38.1 C
Jalandhar
Friday, June 14, 2024
spot_img

ਮੋਦੀ ਦਾ ਗੁਬਾਰਾ ਫਟ ਚੁੱਕਾ ਹੈ

ਕਰਨਾਟਕ ਚੋਣਾਂ ਨੇ ਮੋਦੀ ਸਮੇਤ ਸਭ ਭਾਜਪਾ ਆਗੂਆਂ ਦੀ ਬੌਧਿਕ ਕੰਗਾਲੀ ਦਾ ਪਰਦਾ ਫਾਸ਼ ਕਰ ਦਿੱਤਾ ਹੈ। ਹਰ ਜਾਗਰੂਕ ਵਿਅਕਤੀ ਜਾਣਦਾ ਹੈ ਕਿ ਮੋਦੀ ਤੇ ਉਸ ਦੇ ਪਿ੍ਰਤਪਾਲਕ ਆਰ ਐੱਸ ਐੱਸ ਕੋਲ ਨਾ ਪ੍ਰਾਪਤੀਆਂ ਦਾ ਕੋਈ ਇਤਿਹਾਸ ਹੈ, ਨਾ ਫਿਰਕੂ ਨਫ਼ਰਤ ਫੈਲਾਉਣ ਤੋਂ ਇਲਾਵਾ ਜਨਤਾ ਨੂੰ ਦੇਣ ਲਈ ਕੋਈ ਵਿਕਾਸਮੁਖੀ ਯੋਜਨਾ ਹੈ। ਇਸ ਲਈ ਰਾਜਸੱਤਾ ਉੱਤੇ ਪੁੱਜਣ ਤੋਂ ਬਾਅਦ ਮੋਦੀ ਨੇ ਦੇਸ਼ ਦੇ ਵਿਕਾਸ ਤੇ ਜਨਤਾ ਦੀਆਂ ਸਮੱਸਿਆਵਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਭਿ੍ਰਸ਼ਟਾਚਾਰ ਨਾਲ ਲੜਨ ਦੇ ਨਾਂਅ ਉੱਤੇ ਈ ਡੀ, ਆਈ ਟੀ ਤੇ ਸੀ ਬੀ ਆਈ ਨੂੰ ਉਨ੍ਹਾਂ ਦੇ ਅਸਲੀ ਕੰਮਾਂ ਤੋਂ ਹਟਾ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਪਿੱਛੇ ਲਾ ਰੱਖਿਆ ਹੈ। ਸਭ ਬੈਂਕ ਫਰਾਡੀਆਂ ਨੂੰ ਲੁੱਟ ਦਾ ਮਾਲ ਲੈ ਕੇ ਵਿਦੇਸ਼ਾਂ ਵਿੱਚ ਭੱਜ ਜਾਣ ਦਿੱਤਾ ਗਿਆ ਤੇ ਜਿਹੜੇ ਅਡਾਨੀ ਵਰਗੇ ਰਹਿ ਗਏ, ਉਨ੍ਹਾਂ ਨੂੰ ਦੇਸ਼ ਅੰਦਰ ਲੁੱਟਮਾਰ ਕਰਨ ਦਾ ਹਰ ਮੌਕਾ ਬਖਸ਼ਿਆ ਗਿਆ ਹੈ। ਇਸ ਨਾਲ ਪੂਰੀ ਬੇਸ਼ਰਮੀ ਨਾਲ ਭਾਜਪਾ ਦੀ ਤਜੌਰੀ ਨੱਕੋ-ਨੱਕ ਭਰ ਲਈ ਗਈ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਏਨੇ ਗੁਨਾਹਾਂ ਦੇ ਬਾਵਜੂਦ ਏਨੇ ਸਾਲ ਲੋਕਾਂ ਵਿੱਚ ਮੋਦੀ ਦੀ ਖਿੱਚ ਕਿਉਂ ਬਣੀ ਰਹੀ ਤੇ ਕੁਝ ਹਿੱਸੇ ਅੰਦਰ ਹਾਲੇ ਵੀ ਬਣੀ ਹੋਈ ਹੈ। ਮਾਰਕਸੀ ਸਿਧਾਂਤ ਅਨੁਸਾਰ ਕਿਸੇ ਵੀ ਵਸਤੂ ਦੇ ਦੋ ਮੁੱਲ ਹੁੰਦੇ ਹਨ, ਇੱਕ ਉਪਯੋਗੀ ਮੁੱਲ ਤੇ ਦੂਜਾ ਮੁਨਾਫ਼ਾ, ਜਿਸ ਨੂੰ ਵਾਧੂ ਮੁੱਲ ਜਾਂ ਕਦਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖੀ ਸੁਭਾਅ ਜਾਂ ਪਰਖ ਦਿ੍ਰਸ਼ਟੀ ਦਾ ਵੀ ਇੱਕ ਵਾਧੂ ਮੁੱਲ ਹੁੰਦਾ ਹੈ, ਜਿਸ ਨੂੰ ਆਮ ਭਾਸ਼ਾ ਵਿੱਚ ਮਜ਼ੇ ਲੈਣਾ ਕਹਿ ਸਕਦੇ ਹਾਂ। ਜਿਸ ਤਰ੍ਹਾਂ ਵਸਤੂ ਦੇ ਉਪਯੋਗੀ ਮੁੱਲ ਤੇ ਵਾਧੂ ਮੁੱਲ ਵਿੱਚ ਕੋਈ ਸੰਬੰਧ ਨਹੀਂ ਹੁੰਦਾ, ਉਸੇ ਤਰ੍ਹਾਂ ਮਜ਼ੇ ਲੈਣ ਤੇ ਹਕੀਕਤ ਵਿੱਚ ਕੋਈ ਸੰਬੰਧ ਨਹੀਂ ਹੁੰਦਾ। ਮਿਸਾਲ ਦੇ ਤੌਰ ’ਤੇ ਕੰਪਨੀਆਂ ਆਪਣਾ ਮਾਲ ਵੇਚਣ ਲਈ ਵਧੀਆ ਪੈਕਿੰਗ ਕਰਦੀਆਂ ਹਨ। ਜਦੋਂ ਅਸੀਂ ਕੋਈ ਵਸਤੂ ਖਰੀਦਣ ਜਾਂਦੇ ਹਾਂ ਤਾਂ ਸਾਡੇ ਸਾਹਮਣੇ ਵਸਤੂ ਨਹੀਂ, ਪੈਕਿੰਗ ਹੁੰਦੀ ਹੈ। ਸੁੰਦਰ ਪੈਕਿੰਗ ਦੇਖ ਕੇ ਅਸੀਂ ਕਹਿੰਦੇ ਹਾਂ ਵਾਹ! ਕਿੰਨੀ ਵਧੀਆ ਚੀਜ਼ ਹੈ, ਜਦੋਂ ਕਿ ਸਾਡੀ ਵਾਹ ਦਾ ਵਸਤੂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹੋ ਵਾਹ ਮਜ਼ੇ ਵਾਲਾ ਵਾਧੂ ਮੁੱਲ ਹੈ। ਸਰਮਾਏਦਾਰ ਸਾਡੀ ਇਸ ਮਜ਼ਾ ਗਰੰਥੀ ਨੂੰ ਸਹਿਲਾਉਣ ਲਈ ਹੀ ਸੁੰਦਰ ਮਾਡਲਾਂ ਤੇ ਟੀ ਵੀ ਇਸ਼ਤਿਹਾਰਾਂ ਉੱਤੇ ਅਰਬਾਂ ਰੁਪਏ ਖ਼ਰਚ ਕਰਦੇ ਹਨ। ਅਸਲ ਵਿੱਚ ਮੋਦੀ ਦਾ ਕੋਈ ਉਪਯੋਗੀ ਮੁੱਲ ਨਹੀਂ, ਉਨ੍ਹਾ ਦੀ ਖਿੱਚ ਦਾ ਕਾਰਨ ਫਿਰਕੂ ਜਨੂੰਨ, ਗੋਦੀ ਮੀਡੀਆ ਰਾਹੀਂ ਉਨ੍ਹਾ ਦੇ ਮਜ਼ੇ ਵਾਲੇ ਵਾਧੂ ਮੁੱਲ ਦੇ ਪ੍ਰਚਾਰ ਕਾਰਨ ਹੀ ਉਨ੍ਹਾ ਦਾ ਵਾਧੂ ਮੁੱਲ ਬਣਿਆ ਰਿਹਾ ਹੈ।
ਪਿਛਲੇ ਸਾਰੇ ਸਮੇਂ ਦੌਰਾਨ ਮੋਦੀ ਤੇ ਦੂਜੇ ਭਾਜਪਾ ਆਗੂ ਲੋਕਾਂ ਦੀ ਮਜ਼ਾ ਗਰੰਥੀ ਉੱਤੇ ਕੁਤਕੁਤਾੜੀਆਂ ਕੱਢ ਕੇ ਹੀ ਆਪਣੀ ਦੁਕਾਨ ਚਲਾਉਂਦੇ ਆ ਰਹੇ ਹਨ। ਭਾਜਪਾ ਦਾ ਡਬਲ ਇੰਜਣ ਦਾ ਨਾਅਰਾ ਵੀ ਕੰਪਨੀਆਂ ਦੀ ਇੱਕ ਪਿੱਛੇ ਇੱਕ ਮੁਫ਼ਤ ਵਾਲਾ ਹੈ। ਤੁਸੀਂ ਸਾਡਾ ਵਿਧਾਇਕ ਜਿਤਾਓ, ਅਸੀਂ ਤੁਹਾਨੂੰ ਮੋਦੀ ਮੁਫ਼ਤ ਵਿੱਚ ਦੇਵਾਂਗੇ।
ਕਰਨਾਟਕ ਚੋਣਾਂ ਵਿੱਚ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੇ ਇੱਕ ਭਾਸ਼ਣ ਦੀ ਵੰਨਗੀ ਦੇਖੋ। ਚੋਣ ਸਭਾ ਵਿੱਚ ਭਾਸ਼ਣ ਦੌਰਾਨ ਉਹ ਲੋਕਾਂ ਨੂੰ ਸਵਾਲ ਕਰਕੇ ਫਿਰ ਆਪ ਹੀ ਜਵਾਬ ਦਿੰਦਾ ਹੈ। ‘‘9 ਸਾਲ ਪਹਿਲਾਂ ਭਾਰਤ ਕਿਹੋ ਜਿਹਾ ਸੀ? ਭਿ੍ਰਸ਼ਟਾਚਾਰੀ ਭਾਰਤ। ਕੈਸਾ ਭਾਰਤ ਸੀ? ਫੈਸਲੇ ਨਾ ਲੈਣ ਵਾਲਾ ਭਾਰਤ। 2014 ਤੋਂ ਪਹਿਲਾਂ ਦਾ ਭਾਰਤ ਕਿਹੋ ਜਿਹਾ ਸੀ? (ਫਿਰ ਨੱਢਾ ਗੋਡਿਆਂ ਭਾਰ ਚੱਲਣ ਦਾ ਨਾਟਕ ਕਰਦਾ ਹੈ) ਗੋਡੇ ਟੇਕ ਕੇ ਤੁਰਨ ਵਾਲਾ ਭਾਰਤ।’’
ਅਸੀਂ ਅਜ਼ਾਦੀ ਤੋਂ ਬਾਅਦ ਦੀਆਂ ਪ੍ਰਾਪਤੀਆਂ ਜਾਣਦੇ ਹਾਂ। ਅਨਾਜ ਵਿੱਚ ਨਿਰਭਰਤਾ, ਸਨਅਤੀ ਤਰੱਕੀ, ਪੁਲਾੜ ਵਿਗਿਆਨ ਵਿੱਚ ਸਮਰੱਥਾ, ਪ੍ਰਮਾਣੂ ਊਰਜਾ ਵਿੱਚ ਪ੍ਰਾਪਤੀਆਂ ਤੇ ਹਰ ਖੇਤਰ ਵਿੱਚ ਵਿਗਿਆਨੀ ਪੈਦਾ ਕੀਤੇ। ਫ਼ੌਜ ਨੇ ਵੀ ਕਦੇ ਗੋਡੇ ਨਹੀਂ ਟੇਕੇ, ਪਰ ਨੱਢਾ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ, ਉਹ ਤਾਂ ਲੋਕਾਂ ਦੀ ਮਜ਼ਾ ਗਰੰਥੀ ਨੂੰ ਸਹਿਲਾ ਕੇ ਵੋਟਾਂ ਲੁੱਟਣੀਆਂ ਚਾਹੁੰਦਾ ਸੀ।
ਹੁਣ ਲਓ ਮੋਦੀ ਦੀ ਗੱਲ। ਕਰਨਾਟਕ ਦੀਆਂ ਚੋਣਾਂ ਭਾਜਪਾ ਨੇ ਮੋਦੀ ਦੀ ਅਗਵਾਈ ਵਿੱਚ ਲੜੀਆਂ ਸਨ। ਮਣੀਪੁਰ ਹਿੰਸਾ ਵਿੱਚ ਸੜ ਰਿਹਾ ਸੀ, 73 ਬੰਦੇ ਮਾਰੇ ਜਾ ਚੁੱਕੇ ਸਨ, ਪਰ ਮੋਦੀ ਦੇ ਸਿਰ ਉੱਤੇ ਕਰਨਾਟਕ ਜਿੱਤਣ ਦਾ ਜਨੂੰਨ ਚੜ੍ਹਿਆ ਹੋਇਆ ਸੀ। ਮੋਦੀ ਨੇ ਲਗਾਤਾਰ ਰੈਲੀਆਂ ਤੇ ਰੋਡ ਸ਼ੋਅ ਕੀਤੇ, ਪਰ ਉਨ੍ਹਾ ਕੋਲ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਸੀ। ਨਾ ਉਨ੍ਹਾ ਨੇ ਆਪਣੀਆਂ ਪ੍ਰਾਪਤੀਆਂ ਦਾ ਕੋਈ ਜ਼ਿਕਰ ਕੀਤਾ ਤੇ ਨਾ ਹੀ ਨਾਲੀ ’ਚੋਂ ਗੈਸ ਕੱਢਣ ਵਰਗੇ ਤਜਰਬੇ ਲੋਕਾਂ ਨਾਲ ਸਾਂਝੇ ਕੀਤੇ। ਕਾਂਗਰਸ ਦੇ ਸਵਾਲਾਂ ਸਾਹਮਣੇ ਉਹ ਬੇਹੱਦ ਲੱਚਰ ਤੇ ਲਾਚਾਰ ਦਿਖਾਈ ਦਿੱਤੇ। ਉਹ ਸਾਰੀ ਚੋਣ ਮੁਹਿੰਮ ਦੌਰਾਨ ਨਾਟਕ ਕਰਦੇ ਰਹੇ। ਗੱਡੀ ਨਾਲ ਲਟਕ ਕੇ ਫੁੱਲਾਂ ਦੀ ਵਰਖਾ ਵਿੱਚ ਰੋਡ ਸ਼ੋਅ। ਕਦੇ-ਕਦੇ ਗੱਡੀ ’ਚੋਂ ਉਤਰ ਕੇ ਖਾਲੀ ਸੜਕ ਉੱਤੇ ਦੀਵਾਨਿਆਂ ਵਾਂਗ ਟਹਿਲਣਾ, ਮੋਦੀ ਦੀ ਇਸ ਮੁਹਿੰਮ ਦਾ ਸਿਖਰ ਸੀ। ਜਦੋਂ ਕਾਂਗਰਸ ਨੇ ਬਜਰੰਗ ਦਲ ’ਤੇ ਪਾਬੰਦੀ ਦੀ ਗੱਲ ਕੀਤੀ ਤਾਂ ਉਹ ਜੈ ਬਜਰੰਗ ਬਲੀ ਦੇ ਨਾਅਰੇ ਲਾਉਣ ਲੱਗੇ। ਲੋਕਾਂ ਦੀ ਮਜ਼ਾ ਗਰੰਥੀ ਨੂੰ ਸਹਿਲਾਉਣ ਲਈ ‘‘ਜੈ ਬਜਰੰਗ ਬਲੀ, ਤੋੜ ਦੇ ਦੁਸ਼ਮਨ ਕੀ ਨਲੀ’’ ਦਾ ਜਾਪ ਕਰਨ ਲੱਗੇ। ਜਦੋਂ ਖੜਗੇ ਨੇ ਉਨ੍ਹਾ ਨੂੰ ਸੱਪ ਕਹਿ ਦਿੱਤਾ ਤਾਂ ਉਹ ਰੋਣ ਦੀ ਮੁਦਰਾ ਵਿੱਚ 91 ਗਾਲ੍ਹਾਂ ਦਾ ਰੋਣਾ ਰੋਣ ਲੱਗ ਪਏ। ਮੋਦੀ ਨੇ ਚੋਣਾਂ ਵਿੱਚ ਸਭ ਕੁਝ ਕੀਤਾ। ਫਿਲਮ ‘ਦਿ ਕੇਰਲਾ ਸਟੋਰੀ’ ਦੀ ਵਰਤੋਂ ਵੀ ਕੀਤੀ। ਬੱਸ ਇੱਕ ਰਾਜਨੀਤੀ ਨਹੀਂ ਕੀਤੀ। ਕਹਾਵਤ ਹੈ ਕਿ ਵਿਅਕਤੀ ਕੁਤਕੁਤਾੜੀਆਂ ਇੱਕ ਹੱਦ ਤੱਕ ਹੀ ਸਹਿਣ ਕਰਦਾ ਹੈ ਤੇ ਜਦੋਂ ਉਹ ਤਕਲੀਫ਼ਦੇਹ ਹੋ ਜਾਣ ਤਾਂ ਮੁੱਕਾ ਮਾਰ ਕੇ ਜਾੜ੍ਹਾਂ ਕੱਢ ਦਿੰਦਾ ਹੈ। ਕਰਨਾਟਕ ਵਾਲਿਆਂ ਨੇ ਇਹੋ ਕੀਤਾ ਹੈ। ਮੋਦੀ ਨੇ 20 ਹਲਕਿਆਂ ਵਿੱਚ ਰੈਲੀਆਂ ਕੀਤੀਆਂ ਸਨ, ਉਨ੍ਹਾਂ ਵਿੱਚੋਂ 15 ਉੱਤੇ ਭਾਜਪਾ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ‘ਮੋਦੀ ਹੈ ਤੋਂ ਮੁਮਕਿਨ ਹੈ’, ‘ਬੱਸ ਮੋਦੀ ਨਾਮ ਹੀ ਕਾਫ਼ੀ ਹੈ’ ਦੀਆਂ ਕਾਇਮ ਕੀਤੀਆਂ ਮਿੱਥਾਂ ਅੱਜ ਗੁਬਾਰੇ ਦੀ ਤਰ੍ਹਾਂ ਫਟ ਚੁੱਕੀਆਂ ਹਨ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles