ਅਮਰੀਕਾ ਨੇ ਪਾਕਿਸਤਾਨ ਨੂੰ ਟਾਇਲਟ ਪੇਪਰ ਵਾਂਗ ਵਰਤਿਆ : ਆਸਿਫ਼

0
9

ਇਸਲਾਮਾਬਾਦ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸਵੀਕਾਰ ਕੀਤਾ ਹੈ ਕਿ ਦੇਸ਼ ਨੇ ਅਤੀਤ ਵਿੱਚ, ਖਾਸ ਕਰਕੇ ਅਫਗਾਨ ਜੰਗਾਂ ਦੌਰਾਨ ਅਮਰੀਕਾ ਦੇ ਨਾਲ ਖੜ੍ਹੇ ਹੋ ਕੇ ਗੰਭੀਰ ਗਲਤੀਆਂ ਕੀਤੀਆਂ ਸਨ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਬੋਲਦਿਆਂ ਆਸਿਫ਼ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਆਪਣੀਆਂ ਰਣਨੀਤਕ ਲੋੜਾਂ ਲਈ ਵਰਤਿਆ ਅਤੇ ਆਪਣੇ ਟੀਚੇ ਹਾਸਲ ਕਰਨ ਤੋਂ ਬਾਅਦ ਉਸ ਨੂੰ ਬੇਸਹਾਰਾ ਛੱਡ ਦਿੱਤਾ। ਉਨ੍ਹਾ ਕਿਹਾ ਕਿ ਪਾਕਿਸਤਾਨ ਨਾਲ ਟਾਇਲਟ ਪੇਪਰ ਦੇ ਟੁਕੜੇ ਨਾਲੋਂ ਵੀ ਮਾੜਾ ਸਲੂਕ ਕੀਤਾ ਗਿਆ। ਆਸਿਫ਼ ਨੇ ਮੰਨਿਆ ਕਿ ਪਾਕਿਸਤਾਨ ਅਕਸਰ ਦਹਿਸ਼ਤਗਰਦੀ ਦਾ ਸਮਰਥਨ ਕਰਨ ਵਿੱਚ ਆਪਣੀ ਪੁਰਾਣੀ ਭੂਮਿਕਾ ਤੋਂ ਇਨਕਾਰ ਕਰਦਾ ਹੈ ਅਤੇ ਕਿਹਾ ਕਿ ਇਸ ਇਨਕਾਰ ਨੇ ਲੰਮੇ ਸਮੇਂ ਦਾ ਨੁਕਸਾਨ ਪਹੁੰਚਾਇਆ ਹੈ। ਉਨ੍ਹਾ ਕਿਹਾ ਕਿ ਅੱਜ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਪਿਛਲੇ ਫੌਜੀ ਸ਼ਾਸਕਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਦਾ ਨਤੀਜਾ ਹੈ।
ਉਨ੍ਹਾ ਦੋ ਅਫਗਾਨ ਜੰਗਾਂ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਨੂੰ ਇੱਕ ਗਲਤੀ ਦੱਸਿਆ, ਖਾਸ ਤੌਰ ‘ਤੇ 9/11 ਦੇ ਹਮਲਿਆਂ ਤੋਂ ਬਾਅਦ, ਜਦੋਂ ਇਸਲਾਮਾਬਾਦ ਨੇ ਅਮਰੀਕਾ ਦਾ ਸਾਥ ਦਿੱਤਾ ਅਤੇ ਤਾਲਿਬਾਨ ਦੇ ਵਿਰੁੱਧ ਹੋ ਗਿਆ, ਜਦੋਂ ਕਿ ਅਮਰੀਕਾ ਬਾਅਦ ਵਿੱਚ ਅਫਗਾਨਿਸਤਾਨ ਤੋਂ ਬਾਹਰ ਨਿਕਲ ਗਿਆ ਅਤੇ ਪਾਕਿਸਤਾਨ ਹਿੰਸਾ, ਕੱਟੜਵਾਦ ਅਤੇ ਆਰਥਕ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਰਹਿ ਗਿਆ। ਮੰਤਰੀ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਪਾਕਿਸਤਾਨ ਧਾਰਮਕ ਕਾਰਨਾਂ ਕਰਕੇ ਅਫਗਾਨ ਜੰਗਾਂ ਵਿੱਚ ਸ਼ਾਮਲ ਹੋਇਆ ਸੀ। ਉਨ੍ਹਾ ਕਿਹਾ ਕਿ ਲੋਕਾਂ ਨੂੰ ਜਿਹਾਦ ਦੇ ਨਾਂਅ ‘ਤੇ ਲੜਨ ਲਈ ਭੇਜਿਆ ਗਿਆ ਸੀ, ਜਿਸ ਨੂੰ ਉਨ੍ਹਾ ਗੁੰਮਰਾਹਕੁੰਨ ਅਤੇ ਨੁਕਸਾਨਦੇਹ ਦੱਸਿਆ। ਆਸਿਫ਼ ਨੇ ਸਾਬਕਾ ਫੌਜੀ ਤਾਨਾਸ਼ਾਹਾਂ ਜ਼ਿਆ-ਉਲ-ਹੱਕ ਅਤੇ ਪਰਵੇਜ਼ ਮੁਸ਼ੱਰਫ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਉਹ ਇਸਲਾਮ ਦੀ ਸੇਵਾ ਕਰਨ ਲਈ ਨਹੀਂ, ਸਗੋਂ ਇੱਕ ਮਹਾਂਸ਼ਕਤੀ ਨੂੰ ਖੁਸ਼ ਕਰਨ ਲਈ ਅਫਗਾਨ ਜੰਗਾਂ ਵਿੱਚ ਸ਼ਾਮਲ ਹੋਏ। ਉਨ੍ਹਾ ਇਹ ਵੀ ਕਿਹਾ ਕਿ ਇਨ੍ਹਾਂ ਜੰਗਾਂ ਨੂੰ ਜਾਇਜ਼ ਠਹਿਰਾਉਣ ਲਈ ਪਾਕਿਸਤਾਨ ਦੀ ਸਿੱਖਿਆ ਪ੍ਰਣਾਲੀ ਨੂੰ ਬਦਲ ਦਿੱਤਾ ਗਿਆ ਸੀ ਅਤੇ ਉਹ ਵਿਚਾਰਧਾਰਕ ਤਬਦੀਲੀਆਂ ਅੱਜ ਵੀ ਮੌਜੂਦ ਹਨ। ਨੁਕਸਾਨ ਨੂੰ ਨਾ ਪੂਰਿਆ ਜਾਣ ਵਾਲਾ ਦੱਸਦਿਆਂ ਆਸਿਫ਼ ਨੇ ਕਿਹਾ ਕਿ ਪਾਕਿਸਤਾਨ ਨੂੰ ਹੋਏ ਨੁਕਸਾਨ ਦੀ ਕਦੇ ਵੀ ਪੂਰੀ ਤਰ੍ਹਾਂ ਭਰਪਾਈ ਨਹੀਂ ਕੀਤੀ ਜਾ ਸਕਦੀ।