ਸ਼ਿਮਲਾ : ਗਰਮੀਆਂ ਵਿਚ 15 ਅਪ੍ਰੈਲ ਤੋਂ ਲੈ ਕੇ 15 ਜੂਨ ਤੱਕ ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਟਰੈਫਿਕ ਦਾ ਬੁਰਾ ਹਾਲ ਹੁੰਦਾ ਹੈ। ਇਸ ਦੇ ਇਲਾਜ ਵਜੋਂ ਪੁਲਸ ਸ਼ਿਮਲਾ ਦੇ ਐਂਟਰੀ ਪੁਆਇੰਟਾਂ ’ਤੇ ਗੱਡੀਆਂ ਨੂੰ 5 ਤੋਂ 10 ਮਿੰਟਾਂ ਤੱਕ ਰੋਕਣ ਦਾ ਤਜਰਬਾ ਕਰ ਰਹੀ ਹੈ। ਚੰਡੀਗੜ੍ਹ ਵੱਲੋਂ ਆਉਣ ਵਾਲੀਆਂ ਗੱਡੀਆਂ ਨੂੰ ਸ਼ੋਘੀ, ਉਪਰਲੇ ਸ਼ਿਮਲਾ/ ਕਨੌਰ ਤੋਂ ਆਉਣ ਵਾਲੀਆਂ ਨੂੰ ਛਾਬਰਾ ਅਤੇ ਮੰਡੀ, ਕਾਂਗੜਾ ਤੇ ਹਮੀਰਪੁਰ ਵੱਲੋਂ ਆਉਣ ਵਾਲੀਆਂ ਨੂੰ ਹੀਰਾਨਗਰ ਵਿਖੇ ਰੋਕਿਆ ਜਾ ਰਿਹਾ ਹੈ। ਐੱਸ ਪੀ ਸੰਜੀਵ ਕੁਮਾਰ ਗਾਂਧੀ ਮੁਤਾਬਕ ਸ਼ਹਿਰ ਦੀਆਂ ਸੜਕਾਂ ਕੰਢੇ ਲਗਭਗ 60 ਹਜ਼ਾਰ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ। ਹਫਤੇ ਦੇ ਅਖੀਰਲੇ ਦਿਨਾਂ ਵਿਚ ਔਸਤਨ ਲਗਭਗ 12 ਹਜ਼ਾਰ ਗੱਡੀਆਂ ਆਉਦੀਆਂ ਹਨ ਅਤੇ ਟੂਰਿਸਟ ਸੀਜ਼ਨ ਵਿਚ ਇਹ ਗਿਣਤੀ 26 ਹਜ਼ਾਰ ਤਕ ਪੁੱਜ ਜਾਂਦੀ ਹੈ। 16 ਥਾਂਵਾਂ ’ਤੇ ਟਰੈਫਿਕ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ। ਹੁਣ ਪੁਲਸ ਸ਼ੋਘੀ, ਛਾਬਰਾ ਤੇ ਹੀਰਾਨਗਰ ਵਿਚ ਟਰੈਫਿਕ ਲਾਈਟਾਂ ਲਾ ਰਹੀ ਹੈ, ਜਿਹੜੀਆਂ ਗੱਡੀਆਂ ਨੂੰ ਨਿਸਚਤ ਸਮੇਂ ਲਈ ਰੋਕਣਗੀਆਂ। ਗਾਂਧੀ ਨੇ ਦੱਸਿਆ ਕਿ ਸ਼ਿਮਲਾ ਦੀ ਸਾਹ-ਰਗ ਕੋਰਟ ਰੋਡ (ਸਰਕੂਲਰ ਰੋਡ) ਉੱਤੇ ਟਰੈਫਿਕ ਦੀ ਹਾਲਤ ਸੁਧਾਰਨ ਅਤੇ ਇੰਦਰਾ ਗਾਂਧੀ ਮੈਡੀਕਲ ਕਾਲਜ ਦੇ ਮਰੀਜ਼ਾਂ ਖਾਤਰ ਵਿਕਟਰੀ ਟਨਲ-ਸੰਜੌਲੀ ਰੋਡ ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਉਣ ਲਈ ਐਂਟਰੀ ਪੁਆਇੰਟਾਂ ’ਤੇ ਟਰੈਫਿਕ ਰੋਕਣਾ ਜ਼ਰੂਰੀ ਹੋ ਗਿਆ ਹੈ। ਸ਼ਹਿਰ ਦੇ ਵਿਚਕਾਰ ਵਿਕਟਰੀ ਟਨਲ ਤੋਂ ਤਿੰਨ ਪਾਸਿਓਂ ਹਰ ਮਿੰਟ ’ਚ 50 ਗੱਡੀਆਂ ਲੰਘਦੀਆਂ ਹਨ, ਜਦਕਿ ਇਕ ਵਾਰ ਵਿਚ ਲਗਭਗ 20 ਲੰਘ ਸਕਦੀਆਂ ਹਨ। ਬਾਕੀ ਟਰੈਫਿਕ ਜਾਮ ਕਰ ਦਿੰਦੀਆਂ ਹਨ। ਹਰ ਮਿੰਟ ਬਾਅਦ 10 ਗੱਡੀਆਂ ਲੰਘਾਉਣ ਨਾਲ ਟਰੈਫਿਕ ’ਚ ਸੁਧਾਰ ਹੋ ਸਕਦਾ ਹੈ। ਪੁਲਸ ਦੇ ਇਸ ਤਜਰਬੇ ਬਾਰੇ ਮਿਲੀ-ਜੁਲੀ ਪ੍ਰਤੀਕਿਰਿਆ ਹੋਈ ਹੈ। ਸੋਲਨ ਤੋਂ ਰੋਜ਼ਾਨਾ ਸ਼ਿਮਲਾ ਆਉਣ ਵਾਲੇ ਮਨੀਸ਼ ਨੇ ਕਿਹਾ ਕਿ ਉਸ ਨੂੰ ਸ਼ੁੱਕਰਵਾਰ 20 ਮਿੰਟ ਰੋਕਿਆ ਗਿਆ ਤੇ ਉਹ ਦਫਤਰ ਤੋਂ ਲੇਟ ਹੋ ਗਿਆ। ਪਹਿਲਾਂ 103 ਨੰਬਰ ਟਨਲ ਤੋਂ ਟਰੈਫਿਕ ਜਾਮ ਸ਼ੁਰੂ ਹੋ ਜਾਂਦਾ ਸੀ। ਹੁਣ ਤਾਰਾ ਦੇਵੀ ਵਿਖੇ ਗੱਡੀਆਂ ਰੋਕੀਆਂ ਜਾ ਰਹੀਆਂ ਹਨ। ਪਹਿਲਾ ਪ੍ਰਬੰਧ ਬਿਹਤਰ ਸੀ। ਸ਼ਿਮਲਾ ਵਿਚ ਰਹਿੰਦੇ ਰਾਜੀਵ ਨੇ ਕਿਹਾ ਕਿ ਸ਼ਹਿਰ 15 ਹਜ਼ਾਰ ਦੀ ਆਬਾਦੀ ਲਈ ਬਣਾਇਆ ਗਿਆ ਸੀ, ਪਰ ਹੁਣ ਇਥੇ ਤਿੰਨ ਲੱਖ ਲੋਕ ਰਹਿ ਰਹੇ ਹਨ। ਗੱਡੀਆਂ ਵੀ ਕਈ ਗੁਣਾ ਵਧ ਗਈਆਂ ਹਨ।
ਫਰਵਰੀ 2021 ਵਿਚ ਵੇਲੇ ਦੇ ਐੱਸ ਪੀ ਮੋਹਿਤ ਚਾਵਲਾ ਨੇ ਕਿਹਾ ਸੀ ਕਿ ਸ਼ਹਿਰ ਵਿਚ ਲਗਭਗ ਇਕ ਲੱਖ 20 ਹਜ਼ਾਰ ਰਜਿਸਟਰਡ ਮੋਟਰ ਗੱਡੀਆਂ ਹਨ, ਜਦਕਿ ਪਾਰਕਿੰਗ ਸਮਰੱਥਾ ਢਾਈ ਤੋਂ ਪੰਜ ਹਜ਼ਾਰ ਦੀ ਹੈ।