ਸ਼ਾਹਕੋਟ, (ਗਿਆਨ ਸੈਦਪੁਰੀ)
ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਤਰਕਸ਼ੀਲ ਸੁਸਾਇਟੀ ਪੰਜਾਬ, ਟੈਕਨੀਕਲ ਸਰਵਿਸ ਯੂਨੀਅਨ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਸਾਂਝੇ ਤੌਰ ’ਤੇ ਮਨਾਏ ਗਏ ਕੌਮਾਂਤਰੀ ਮਜ਼ਦੂਰ ਦਿਵਸ ਦਾ ਸੰਦੇਸ਼ ਦੁਨੀਆ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ ਨਾਹਰੇ ਨੂੰ ਸਾਰਥਿਕ ਬਣਾ ਗਿਆ। ਇਸ ਸਾਂਝੇ ਸਮਾਗਮ ਵਿੱਚ ਰਸਮੀ ਜਿਹੀਆਂ ਤਕਰੀਰਾਂ ਨਾਲੋਂ ਕਿਸਾਨਾਂ ਤੇ ਮਜ਼ਦੂਰਾਂ ਦੀ ਹਕੀਕੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਹੋਈਆਂ। ਆਗੂਆਂ ਨੇ ਪੱਥਰ ਯੁੱਗ ਤੋਂ ਲੈ ਕੇ ਮੌਜੂਦਾ ਪੂੰਜੀਵਾਦ ਦੌਰ ਤੱਕ ਕਿਰਤੀ ਲੋਕਾਂ ਦੀਆਂ ਮੁਸ਼ਕਲਾਂ ਇੱਕੋ ਜਿਹੀਆਂ ਤੇ ਵਿਸ਼ਵ-ਵਿਆਪੀ ਹੋਣ ਦੇ ਇਤਿਹਾਸ ਨੂੰ ਵਿਸਥਾਰ ਨਾਲ ਬਿਆਨਿਆ ਤਾਂ ਗਦਰੀ ਬਾਬਿਆ ਦੀ ਇੱਕ ਖਾਸ ਕਵਿਤਾ ਨੇ ਜ਼ਿਹਨ ਮੱਲ ਲਿਆ, ‘ਦੇਸ ਪੈਣ ਧੱਕੇ ਪ੍ਰਦੇਸ ਢੋਈ ਨਾ, ਸਾਡਾ ਪ੍ਰਦੇਸੀਆਂ ਦਾ ਦੇਸ ਕੋਈ ਨਾ…..।’ ਇਨ੍ਹਾਂ ਸਤਰਾਂ ਵਿੱਚੋਂ ‘ਪ੍ਰਦੇਸੀਆਂ’ ਸ਼ਬਦ ਹਟਾ ਕੇ ‘ਕਿਰਤੀਆਂ’ ਲਿਖ ਦੇਈਆ ਤਾਂ ਕਵਿਤਾ ਦਾ ਇਹ ਬੰਦ ਅਜੋਕੇ ਦੌਰ ਵਿੱਚ ਕਿਰਤੀ ਵਰਗ ਦੀ ਸਥਿਤੀ ’ਤੇ ਪੂਰੀ ਤਰਾਂ ਢੁਕਦਾ ਹੈ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸੁਖਜਿੰਦਰ ਲਾਲੀ ਨੇ ਸਮਾਗਮ ਦਾ ਆਗਾਜ਼ ਕਰਨ ਲਈ ਸ਼ਿਵਦਿਆਲ ਰਸੂਲਪੁਰ ਨੂੰ ਮੰਚ ’ਤੇ ਬੁਲਾਇਆ। ਰਸੂਲਪੁਰ ਨੇ ‘ਜਦੋਂ ਲਿਖੀਏ ਹਾਲ ਮਜ਼ਦੂਰਾਂ ਦਾ, ਦਿਲ ਟੁਕੜੇ-ਟੁਕੜੇ ਹੋ ਜਾਂਦਾ’ ਗੀਤ ਰਾਹੀ ਮਜ਼ਦੂਰਾਂ ਦੀ ਤਰਾਸਦਿਕ ਹਾਲਤ ਨੂੰ ਬਿਆਨ ਕੀਤਾ। ਇਸੇ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਪਾਲ ਬਿੱਟਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸੁਖਵਿੰਦਰ ਬਾਗਪੁਰ, ਟੀ ਐੱਸ ਯੂ ਦੇ ਆਗੂ ਮਲਕੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਬਲਕਾਰ ਸਿੰਘ ਫਾਜਲਵਾਲ ਅਤੇ ਡੀ ਟੀ ਐੱਫ ਦੇ ਆਗੂ ਅਵਤਾਰ ਲਾਲ ਪ੍ਰਧਾਨਗੀ ਮੰਡਲ ਦੇ ਰੂਪ ਵਿੱਚ ਸਟੇਜ ’ਤੇ ਬਿਰਾਜਮਾਨ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ ਨੇ ਕਿਹਾ ਕਿ ਮਹਾਨ ਆਗੂ ਕਾਰਲ ਮਾਰਕਸ ਨੇ ‘ਦੁਨੀਆ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ’ ਦਾ ਨਾਹਰਾ ਦਿੱਤਾ ਸੀ। ਇਸ ਦਾ ਭਾਵ ਸੀ ਕਿ ਪੂਰੀ ਦੁਨੀਆ ਵਿੱਚ ਕਿਰਤ ਦੀ ਲੁੱਟ ਕਰਨ ਵਾਲੇ ਇੱਕਮਿੱਕ ਹਨ। ਉਨ੍ਹਾਂ ਦੀ ਲੁੱਟ ਨੂੰ ਖੁੰਢਾ ਕਰਨ ਲਈ ਲੁੱਟੇ ਜਾਣ ਵਾਲਿਆਂ ਦੀ ਏਕਤਾ ਵੀ ਜ਼ਰੂਰੀ ਹੈ। ਮਾਰਕਸ ਨੇ ਇਹ ਵੀ ਕਿਹਾ ਸੀ ਕਿ ਕਿਰਤੀਆਂ ਦਾ ਕੋਈ ਦੇਸ਼ ਨਹੀਂ ਹੁੰਦਾ। ਮਾਲੜੀ ਨੇ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਅੱਜ ਪੰਜਾਬ ਵਿੱਚੋਂ ਹੀ ਲੱਖਾਂ ਲੋਕ ਕਿਰਤ ਕਰਨ ਲਈ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਰੋਜ਼ੀ-ਰੋਟੀ ਕਮਾ ਰਹੇ ਹਨ। ਉਨ੍ਹਾ ਕਿਹਾ ਕਿ ਪੱਥਰ ਯੁੱਗ, ਗੁਲਾਮਦਾਰੀ ਯੁੱਗ, ਜਗੀਰਦਾਰੀ ਯੁੱਗ ਅਤੇ ਪੂੰਜੀਵਾਦੀ ਯੁੱਗ ਕਿਸੇ ਇੱਕ ਮੁਲਕ ਵਿੱਚ ਨਹੀਂ, ਸਗੋਂ ਪੂਰੀ ਦੁਨੀਆਂ ਦਾ ਵਰਤਾਰਾ ਹੈ। ਹਰ ਯੁੱਗ ਵਿੱਚ ਕਿਰਤੀਆਂ ਦੀ ਲੁੱਟ ਵਧਦੀ ਹੀ ਗਈ। ਇਸ ਸੰਸਾਰ ਵਿਆਪੀ ਲੁੱਟ ਦੇ ਖਾਤਮੇ ਲਈ ਕਿਰਤੀ ਵਰਗ ਦੀ ਸਾਂਝ ਜ਼ਰੂਰੀ ਹੈ। ਇਹ ਸਾਂਝ ਹੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਵੇਗੀ।
ਹਰਮੇਸ਼ ਮਾਲੜੀ ਨੇ ਪੰਜਾਬ ਦੇ ਵਾਤਾਵਰਨ ਦਾ ਖਰਾਬ ਹੋਣਾ, ਪਾਣੀਆਂ ਦੇ ਗੰਧਲੇਪਣ, ਪੰਜਾਬ ਦੇ ਭਵਿੱਖ ਵਿੱਚ ਬੰਜਰ ਹੋ ਜਾਣ ਦੇ ਖਦਸ਼ੇ, ਵਧਦੀ ਹੋਈ ਮਹਿੰਗਾਈ, ਬੇਕਾਬੂ ਹੋ ਰਹੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਵਗਦੇ ਦਰਿਆ ਸੰਬੰਧੀ ਫਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਭ ਪੂੰਜੀਵਾਦ ਦੀ ਦੇਣ ਹੈ। ਪੂੰਜੀਵਾਦ ਦੇ ਖਾਤਮੇ ਲਈ ਸਭ ਤਰ੍ਹਾਂ ਦੇ ਕਿਰਤੀਆਂ ਦਾ ਏਕਾ ਜ਼ਰੂਰੀ ਹੈ।
ਸਮਾਗਮ ਦੇ ਸ਼ੁਰੂ ਵਿੱਚ ਬੀਤੇ ਐਤਵਾਰ ਲੁਧਿਆਣਾ ਵਿੱਚ ਗੈਸ ਰਿਸਣ ਨਾਲ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮਿ੍ਰਤਕਾਂ ਦੇ ਆਸ਼ਰਤਾਂ ਲਈ ਐਲਾਨੀ ਗਈ ਸਹਾਇਤਾ ਰਾਸ਼ੀ ਵਿੱਚ ਵਾਧਾ ਕਰਨ ਦੀ ਮੰਗ ਵੀ ਕੀਤੀ ਗਈ। ਸਮਾਗਮ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਮੋਹਣ ਸਿੰਘ ਬੱਲ, ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਦੇ ਜਥੇਬੰਦਕ ਮੁਖੀ ਪਿ੍ਰੰਸੀਪਲ ਮਨਜੀਤ ਸਿੰਘ ਮਲਸੀਆਂ, ਡੀ ਟੀ ਐੱਫ ਦੇ ਆਗੂ ਗੁਰਮੀਤ ਕੋਟਲੀ ਤੇ ਟੀ ਐੱਸ ਯੂ ਦੇ ਆਗੂ ਰੁਪਿੰਦਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਬਲਵੰਤ ਸਿੰਘ ਮਲਸੀਆਂ, ਤਰਕਸ਼ੀਲ ਆਗੂ ਜਿੰਦਰ ਬਾਗਪੁਰ ਤੇ ਬਿੱਟੂ ਰੂਪੇਵਾਲੀ, ਮਾਸਟਰ ਗੁਰਮੱਖ ਸਿੰਘ ਸਿੱਧੂ, ਦਲਬਾਰਾ ਸਿੰਘ ਰੂਪੇਵਾਲੀ, ਕਿਸਾਨ ਆਗੂ ਗੁਰਦੇਵ ਸਿੰਘ ਨਵਾਂ ਕਿਲ੍ਹਾ, ਹਰਨੇਕ ਮਾਲੜੀ ਤੇ ਮਨਜੀਤ ਸਾਬੀ ਆਦਿ ਸ਼ਾਮਲ ਸਨ।