ਚੰਡੀਗੜ੍ਹ : ਪ੍ਰਸਿੱਧ ਨਾਵਲਕਾਰ ਜਸਪਾਲ ਮਾਨਖੇੜਾ ਦੀ ਰਚਿਤ ਪੁਸਤਕ ‘ਰੋਹੀ ਦਾ ਲਾਲ-ਹਰਦੇਵ ਅਰਸ਼ੀ’ (ਜੀਵਨੀ) ਦਾ ਰਿਲੀਜ਼ ਸਮਾਗਮ ਅਤੇ ਵਿਚਾਰ-ਚਰਚਾ ਬੁੱਧਵਾਰ ਸਵੇਰੇ 10 ਵਜੇ ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਵਿਚ ਹੋਵੇਗੀ। ਪੁਸਤਕ ਨੂੰ ਰਿਲੀਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ। ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਨਾਮਵਰ ਪੱਤਰਕਾਰ ਜਤਿੰਦਰ ਪਨੂੰ ਕਰਨਗੇ। ਜੀ ਆਇਆਂ ਸ਼ਬਦ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਕਰਨਗੇ। ਸੀ ਪੀ ਆਈ ਦੀ ਪੰਜਾਬ ਇਕਾਈ ਦੇ ਕਾਰਜਕਾਰੀ ਸਕੱਤਰ ਨਿਰਮਲ ਸਿੰਘ ਧਾਲੀਵਾਲ ਉਦਘਾਟਨੀ ਸ਼ਬਦ ਕਹਿਣਗੇ। ਮੁੱਖ ਪਰਚਾ ਪ੍ਰਸਿੱਧ ਮਾਰਕਸਵਾਦੀ ਵਿਦਵਾਨ ਡਾ. ਸੁਖਦੇਵ ਸਿੰਘ ਸਿਰਸਾ ਪੜ੍ਹਨਗੇ। ਪੁਸਤਕ ਬਾਰੇ ਲੇਖਕ ਜਸਪਾਲ ਮਾਨਖੇੜਾ ਅਤੇ ਪੁਸਤਕ ਦੇ ਮੁੱਖ ਪਾਤਰ ਹਰਦੇਵ ਅਰਸ਼ੀ ਸਾਬਕਾ ਐੱਮ ਐੱਲ ਏ ਵੀ ਵਿਚਾਰ ਪ੍ਰਗਟ ਕਰਨਗੇ। ਬੁੱਧਵਾਰ ਜਲੰਧਰ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਸਦਕਾ ਸਮਾਗਮ ਦਾ ਸਮਾਂ ਸਵੇਰੇ 11 ਵਜੇ ਦੀ ਥਾਂ 10 ਵਜੇ ਕਰ ਦਿੱਤਾ ਗਿਆ ਹੈ।