ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਕਾਨੂੰਨ ਮੰਤਰਾਲੇ ਦੇ ਦੋ ਮੰਤਰੀਆਂ ਨੂੰ ਹੋਰਨਾਂ ਮੰਤਰਾਲਿਆਂ ਵਿਚ ਟਰਾਂਸਫਰ ਕਰ ਦਿੱਤਾ। ਕਿਰਨ ਰਿਜਿਜੂ ਦੀ ਥਾਂ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਕਾਨੂੰਨ ਮੰਤਰੀ (ਸੁਤੰਤਰ ਚਾਰਜ) ਨਿਯੁਕਤ ਕੀਤਾ। ਰਿਜਿਜੂ ਨੂੰ ਭੂ ਵਿਗਿਆਨ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ।
ਰਿਜਿਜੂ ਨੂੰ ਕਾਨੂੰਨ ਮੰਤਰਾਲੇ ਤੋਂ ਤਬਦੀਲ ਕਰਨ ਦੇ ਕੁਝ ਘੰਟਿਆਂ ਬਾਅਦ ਰਾਜ ਮੰਤਰੀ ਪ੍ਰੋਫੈਸਰ ਐੱਸ ਪੀ ਬਘੇਲ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ’ਚ ਤਬਦੀਲ ਕਰ ਦਿੱਤਾ ਗਿਆ। ਅਰਜੁਨ ਮੇਘਵਾਲ ਨੂੰ ਕਾਨੂੰਨ ਅਤੇ ਨਿਆਂ ਮੰਤਰਾਲੇ ਦਾ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਬਣਾਏ ਜਾਣ ਤੋਂ ਬਾਅਦ ਇਹ ਜ਼ਰੂਰੀ ਹੋ ਗਿਆ ਸੀ। ਰਵਾਇਤ ਮੁਤਾਬਕ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਦੀ ਅਗਵਾਈ ਵਾਲੇ ਮੰਤਰਾਲੇ ਕੋਲ ਡਿਪਟੀ ਨਹੀਂ ਹੁੰਦਾ। ਰਾਸ਼ਟਰਪਤੀ ਭਵਨ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਅਨੁਸਾਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਹ ਨਵੀਆਂ ਨਿਯੁਕਤੀਆਂ ਕੀਤੀਆਂ ਹਨ।
ਮੇਘਵਾਲ ਰਾਜਸਥਾਨ ਤੋਂ ਦਲਿਤ ਭਾਈਚਾਰੇ ਤੋਂ ਆਉਦੇ ਹਨ। ਰਾਜਸਥਾਨ ਵਿਚ ਇਸ ਸਾਲ ਅਸੰਬਲੀ ਚੋਣਾਂ ਹੋਣੀਆਂ ਹਨ। ਕਰਨਾਟਕ ਵਿਚ ਦਲਿਤਾਂ ਨੇ ਐਤਕੀਂ ਕਾਂਗਰਸ ਦੀ ਜਿੱਤ ਵਿਚ ਖਾਸਾ ਰੋਲ ਅਦਾ ਕੀਤਾ।
ਰਿਜਿਜੂ ਨੂੰ ਜੁਲਾਈ 2021 ਵਿਚ ਰਵੀਸ਼ੰਕਰ ਪ੍ਰਸਾਦ ਨੂੰ ਹਟਾ ਕੇ ਕਾਨੂੰਨ ਮੰਤਰੀ ਬਣਾਇਆ ਗਿਆ ਸੀ। ਪਹਿਲਾਂ ਉਹ ਖੇਡ ਮੰਤਰੀ ਸਨ। ਰਿਜਿਜੂ ਜੱਜਾਂ ’ਤੇ ਟਿੱਪਣੀਆਂ ਨੂੰ ਲੈ ਕੇ ਸੁਰਖੀਆਂ ਵਿਚ ਰਹੇ।
ਉਨ੍ਹਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਵਿਚ ਜੱਜਾਂ ਦੀ ਨਿਯੁਕਤੀ ਕਰਨ ਵਾਲੇ ਜੱਜਾਂ ਦੇ ਕਾਲੇਜੀਅਮ ਨੂੰ ਲੈ ਕੇ ਕਿਹਾ ਸੀ ਕਿ ਦੇਸ਼ ਵਿਚ ਕੋਈ ਕਿਸੇ ਨੂੰ ਚਿਤਾਵਨੀ ਨਹੀਂ ਦੇ ਸਕਦਾ।
ਇਹ ਗੱਲ ਉਨ੍ਹਾ ਸਿਫਾਰਸ਼ ਕੀਤੇ ਜੱਜਾਂ ਦੀ ਕੇਂਦਰ ਸਰਕਾਰ ਵੱਲੋਂ ਵੇਲੇ ਸਿਰ ਨਿਯੁਕਤੀ ਨਾ ਕਰਨ ’ਤੇ ਜੱਜਾਂ ਵੱਲੋਂ ਪ੍ਰਗਟਾਈ ਨਾਰਾਜ਼ਗੀ ਦੇ ਸੰਦਰਭ ਵਿਚ ਕਹੀ ਸੀ। ਉਨ੍ਹਾ ਇਹ ਵੀ ਕਿਹਾ ਕਿ ਰਿਟਾਇਰਡ ਜੱਜ ਭਾਰਤ ਵਿਰੋਧੀ ਗਰੁੱਪ ਦਾ ਹਿੱਸਾ ਬਣ ਗਏ ਹਨ।
ਕਾਂਗਰਸ ਦੀ ਆਗੂ ਅਲਕਾ ਲਾਂਬਾ ਨੇ ਕਿਹਾਰਿਜਿਜੂ ਦੀਆਂ ਜੱਜਾਂ ਦੀਆਂ ਨਿਯੁਕਤੀਆਂ ਤੇ ਅਦਾਲਤਾਂ ਬਾਰੇ ਟਿੱਪਣੀਆਂ ਨਾਲ ਮੋਦੀ ਸਰਕਾਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਸਨ। ਸਰਕਾਰ ਨੇ ਅਕਸ ਬਚਾਉਣ ਲਈ ਕਾਨੂੰਨ ਮੰਤਰੀ ਦੀ ਬਲੀ ਦਿੱਤੀ। ਕਾਂਗਰਸ ਸਾਂਸਦ ਮਣੀਕੱਮ ਟੈਗੋਰ ਨੇ ਕਿਹਾਉਹ ਬਹੁਤ ਚੰਗੇ ਖੇਡ ਮੰਤਰੀ ਸਨ ਪਰ ਕਾਨੂੰਨ ਮੰਤਰੀ ਵਜੋਂ ਫੇਲ੍ਹ ਰਹੇ।
ਸੂਤਰਾਂ ਦਾ ਕਹਿਣਾ ਹੈ ਕਿ ਰਿਜਿਜੂ ਦਾ ਬੜਬੋਲਾਪਨ ਕਾਨੂੰਨ ਬਰਾਦਰੀ ਨੂੰ ਚੰਗਾ ਨਹੀਂ ਲੱਗਦਾ ਸੀ।
ਬਘੇਲ ਨੇ ਵੀ ਪਿਛਲੇ ਦਿਨੀਂ ਆਰ ਐੱਸ ਐੱਸ ਦੇ ਇਕ ਸਮਾਗਮ ’ਚ ਇਹ ਬਿਆਨ ਦਿੱਤਾ ਸੀ ਕਿ ਸਹਿਣਸ਼ੀਲ ਮੁਸਲਮਾਨ ਬਹੁਤ ਘੱਟ ਹਨ ਅਤੇ ਜਿਹੜੇ ਹਨ ਵੀ, ਉਹ ਜਨਤਕ ਜ਼ਿੰਦਗੀ ਵਿਚ ਬਣੇ ਰਹਿਣ ਲਈ ਅਤੇ ਵਾਈਸ ਚਾਂਸਲਰ, ਗਵਰਨਰ ਤੇ ਉਪ ਰਾਸ਼ਟਰਪਤੀ ਬਣਨ ਲਈ ਸਹਿਣਸ਼ੀਲਤਾ ਦਾ ਮੁਖੌਟਾ ਵਰਤਦੇ ਹਨ। ਰਿਟਾਇਰ ਹੋਣ ਤੋਂ ਬਾਅਦ ਉਹ ਆਪਣੇ ਮਨ ਦੀਆਂ ਗੱਲਾਂ ਕਰਨ ਲਗਦੇ ਹਨ। ਸਹਿਣਸ਼ੀਲ ਮੁਸਲਮਾਨ ਉਗਲਾਂ ’ਤੇ ਗਿਣੇ ਜਾ ਸਕਦੇ ਹਨ। ਉਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਵੀ ਨਹੀਂ।