ਕਤਲ ਦੇ ਦੋਸ਼ੀਆਂ ਨੂੰ ਫੜਨ ‘ਚ ਢਿੱਲ ਖਿਲਾਫ ਕੌਮੀ ਮਾਰਗ ਜਾਮ

0
231

ਮੁਕੇਰੀਆਂ : 16 ਮਈ ਰਾਤ ਵੇਲੇ ਨੇੜਲੇ ਕਸਬਾ ਨਵਾਂ ਭੰਗਾਲਾ ਦੇ ਨੌਜਵਾਨ ਗੌਰਵ ਆਨੰਦ ਦੀ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੇ ਮਾਮਲੇ ‘ਚ ਪੁਲਸ ਦੀ ਕਥਿਤ ਢਿੱਲੀ ਕਾਰਵਾਈ ਤੋਂ ਨਾਰਾਜ਼ ਪਰਵਾਰਕ ਮੈਂਬਰਾਂ ਨੇ ਸ਼ੁੱਕਰਵਾਰ ਸਵੇਰੇ ਭੰਗਾਲਾ ਵਿਖੇ ਕੌਮੀ ਮਾਰਗ ਜਾਮ ਕਰ ਦਿੱਤਾ | ਸ਼ਹਿਰ ਵਾਸੀਆਂ ਨੇ ਵੀ ਸਮਰਥਨ ‘ਚ ਭੰਗਾਲਾ ਦੇ ਬਜ਼ਾਰ ਬੰਦ ਕਰ ਦਿੱਤੇ | ਮੌਕੇ ‘ਤੇ ਪੁੱਜੇ ਐੱਸ ਪੀ ਸਰਬਜੀਤ ਸਿੰਘ ਬਾਹੀਆ ਅਤੇ ਡੀ ਐੱਸ ਪੀ ਕੁਲਵਿੰਦਰ ਸਿੰਘ ਵਿਰਕ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੋਸ਼ੀ ਜਲਦ ਹੀ ਫੜ ਲਏ ਜਾਣਗੇ ਅਤੇ ਮਾਮਲੇ ਦੀ ਜਾਂਚ ਲਈ ਟੀਮ ਕਾਇਮ ਕੀਤੀ ਗਈ ਹੈ ਪਰ ਪਰਵਾਰਕ ਮੈਂਬਰ ਪੁਲਸ ਦੇ ਵਤੀਰੇ ਤੋਂ ਇੰਨੇ ਨਿਰਾਸ਼ ਤੇ ਨਾਰਾਜ਼ ਸਨ ਕਿ ਉਹ ਅਧਿਕਾਰੀਆਂ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹੋਏ | ਮੁਕੇਰੀਆਂ ਪੁਲਸ ਨੇ ਗੌਰਵ ਆਨੰਦ ਦੇ ਭਰਾ ਪਾਰਸ ਆਨੰਦ ਦੇ ਬਿਆਨ ‘ਤੇ ਆਈ ਪੀ ਸੀ ਦੀ ਧਾਰਾ 302, 341, 323, 382, 427, 148, 149 ਅਧੀਨ ਕੇਸ ਦਰਜ ਕੀਤਾ ਹੈ | ਭੰਗਾਲਾ ਬੱਸ ਅੱਡੇ ‘ਤੇ ਕਰੀਬ ਅੱਧਾ ਦਰਜਨ ਨੌਜਵਾਨਾਂ ਨੇ ਨਵਾਂ ਭੰਗਾਲਾ ਦੇ ਗੌਰਵ ਆਨੰਦ, ਜੋ ਆਪਣੀ ਕਾਰ ‘ਚ ਫਾਸਟ ਫੂਡ ਖਾਣ ਲਈ ਅੱਡੇ ਉੱਤੇ ਆਇਆ ਸੀ, ‘ਤੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ | ਗੰਭੀਰ ਹਾਲਤ ‘ਚ ਉਸ ਨੂੰ ਚੰਡੀਗੜ੍ਹ ਪੀ ਜੀ ਆਈ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ | ਪਰਵਾਰਕ ਮੈਂਬਰਾਂ ਨੇ ਬੀਤੇ ਦਿਨ ਸਿਵਲ ਹਸਪਤਾਲ ਚੌਕ ‘ਚ ਵੀ ਧਰਨਾ ਦਿੱਤਾ ਸੀ | ਇਸ ਮੌਕੇ ਭੰਗਾਲਾ ਦੇ ਸਰਪੰਚ ਸੁਰਿੰਦਰ ਕੁਮਾਰ ਸਿੱਕਾ ਵੀ ਹਾਜ਼ਰ ਸਨ |

LEAVE A REPLY

Please enter your comment!
Please enter your name here