ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਪਟਿਆਲਾ ਦੇ ਨਵੇਂ ਅੱਤ-ਆਧੁਨਿਕ ਬੱਸ ਅੱਡੇ ਦਾ ਉਦਘਾਟਨ ਕੀਤਾ। ਇਸ ਦੀ ਉਸਾਰੀ ’ਤੇ 60.97 ਕਰੋੜ ਰੁਪਏ ਖਰਚੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਵਰਗੇ ਹੀ ਹੋਰ ਬੱਸ ਅੱਡੇ ਬਣਾਏ ਜਾਣਗੇ।
ਮਾਨ ਨੇ ਕਿਹਾ ਕਿ ਜਲੰਧਰ ਦੇ ਵੋਟਰਾਂ ਨੇ ਸੂਬਾ ਸਰਕਾਰ ਦੀਆਂ ਵਿਕਾਸਮੁਖੀ ਨੀਤੀਆਂ ਦੇ ਹੱਕ ਵਿੱਚ ਫਤਵਾ ਦੇ ਕੇ ਰਵਾਇਤੀ ਪਾਰਟੀਆਂ ਦੇ ਨਾਂਹ-ਪੱਖੀ ਅਤੇ ਨਫ਼ਰਤੀ ਰਾਜਨੀਤੀ ਦੇ ਪ੍ਰਾਪੇਗੰਡਾ ਨੂੰ ਰੱਦ ਕੀਤਾ।
ਉਨ੍ਹਾ ਕਿਹਾ ਕਿ ਸਾਡੀ ਪਾਰਟੀ ਨੇ ਵਿਕਾਸ ਦੇ ਨਾਂਅ ਉਤੇ ਵੋਟਾਂ ਮੰਗੀਆਂ ਸਨ, ਜਦੋਂ ਕਿ ਵਿਰੋਧੀਆਂ ਨੇ ਜਾਤ ਤੇ ਫਿਰਕਿਆਂ ਦੇ ਨਾਂਅ ਉਤੇ ਵੋਟਾਂ ਮੰਗੀਆਂ। ਜਲੰਧਰ ਦੇ ਲੋਕਾਂ ਨੇ ਸੂਬਾ ਸਰਕਾਰ ਦੇ ਹੱਕ ਵਿੱਚ ਵੱਡਾ ਫਤਵਾ ਦੇ ਕੇ ਵਿਰੋਧੀਆਂ ਨੂੰ ਚੁੱਪ ਕਰਵਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਜ਼ਿੱਦੀ ਆਗੂ ਪਿਛਲੇ ਕਈ ਦਹਾਕਿਆਂ ਤੋਂ ਸੱਤਾ ਵਿੱਚ ਰਹਿਣ ਕਾਰਨ ਹੰਕਾਰੀ ਹੋ ਗਏ ਸਨ। ਉਨ੍ਹਾ ਕਿਹਾ ਕਿ ਇਹ ਆਗੂ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਭਰਮਾ ਰਹੇ ਸਨ, ਪਰ ਹੁਣ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾਇਆ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਆਪਣੇ ਜੱਦੀ ਸ਼ਹਿਰ ਵਿੱਚ ਨਹੀਂ ਆਏ। ਉਹ ਕਾਰਜਭਾਰ ਸੰਭਾਲਣ ਤੋਂ ਬਾਅਦ ਇਸ ਸ਼ਾਹੀ ਸ਼ਹਿਰ ਵਿੱਚ ਮਹਾਰਾਜਾ ਪਟਿਆਲਾ ਦੇ ਸਮੁੱਚੇ ਕਾਰਜਕਾਲ ਵਿੱਚ ਮਾਰੇ ਗੇੜਿਆਂ ਨਾਲੋਂ ਵੱਧ ਵਾਰ ਆਏ ਹਨ। ਉਨ੍ਹਾ ਕਿਹਾ ਕਿ ਇਸੇ ਤਬਦੀਲੀ ਲਈ ਲੋਕਾਂ ਨੇ ਵਿਕਾਸ-ਪੱਖੀ ਸਰਕਾਰ ਨੂੰ ਚੁਣਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਇਸ ਗੱਲੋਂ ਵੈਰ ਰੱਖਦੀਆਂ ਹਨ, ਕਿਉਂਕਿ ਉਹ ਆਮ ਪਰਵਾਰ ਨਾਲ ਸੰਬੰਧਤ ਹਨ। ਇਹ ਆਗੂ ਸਮਝਦੇ ਸਨ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਰਾਜ ਕਰਨ ਦਾ ਦੈਵੀ ਅਧਿਕਾਰ ਹੈ, ਇਸ ਕਾਰਨ ਹੀ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਕ ਆਮ ਆਦਮੀ ਪੰਜਾਬ ਦਾ ਕੰਮਕਾਜ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾ ਰਿਹਾ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੰਮੇ ਸਮੇਂ ਤੋਂ ਲੋਕਾਂ ਨੂੰ ਮੂਰਖ ਬਣਾਇਆ, ਪਰ ਹੁਣ ਲੋਕ ਗੰੁਮਰਾਹਕੁਨ ਪ੍ਰਚਾਰ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਸਿਰਫ ਸੂਬੇ ਦੇ ਲੋਕਾਂ ਪ੍ਰਤੀ ਜਵਾਬਦੇਹ ਹਨ, ਨਾ ਕਿ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਪੁਰਖਿਆਂ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਜਨਰਲ ਡਾਇਰ ਨੂੰ ਸਨਮਾਨਤ ਕੀਤਾ ਸੀ। ਜਿਹੜੇ ਆਗੂ ਡਰੱਗ ਮਾਫੀਆ ਦੀ ਸਰਪ੍ਰਸਤੀ ਕਰਦੇ ਰਹੇ ਹਨ ਅਤੇ ਇਸ ਸਮੇਂ ਆਪਣੇ ਗੁਨਾਹਾਂ ਲਈ ਜ਼ਮਾਨਤ ’ਤੇ ਹਨ, ਉਨ੍ਹਾਂ ਨੂੰ ਕੋਈ ਵੀ ਸਵਾਲ ਪੁੱਛਣ ਦਾ ਨੈਤਿਕ ਹੱਕ ਨਹੀਂ।
ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਅਖੌਤੀ ਕਾਨਵੈਂਟ ਸਕੂਲਾਂ ਦੇ ਪੜ੍ਹੇ-ਲਿਖੇ ਲੀਡਰਾਂ ਨੂੰ ਕਿਸੇ ਨਾਲ ਗੱਲ ਕਰਨ ਦਾ ਸਲੀਕਾ ਵੀ ਨਹੀਂ, ਜਿਸ ਕਾਰਨ ਉਹ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰਦੇ ਹਨ, ਜੋ ਕਿ ਅਣਉਚਿਤ ਅਤੇ ਗੈਰਵਾਜਬ ਹੈ।
ਉਨ੍ਹਾ ਇਹ ਐਲਾਨ ਕੀਤਾ ਕਿ ਝੋਨੇ ਦੇ ਸੀਜ਼ਨ ਵਿਚ ਨਹਿਰਾਂ ਦਾ ਪਾਣੀ ਜ਼ਿਆਦਾ ਛੱਡਿਆ ਜਾਵੇਗਾ। ਉਨ੍ਹਾ ਕਿਹਾ ਕਿ ਰੰਗਾਂ ਵਾਲੇ ਅਸ਼ਟਾਮ ਚਲਾ ਰਹੇ ਹਾਂ, ਨਵੀਂਆਂ ਬਣੀਆਂ ਕਲੋਨੀਆਂ ਵਿਚ ਪਲਾਟ ਲੈਣ ਵੇਲੇ ਲੋਕ ਦੇਖਣ ਕਿ ਕਿਹੜੇ ਰੰਗ ਦਾ ਅਸ਼ਟਾਮ ਲੱਗਾ ਹੈ, ਜੇ ਰੰਗ ਨਾ ਸਹੀ ਹੋਇਆ, ਇਸ ਦਾ ਭਾਵ ਹੈ ਕਿ ਉਹ ਕਲੋਨੀ ਨਾਜਾਇਜ਼ ਹੈ। ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਵਿਚ ਇਕ ਡਰਾਈਵਿੰਗ ਸਕੂਲ ਲੰਬੀ ਕੋਲ ਮਹੂਆਣਾ ਵਿਚ ਹੈ, ਪਰ ਹੁਣ ਫੈਸਲਾ ਕੀਤਾ ਹੈ ਕਿ ਇਕ ਹੋਰ ਡਰਾਈਵਿੰਗ ਸਕੂਲ ਅਮਰਗੜ੍ਹ ਕੋਲ ਪਿੰਡ ਤੋਲਾਵਾਲ ਵਿਚ ਬਣਾਇਆ ਜਾਵੇ ਤੇ ਇਸੇ ਤਰ੍ਹਾਂ ਮਾਝੇ ਤੇ ਦੁਆਬੇ ਵਿਚ ਵੀ ਡਰਾਈਵਿੰਗ ਸਕੂਲ ਖੋਲ੍ਹਿਆ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਲਾਲਜੀਤ ਸਿੰਘ ਭੁੱਲਰ ਅਤੇ ਡਾ: ਬਲਬੀਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।