ਵਾਸ਼ਿੰਗਟਨ : ਕੈਲੀਫੋਰਨੀਆ ਜ਼ਿਲ੍ਹਾ ਅਦਾਲਤ ਦੀ ਜੱਜ ਜੈਕਲੀਨ ਚੁਲਜਿਅਨ ਵੱਲੋਂ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਭਾਰਤ ਨੂੰ ਹਵਾਲਗੀ ਦੀ ਇਜਾਜ਼ਤ ਦੇਣ ਦੇ ਨਾਲ ਭਾਰਤ ਨੇ 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਦੀ ਲੜਾਈ ’ਚ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਫਰਵਰੀ 2002 ਤੋਂ ਵਿਦੇਸ਼ੀ ਸਰਕਾਰਾਂ ਵੱਲੋਂ ਭਾਰਤ ਹਵਾਲੇ ਕੀਤੇ ਜਾਣ ਵਾਲੇ ਭਗੌੜਿਆਂ ਦੀ ਗਿਣਤੀ 60 ਹੋ ਗਈ ਹੈ।
ਅਦਾਲਤੀ ਕਾਰਵਾਈ ਦੌਰਾਨ ਅਮਰੀਕੀ ਸਰਕਾਰ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਰਾਣਾ ਨੂੰ ਪਤਾ ਸੀ ਕਿ ਉਸ ਦਾ ਬਚਪਨ ਦਾ ਦੋਸਤ ਡੇਵਿਡ ਕੋਲਮੈਨ ਹੈਡਲੀ ਲਸ਼ਕਰ-ਏ-ਤੌਈਬਾ ਨਾਲ ਕੰਮ ਕਰ ਰਿਹਾ ਸੀ। ਰਾਣਾ ਹੈਡਲੀ ਦੀਆਂ ਮੀਟਿੰਗਾਂ ਅਤੇ ਹਮਲੇ ਦੀ ਰਣਨੀਤੀ ਤੋਂ ਜਾਣੂ ਸੀ, ਜਿਸ ਵਿਚ ਕੁਝ ਨਿਸ਼ਾਨੇ ਵੀ ਸ਼ਾਮਲ ਸਨ। ਅਮਰੀਕੀ ਸਰਕਾਰ ਨੇ ਦਾਅਵਾ ਕੀਤਾ ਕਿ ਰਾਣਾ ਇਸ ਸਾਜ਼ਿਸ਼ ਦਾ ਹਿੱਸਾ ਸੀ ਅਤੇ ਇਸ ਤਰ੍ਹਾਂ ਉਸ ਨੇ ਅੱਤਵਾਦੀ ਕਾਰਵਾਈ ਕਰਨ ਦਾ ਗੁਨਾਹ ਕੀਤਾ ਸੀ। 26 ਨਵੰਬਰ 2008 ਨੂੰ ਮੁੰਬਈ ’ਚ ਲਸ਼ਕਰ ਦੇ ਅੱਤਵਾਦੀਆਂ ਨੇ ਗੋਲੀਬਾਰੀ ਅਤੇ ਬੰਬਾਰੀ ਕੀਤੀ ਸੀ। ਇਸ ਹਮਲੇ ’ਚ ਛੇ ਅਮਰੀਕੀ ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ ਸਨ ਤੇ ਕਰੀਬ 300 ਲੋਕ ਜ਼ਖਮੀ ਹੋ ਗਏ ਸਨ। ਹਮਲੇ ਕਈ ਦਿਨਾਂ ਤੱਕ ਜਾਰੀ ਰਹੇ।