੋਰ ਚਲਾਉਣ ਵਾਲੇ ਗੌਰਵ ਗੋਇਲ ਤੇ ਸੌਰਵ ਨੇ ਜਾਮ ਖੋਲ੍ਹਣ ਲਈ ਸੀਵਰੇਜ ’ਚ ਡੰਡੇ ਮਾਰੇ ਸਨ। ਪਹਿਲਾ ਡੰਡਾ ਮਾਰਦੇ ਹੀ 35 ਸਾਲ ਦਾ ਗੌਰਵ ਡਿੱਗ ਪਿਆ। ਉਸ ਦੇ ਬਾਅਦ ਗੈਸ ਫੈਲਣੀ ਸ਼ੁਰੂ ਹੋ ਗਈ। ਸੌਰਵ ਦੀ ਪਤਨੀ ਪ੍ਰੀਤੀ ਤੇ ਮਾਂ ਕਮਲੇਸ਼ ਗੋਇਲ ਦੀ ਵੀ ਮੌਤ ਹੋ ਗਈ। ਸੌਰਵ ਦੇ 50 ਸਾਲਾ ਭਰਾ ਗੌਰਵ ਦੀ ਹਾਲਤ ਗੰਭੀਰ ਸੀ। ਡਾ. ਕਵਿਲਾਸ਼ ਦਾ ਘਰ ਮੈਨਹੋਲ ਦੇ ਕੋਲ ਸੀ। ਉਨ੍ਹਾ ਦੇ ਘਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ 5 ਮਹਿਲਾਵਾਂ, 4 ਮਰਦ ਅਤੇ 10 ਤੋਂ 13 ਸਾਲ ਦੇ ਦੋ ਬੱਚੇ ਹਨ।
ਜਿਸ ਥਾਂ ਇਹ ਗੈਸ ਲੀਕ ਹੋਈ, ਉਥੇ ਨੇੜੇ-ਤੇੜੇ ਰਹਿੰਦੇ ਲੋਕਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 35-40 ਵੀ ਹੋ ਸਕਦੀ ਹੈ। 10 ਤੋਂ ਵੱਧ ਲੋਕ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਗੈਸ ਲੀਕ ਹੋਣ ਵਾਲੀ ਥਾਂ ਦਾ 300 ਮੀਟਰ ਘੇਰੇ ਵਾਲਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਗੈਸ ਲੀਕ ਹੋਣ ਦੀ ਸੂਚਨਾ ਮਿਲਦੇ ਹੀ ਪੁਲਸ ਤੇ ਐੱਨ ਡੀ ਆਰ ਐੱਫ਼ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ, ਜਿਨ੍ਹਾਂ ਫੈਕਟਰੀ ਵਿੱਚ ਗੈਸ ਲੀਕ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਜ਼ਿਕਰਯੋਗ ਹੈ ਕਿ 29 ਅਪ੍ਰੈਲ ਦੀ ਸ਼ਾਮ ਅਤੇ ਰਾਤ ਨੂੰ ਵੀ ਕਾਫੀ ਮੀਂਹ ਪਿਆ ਅਤੇ 30 ਅਪ੍ਰੈਲ ਦੀ ਸਵੇਰ ਨੂੰ ਵੀ ਕਾਫੀ ਮੀਂਹ ਪਿਆ। ਇਸ ਬਾਰਿਸ਼ ੇ ਦੌਰਾਨ ਹੀ ਮੌਤ ਗੈਸ ਬਣ ਕੇ ਆਈ ਅਤੇ ਬਹੁਤ ਸਾਰੇ ਘਰਾਂ ਵਿਚ ਹਨੇਰਾ ਕਰ ਗਈ। ਐੱਮ ਐੱਲ ਏ ਪੱਪੀ ਪਰਾਸ਼ਰ, ਐੱਮ ਐੱਲ ਏ ਰਾਜਿੰਦਰ ਪਾਲ ਕੌਰ ਛੀਨਾ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਹੋਰ ਕਈ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਲੋਕਾਂ ਨੂੰ ਹੌਸਲਾ ਦੇਣ ਦੇ ਨਾਲ-ਨਾਲ ਇਹ ਭਰੋਸਾ ਵੀ ਦੁਆਇਆ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਸਰਕਾਰ ਨੇ ਮਿ੍ਰਤਕਾਂ ਦੇ ਆਸ਼ਰਿਤਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਰੂਪ ਵਿੱਚ ਬਿਮਾਰ ਹੋਏ ਅਤੇ ਇਲਾਜ ਅਧੀਨ ਪੀੜਤਾਂ ਨੂੰ 50,000 ਰੁਪਏ ਦੀ ਰਾਸ਼ੀ ਅਤੇ ਮੁਫ਼ਤ ਇਲਾਜ ਕੀਤਾ ਜਾਵੇਗਾ। ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਦਿੱਤੀ। ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਲੁਧਿਆਣਾ ਪੁਲਸ ਨੇ ਮਾਮਲੇ ਦੀ ਅਗਲੇਰੀ ਜਾਂਚ ਲਈ ਅਣਪਛਾਤੇ ਵਿਅਕਤੀਆਂ ਖਿਲਾਫ ਐੱਫ ਆਈ ਆਰ ਦਰਜ ਕਰ ਲਈ ਹੈ।