ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵਾਰਾਨਸੀ ਦੀ ਗਿਆਨਵਾਪੀ ਮਸਜਿਦ ‘ਚ ਮਿਲੇ ਕਥਿਤ ਸ਼ਿਵਲਿੰਗ ਦੀ ਉਮਰ ਦਾ ਪਤਾ ਲਗਾਉਣ ਲਈ ਕਾਰਬਨ ਡੇਟਿੰਗ ਸਮੇਤ ਵੱਖ-ਵੱਖ ਵਿਗਿਆਨਕ ਸਰਵੇਖਣਾਂ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਹੈ | ਅਲਾਹਾਬਾਦ ਹਾਈ ਕੋਰਟ ਨੇ 12 ਮਈ ਨੂੰ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਢਾਂਚੇ ਦੀ ਉਮਰ ਨਿਰਧਾਰਤ ਕਰਨ ਦਾ ਹੁਕਮ ਦਿੱਤਾ ਸੀ | ਢਾਂਚਾ ਸ਼ਿਵਲਿੰਗ ਹੋਣ ਦਾ ਦਾਅਵਾ ਕੀਤਾ ਗਿਆ ਹੈ |
ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ, ਜਿਸ ਵਿਚ ਜਸਟਿਸ ਪੀ ਐੱਸ ਨਰਸਿਮ੍ਹਾ ਤੇ ਜਸਟਿਸ ਕੇ ਵੀ ਵਿਸ਼ਵਨਾਥਨ ਵੀ ਸ਼ਾਮਲ ਸਨ, ਨੇ ਗਿਆਨਵਾਪੀ ਮਸਜਿਦ ਪ੍ਰਬੰਧਕ ਕਮੇਟੀ ਦੀ ਅਪੀਲ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਇਹ ਅਜਿਹਾ ਮਾਮਲਾ ਹੈ, ਜਿਸ ਵਿਚ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ | ਯੂ ਪੀ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਢਾਂਚੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਹੈ | ਇਕ ਧਿਰ ਕਹਿ ਰਹੀ ਹੈ ਕਿ ਉਥੇ ਸ਼ਿਵਲਿੰਗ ਹੈ ਤੇ ਦੂਜੀ ਕਹਿ ਰਹੀ ਹੈ ਕਿ ਫੁਹਾਰਾ ਹੈ | ਬੈਂਚ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਹੁਕਮ ਨੂੰ ਬਰੀਕੀ ਨਾਲ ਘੋਖੇਗੀ ਤੇ ਪਤਾ ਲਾਏਗੀ ਕਿ ਕੀ ਸਬੂਤ ਲੱਭਣ ਲਈ ਕਿਸੇ ਹੋਰ ਟੈਕਨਾਲੋਜੀ ਦੀ ਵਰਤੋਂ ਹੋ ਸਕਦੀ ਹੈ |