ਦੇਹਰਾਦੂਨ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਨੀਵਾਰ ਸਿੱਖ ਸੰਗਤ ਲਈ ਖੋਲ੍ਹ ਦਿੱਤੇ ਅਤੇ ਗੁਰਮਤਿ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਗਿਆ। ਗੁਰਦੁਆਰੇ ਦੇ ਕਿਵਾੜ ਖੁੱਲ੍ਹਣ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਰਸਮੀ ਸ਼ੁਰੂਆਤ ਹੋ ਗਈ। ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਸਿੱਖ ਸੰਗਤ ਦੇ ਜੈਕਾਰਿਆਂ ਦੀ ਗੂੰਜ ਹੇਠ ਸੁਖ ਆਸਨ ਤੋਂ ਪਾਵਨ ਸਰੂਪ ਨੂੰ ਗੁਰਦੁਆਰੇ ’ਚ ਪ੍ਰਕਾਸ਼ ਕਰਨ ਲਈ ਲਿਆਂਦਾ। ਪ੍ਰਕਾਸ਼ ਕਰਨ ਮਗਰੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਪਹਿਲੀ ਅਰਦਾਸ ਤੇ ਪਹਿਲਾ ਹੁਕਮਨਾਮਾ ਲਿਆ ਗਿਆ। ਬਾਅਦ ’ਚ ਕੀਰਤਨ ਚਲਦਾ ਰਿਹਾ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ਼ਨੀਵਾਰ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸਨਾਂ ਲਈ ਦੋ ਹਜ਼ਾਰ ਸਿੱਖ ਸ਼ਰਧਾਲੂ ਪੁੱਜੇ ਹਨ। ਸਾਲਾਨਾ ਯਾਤਰਾ ਲਈ ਸੰਗਤ ਵਿੱਚ ਭਾਰੀ ਉਤਸਾਹ ਹੈ। ਉਤਰਾਖੰਡ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੀ ਯਾਤਰਾ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਟਰੱਸਟ ਵੱਲੋਂ ਵੱਖ-ਵੱਖ ਗੁਰਦੁਆਰਿਆਂ ਵਿਚ ਆਉਣ ਵਾਲੀ ਸੰਗਤ ਵਾਸਤੇ ਰਿਹਾਇਸ਼, ਲੰਗਰ ਤੇ ਹੋਰ ਪ੍ਰਬੰਧ ਕੀਤੇ ਗਏ ਹਨ।



