ਨਵੀਂ ਦਿੱਲੀ : ਕਰਨਾਟਕ ’ਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਵੀਰਵਾਰ ਪਾਰਟੀ ਨੇ ਐਲਾਨ ਕੀਤਾ ਕਿ ਸਿੱਧਾਰਮਈਆ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ ਅਤੇ ਡੀ ਕੇ ਸ਼ਿਵ ਕੁਮਾਰ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਪਾਰਟੀ ਦੇ ਜਥੇਬੰਦਕ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਤੱਕ ਸ਼ਿਵ ਕੁਮਾਰ ਸੂਬੇ ’ਚ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ। ਇਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਦੇਰ ਰਾਤ ਵੇਣੂਗੋਪਾਲ ਅਤੇ ਕਰਨਾਟਕ ਦੇ ਜਨਰਲ ਸਕੱਤਰ ਇੰਚਾਰਜ ਰਣਦੀਪ ਸੂਰਜੇਵਾਲਾ ਨਾਲ ਲੰਬੀ ਗੱਲਬਾਤ ਕੀਤੀ ਅਤੇ ਫਿਰ ਉਨ੍ਹਾਂ ਇਸ ਫਾਰਮੂਲੇ ’ਤੇ ਮਨਾਉਣ ਲਈ ਸਿੱਧਾਰਮਈਆ ਅਤੇ ਸ਼ਿਵ ਕੁਮਾਰ ਨਾਲ ਵੱਖਰੇ ਤੌਰ ’ਤੇ ਗੱਲਬਾਤ ਕੀਤੀ। ਸਹੁੰ ਚੁੱਕ ਸਮਾਗਮ 20 ਮਈ ਨੂੰ ਬਾਅਦ ਦੁਪਹਿਰ 12:30 ਵਜੇ ਹੋਵੇਗਾ। ਸਿੱਧਾਰਮਈਆ ਦੇ ਨਾਲ 20 ਮੰਤਰੀਆਂ ਦੇ ਸਹੁੰ ਚੁੱਕਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਗੁਪਤ ਵੋਟਿੰਗ ’ਚ ਬਹੁਤੇ ਵਿਧਾਇਕਾਂ ਨੇ ਸਿੱਧਾਰਮਈਆ ਦੀ ਹਮਾਇਤ ਕੀਤੀ ਸੀ। ਸ਼ਿਵ ਕੁਮਾਰ ਢਾਈ-ਢਾਈ ਸਾਲ ਮੁੱਖ ਮੰਤਰੀ ਵਾਲੇ ਫਾਰਮੂਲੇ ’ਤੇ ਸਹਿਮਤ ਨਹੀਂ ਹੋਏ ਕਿਉਕਿ ਛੱਤੀਸਗੜ੍ਹ ਤੇ ਰਾਜਸਥਾਨ ਵਿਚ ਇਹ ਸਿਰੇ ਨਹੀਂ ਚੜ੍ਹਿਆ। ਸ਼ਿਵ ਕੁਮਾਰ ਨੇ ਸਿਰਫ ਇਕ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਹੀ, ਜਿਹੜੀ ਹਾਈਕਮਾਨ ਨੇ ਮੰਨ ਲਈ। ਸਿੱਧਾਰਮਈਆ 2013 ਵਿਚ ਵੀ ਮੁੱਖ ਮੰਤਰੀ ਬਣੇ ਸਨ, ਜਦੋਂ ਕਾਂਗਰਸ ਨੇ 1999 ਤੋਂ ਬਾਅਦ ਪਹਿਲੀ ਵਾਰ ਬਹੁਮਤ ਜੁਟਾ ਲਿਆ ਸੀ। ਉਨ੍ਹਾ ਪੰਜ ਸਾਲ ਦੀ ਮਿਆਦ ਪੂਰੀ ਕੀਤੀ ਸੀ। ਇਸ ਤੋਂ ਪਹਿਲਾਂ ਸਿਰਫ ਦੇਵਰਾਜ ਉਰਸ 1972 ਤੋਂ 1977 ਤੱਕ ਪੰਜ ਸਾਲ ਮੁੱਖ ਮੰਤਰੀ ਰਹੇ ਸਨ। ਸਿੱਧਾਰਮਈਆ ਪਹਿਲਾਂ ਜਨਤਾ ਦਲ ਸੈਕੂਲਰ ਵਿਚ ਹੁੰਦੇ ਸਨ, ਪਰ ਦੇਵੇਗੌੜਾ ਨੇ ਆਪਣੇ ਪੁੱਤਰ ਐੱਚ ਡੀ ਕੁਮਾਰਸਵਾਮੀ ਨੂੰ ਉੱਤੇ ਚੁੱਕਿਆ ਤਾਂ ਉਹ ਕਾਂਗਰਸ ਵਿਚ ਆ ਗਏ ਸਨ। ਉਹ 2013 ਵਿਚ ਵਰਤਮਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪਿੱਛੇ ਛੱਡ ਕੇ ਮੁੱਖ ਮੰਤਰੀ ਬਣੇ ਸਨ।