ਜਲੰਧਰ (ਸ਼ੈਲੀ ਐਲਬਰਟ)-ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੋਮਵਾਰ ਕਿਹਾ ਕਿ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਸਹੂਲਤ ਦੇਣ ’ਚ ਕੁਤਾਹੀ ਕਰਨ ਵਾਲੇ ਡਰਾਈਵਰਾਂ ਅਤੇ ਕੰਡਕਟਰਾਂ ’ਤੇ ਕਾਰਵਾਈ ਕਰਕੇ ਜੁਰਮਾਨਾ ਲਗਾਉਣ ਲਈ ਟਰਾਂਸਪੋਰਟ ਅਧਿਕਾਰੀਆਂ ਨੂੰ ਕਿਹਾ ਗਿਆ ਹੈ। ਉਨ੍ਹਾ ਕਿਹਾ ਕਿ ਕਿਸੇ ਵੀ ਬੱਸ ਸਟਾਪ ’ਤੇ ਜੇ ਮੁਫਤ ਸਫਰ ਕਰਨ ਵਾਲੀਆਂ ਸਵਾਰੀਆਂ ਖੜ੍ਹੀਆਂ ਹਨ ਤਾਂ ਬੱਸ ਚਾਲਕ ਉਨ੍ਹਾਂ ਨੂੰ ਬੱਸਾਂ ’ਚ ਬਿਠਾਉਣ ਲਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਭੁੱਲਰ ਨੇ ਸਵੇਰੇ 7.30 ਵਜੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਿਟੀ ਦੇ ਦਫਤਰ ’ਚ ਚੈਕਿੰਗ ਦੌਰਾਨ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ। ਇਸ ਉਪਰੰਤ ਰਾਮਾ ਮੰਡੀ ਚੌਕ, ਕਰਤਾਰਪੁਰ ਤੇ ਢਿੱਲਵਾਂ ਟੋਲ ਪਲਾਜ਼ਾ ਵਿਖੇ 63 ਬੱਸਾਂ ਦੇ ਕਾਗਜ਼ਾਤ ਚੈੱਕ ਕੀਤੇ ਅਤੇ ਮੌਕੇ ’ਤੇ ਹੀ 5 ਬੱਸਾਂ ਨੂੰ ਬੰਦ ਕੀਤਾ।