ਜਲੰਧਰ : ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਲਸ ਮੰਚ ਦੇ ਬਾਨੀ ਪ੍ਰਧਾਨ, ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਧੀ ਅਤੇ ਜਮਹੂਰੀ ਹੱਕਾਂ ਦੀ ਬੁਲੰਦ ਆਵਾਜ਼ ਡਾ. ਨਵਸ਼ਰਨ ਨੂੰ ਮੋਦੀ ਹਕੂਮਤ ਦੁਆਰਾ ਮਾਨਸਿਕ ਪੀੜਾ ਦੇਣ ਅਤੇ ਝੂਠੇ ਕੇਸਾਂ ’ਚ ਫਸਾਉਣ ਲਈ ਹੋਛੇ ਹੱਥਕੰਡੇ ਅਪਣਾਏ ਜਾਣ ਦਾ ਕੈਨੇਡਾ ਦੀਆਂ ਸਾਹਿਤ ਅਤੇ ਕਲਾ ਜਗਤ ਨਾਲ ਜੁੜੀਆਂ ਦਰਜਨਾਂ ਸੰਸਥਾਵਾਂ ਨੇ ਡਟਵਾਂ ਵਿਰੋਧ ਕਰਦਿਆਂ ਡਾ. ਨਵਸ਼ਰਨ ਦੇ ਹੱਕ ’ਚ ਜ਼ੋਰਦਾਰ ਆਵਾਜ਼ ਬੁਲੰਦ ਕਰਦੇ ਹੋਏ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਤੁਰੰਤ ਅਜਿਹੇ ਕਾਰੇ ਕਰਨੇ ਬੰਦ ਕਰੇ। ਅਲਾਇੰਸ ਫਾਰ ਏ ਸੈਕੂਲਰ ਐਂਡ ਡੈਮੋਕਰੇਟਿਕ ਸਾਊਥ ਏਸ਼ੀਆ ਅਲਟਰਨੇਟਿਵਜ ਮਾਂਟਰੀਅਲ, ਅਲਟਰਨੇਟਿਵ ਇੰਟਰਨੈਸ਼ਨਲ ਸੈਂਟਰ ਟ੍ਰੈਵਲੀਅਰਜ਼ ਐਂਡ ਟ੍ਰੈਵਲੀਅਸ ਵਰਕਰਜ਼ ਸੈਂਟਰ ਮਾਂਟਰੀਅਲ, ਕਰਿਟੀਕਲ ਡਾਇਸਪੌਰਿਕ ਸਾਊਥ ਏਸ਼ੀਅਨ ਫੈਮੇਨਿਜ਼ਮਜ਼ ਇਨ ਸਾਊਥ ਏਸ਼ੀਆ (ਡੇਸਾ), ਵਿਨੀਪੈੱਗ, ਗੁਰਸ਼ਰਨ ਸਿੰਘ ਮੈਮੋਰੀਅਲ ਲੈਕਚਰ ਕਮੇਟੀ ਵੈਨਕੂਵਰ, ਇੰਡੀਆ ਸਿਵਲ ਵਾਚ ਇੰਟਰਨੈਸ਼ਨਲ, ਇੰਟਰਨੈਸ਼ਨਲ ਸਾਊਥ ਏਸ਼ੀਅਨ ਫੋਰਮ, ਜਸਟਿਸ ਫਾਰ ਆਲ ਕੈਨੇਡਾ, ਸੈਕੂਲਰ ਪੀਪਲਜ਼ ਐਸੋਸੀਏਸ਼ਨ, ਐਡਮਿੰਟਨ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਪ੍ਰੋਗਰੈਸਿਵ ਕਲਾ ਮੰਚ ਕੈਲਗਰੀ, ਪ੍ਰੋ-ਪੀਪਲ ਆਰਟਸ ਪ੍ਰੋਜੈਕਟ ਮੀਡੀਆ ਗਰੁੱਪ (ਸਰੋਕਾਰਾਂ ਦੀ ਆਵਾਜ਼) ਕੈਲਗਰੀ, ਪੰਜਾਬੀ ਲਿਟਰੇਰੀ ਐਂਡ ਕਲਚਰਲ ਐਸੋਸੀਏਸ਼ਨ ਵਿਨੀਪੈੱਗ, ਐੱਮ.ਬੀ. ਕਨੇਡਾ, ਰੰਗ ਕੁਲੈਕਟਿਵ, ਸਰੋਕਾਰਾਂ ਦੀ ਆਵਾਜ਼ ਟੋਰੰਟੋ, ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ, ਸਦਨ ਸਾਊਥ ਏਸ਼ੀਅਨ ਦਲਿਤ ਆਦਿਵਾਸੀ ਨੈੱਟਵਰਕ ਕੈਨੇਡਾ, ਸਦਾਕ (ਸਾਊਥ ਏਸ਼ੀਅਨ ਨੈੱਟਵਰਕ ਫਾਰ ਸੈਕੂਲੇਰਿਜ਼ਮ ਐਂਡ ਡੈਮੋਕਰੇਸੀ), ਸਾਊਥ ਏਸ਼ੀਅਨ ਡਾਇਸਪੋਰਾ ਐਕਸ਼ਨ ਕੁਲੈਕਟਿਵ ਵੈਨਕੂਵਰ, ਤਰਕਸ਼ੀਲ (ਰੈਸ਼ਨੇਲਿਸਟਸ) ਸੋਸਾਇਟੀ ਆਫ਼ ਕੈਨੇਡਾ ਅਤੇ ਤੀਸਰੀ ਦੁਨੀਆ ਥੀਏਟਰ ਨੇ ਮਿਲ ਕੇ ਕੈਨੇਡਾ ਅਤੇ ਦੁਨੀਆ ਭਰ ’ਚ ਦਸਤਖ਼ਤੀ ਮੁਹਿੰਮ ਚਲਾ ਕੇ ਸੱਦਾ ਦਿੱਤਾ ਹੈ ਕਿ ਉਹ ਕੌਮਾਂਤਰੀ ਮੰਚ ’ਤੇ ਜਾਣੀ-ਪਹਿਚਾਣੀ ਵਿਦਵਾਨ ਖੋਜੀ ਲੇਖਿਕਾ, ਸਮਾਜਿਕ ਅਤੇ ਜਮਹੂਰੀ ਕਾਰਕੁੰਨ ਦੇ ਹੱਕ ’ਚ ਬੇਖੌਫ਼ ਹੋ ਕੇ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ।