ਜਲੰਧਰ : ਪੰਜਾਬ ਪੁਲਸ ਦੇ ਹੌਲਦਾਰ ਨੇ ਔਰਤ ਨੂੰ ਉਸ ਵੇਲੇ ਥੱਪੜ ਮਾਰ ਦਿੱਤਾ ਜਦੋਂ ਉਹ ਬੁੱਧਵਾਰ ਦਿੱਲੀ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰ ਰਹੀ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਂਬਰੀ ਵਿਖੇ ਪੁਲਸ ਮੁਲਾਜ਼ਮ ਵੱਲੋਂ ਮਹਿਲਾ ਨੂੰ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵਾਇਰਲ ਵੀਡਿਓ ’ਚ ਪੰਜਾਬ ਪੁਲਸ ਦੇ ਮੁਲਾਜ਼ਮ ਬਜ਼ੁਰਗ ਨਾਲ ਕਥਿਤ ਦੁਰਵਿਵਹਾਰ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਪੱਗ ਵੀ ਲਾਹ ਦਿੱਤੀ ਗਈ। ਵੀਡੀਓ ’ਚ ਔਰਤ ਚੀਕਦੀ ਨਜ਼ਰ ਆ ਰਹੀ ਹੈ ਕਿ ਉਸ ਬਜ਼ੁਰਗ ਨੂੰ ਛੱਡ ਦਿਓ ਕਿਉਂਕਿ ਉਹ ਬਿਮਾਰ ਹੈ। ਇਸੇ ਦੌਰਾਨ ਥੱਪੜ ਮਾਰਨ ਵਾਲੇ ਪੁਲਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਬਟਾਲਾ ਦੇ ਐੱਸ ਪੀ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਮੁਆਵਜ਼ਾ ਮਿਲ ਗਿਆ ਹੈ ਅਤੇ ਉਹ ਕਿਸਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖ ਕੇ ਦੇ ਗਏ ਹਨ ਕਿ ਉਨ੍ਹਾਂ ਦੀ ਜ਼ਮੀਨ ਐਕੁਆਇਰ ਕਰ ਲਈ ਜਾਵੇ, ਪਰ ਇਸ ਦੇ ਬਾਵਜੂਦ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਕੁਝ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਸਾਸਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਧਰਨਾ ਨਾ ਦੇਣ ਲਈ ਸਮਝਾਇਆ ਗਿਆ ਸੀ, ਪਰ ਕਿਸਾਨਾਂ ਨੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਕੁਝ ਪੁਲਸ ਕਰਮਚਾਰੀਆਂ ਅਤੇ ਡੀ ਐੱਸ ਪੀ ਸ੍ਰੀਹਰਗੋਬਿੰਦਪੁਰ ਗੁਰਿੰਦਰਬੀਰ ਸਿੰਘ ਦੇ ਮੱਥੇ ’ਤੇ ਸੱਟ ਲੱਗ ਗਈ। ਔਰਤ ਨੂੰ ਥੱਪੜ ਮਾਰਨ ਦੀ ਵੀਡੀਓ ਬਾਰੇ ਉਨ੍ਹਾ ਕਿਹਾ ਕਿ ਉਕਤ ਔਰਤ ਨੇ ਪਹਿਲਾਂ ਮੁਲਾਜ਼ਮ ਨਾਲ ਗਾਲੀ-ਗਲੋਚ ਕਰਕੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ। ਕਰਮਚਾਰੀ ਨੇ ਆਪਣੇ ਬਚਾਅ ’ਚ ਥੱਪੜ ਮਾਰ ਦਿੱਤਾ। ਪੁਲਸ ਦੀ ਕਾਰਵਾਈ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਰੇਲ ਰੋਕੋ ਅੰਦੋਲਨ ਦੇ ਮਹਿਜ਼ 3 ਘੰਟਿਆਂ ਬਾਅਦ ਸਰਕਾਰ ਨੇ ਕਿਸਾਨਾਂ ਨਾਲ 24 ਮਈ ਨੂੰ ਮੀਟਿੰਗ ਦਾ ਸਮਾਂ ਦੇ ਕੇ ਭਰੋਸਾ ਦਿਤਾ ਕਿ ਆਰਬੀਟਰੇਸ਼ਨ ਦੇ ਮੁਆਵਜ਼ੇ ਸੰਬੰਧੀ ਫ਼ੈਸਲੇ ਤੋਂ ਪਹਿਲਾਂ ਕਿਤੇ ਵੀ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਕਬਜ਼ਾ ਲੈਣ ਨਹੀਂ ਆਉਣਗੇ। ਕਿਸਾਨਾਂ ਨੇ ਵੀਰਵਾਰ ਜਲੰਧਰ ਕੈਂਟ, ਅੰਮਿ੍ਰਤਸਰ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ ਤੇ ਮੋਗਾ ਜ਼ਿਲ੍ਹਿਆਂ ’ਚ ਰੇਲ ਟਰੈਕ ਜਾਮ ਕੀਤਾ।