ਚੰਡੀਗੜ੍ਹ : ਪੰਜਾਬ ਆਰਮਡ ਪੁਲਸ (ਪੀ ਏ ਪੀ) ਦੀ 82 ਬਟਾਲੀਅਨ, ਸੈਕਟਰ-1, ਚੰਡੀਗੜ੍ਹ ਦੇ ਜੀ ਓ ਮੈੱਸ ਦੇ ਗੇਟ ਤੋਂ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਨਾਲ ਸੰਬੰਧਤ ਲਗਭਗ 300 ਕਿਲੋ ਭਾਰੀ ਅਤੇ ਲਗਭਗ 3 ਫੁੱਟ ਲੰਬਾਈ ਵਾਲੀ ਇਤਿਹਾਸਕ ਤੋਪ ਚੋਰੀ ਹੋ ਗਈ। ਇਹ ਤੋਪ 5 ਮਈ ਦੀ ਰਾਤ ਨੂੰ ਚੋਰੀ ਹੋ ਗਈ ਸੀ। ਕੇਸ ਦਰਜ ਕਰ ਲਿਆ ਹੈ।
ਇਸ ਚੋਰੀ ’ਚ ਕਰੀਬ 5 ਲੋਕਾਂ ਦੇ ਸ਼ਾਮਲ ਹੋਣ ਦਾ ਖਦਸ਼ਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਪੁਰਾਤਨ ਤੋਪ ਪਿੱਤਲ ਦੀ ਬਣੀ ਹੋਈ ਹੈ, ਇਸ ਦਾ ਭਾਰ ਲਗਭਗ 200 ਤੋਂ 300 ਕਿਲੋ ਹੈ। ਬਟਾਲੀਅਨ ਕਮਾਂਡੈਂਟ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 82 ਬਟਾਲੀਅਨ ਪੰਜਾਬ ਦੇ ਵੀ ਵੀ ਆਈ ਪੀ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਦੀ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਤੋਪ ਬਹੁਤ ਭਾਰੀ ਹੈ ਅਤੇ ਕੋਈ ਵੀ ਵਿਅਕਤੀ ਇਸ ਨੂੰ ਚੋਰੀ ਨਹੀਂ ਕਰ ਸਕਦਾ। ਇਸ ’ਚ 4 ਤੋਂ 5 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਇਹ ਵਿਰਾਸਤੀ ਤੋਪ ਪੰਜਾਬ ਆਰਮਡ ਪੁਲਸ ਦੀ ਬਹੁਤ ਹੀ ਮਹੱਤਵਪੂਰਨ ਵਿਰਾਸਤ ਸੀ। ਇਸ ਨੂੰ ਕਰੀਬ ਡੇਢ ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ’ਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਇੱਕ ਵਾਰ ਫਿਰ ਲੋਕਾਂ ਦੇ ਸਾਹਮਣੇ ਪ੍ਰਦਰਸ਼ਤ ਕੀਤਾ ਗਿਆ। ਜਿਸ ਥਾਂ ਇਸ ਤੋਪ ਨੂੰ ਰੱਖਿਆ ਗਿਆ ਸੀ, ਉੱਥੇ ਕੋਈ ਸੀ ਸੀ ਟੀ ਵੀ ਕੈਮਰਾ ਨਹੀਂ ਸੀ। ਅਜਿਹੇ ’ਚ ਪੁਲਸ ਲਈ ਦੋਸ਼ੀਆਂ ਨੂੰ ਲੱਭਣਾ ਮੁਸ਼ਕਲ ਹੋ ਗਿਆ ਹੈ।