ਮੋਗਾ (ਅਮਰਜੀਤ ਬੱਬਰੀ)
ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ ਦੇ ਸੱਦੇ ਤਹਿਤ ਪੰਜਾਬ ਇਸਤਰੀ ਸਭਾ ਜ਼ਿਲ੍ਹਾ ਮੋਗਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਤੇ ਜ਼ਿਲ੍ਹਾ ਆਗੂ ਪਰਮਜੀਤ ਕੌਰ ਦੀ ਅਗਵਾਈ ਵਿੱਚ ਡੀ ਸੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੂਬਾ ਆਗੂ ਨਰਿੰਦਰ ਸੋਹਲ ਨੇ ਮੰਗ ਕੀਤੀ ਕਿ ਪਹਿਲਵਾਨ ਧੀਆਂ ਨਾਲ ਛੇੜਖਾਨੀ ਕਰਨ ਵਾਲੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਬਿਨਾਂ ਕਿਸੇ ਦੇਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਗਿ੍ਰਫਤਾਰ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਆਗੂ ਟੀਮ ਮਨਪ੍ਰੀਤ ਕੌਰ ਅਜੀਤਵਾਲ, ਸੁਖਦੀਪ ਕੌਰ, ਕੁਲਦੀਪ ਬੱਡੂਵਾਲ, ਪਰਮਜੀਤ ਜਲਾਲਾਬਾਦ, ਰਾਜਵੀਰ ਕੌਰ ਦਾਤਾ, ਗੁਰਜੀਤ ਕੌਰ, ਅਮਨਪ੍ਰੀਤ ਕੌਰ ਖੋਸਾ, ਪੂਜਾ, ਸਰਬਜੀਤ ਕੌਰ, ਜਸਪਾਲ ਕੌਰ, ਸ਼ੁਸਮਾ ਦੇਵੀ, ਕਿਸਾਨ ਆਗੂ ਸੂਰਤ ਸਿੰਘ ਧਰਮਕੋਟ, ਏਟਕ ਆਗੂ ਜਗਸੀਰ ਖੋਸਾ, ਜਗਜੀਤ ਸਿੰਘ ਚੂਹੜ ਚੱਕ, ਚੈਨ ਦਾਤਾ, ਹਰਦਿਆਲ ਘਾਲੀ ਆਦਿ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾ ਪਹਿਲਵਾਨ ਕਈ ਮਹੀਨਿਆਂ ਤੋਂ ਇਨਸਾਫ ਦੀ ਮੰਗ ਕਰਦੀਆਂ ਪ੍ਰਧਾਨ ਮੰਤਰੀ ਦੇ ਦਰਾਂ ਸਾਹਮਣੇ ਧਰਨੇ ’ਤੇ ਬੈਠੀਆਂ ਹਨ, ਪਰ ਕੋਈ ਵੀ ਸਰਕਾਰੀ ਨੁਮਾਇੰਦਾ ਉਹਨਾਂ ਦੀ ਸਾਰ ਲੈਣ ਨਹੀਂ ਆਇਆ। ਇਹ ਧਰਨਾ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ ਹੈ, ਜੋ ਨਾਬਾਲਗ ਖਿਡਾਰਨਾਂ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਹੈ।
ਉਸ ਖਿਲਾਫ ਕਈ ਮੁਕੱਦਮੇ ਚੱਲ ਰਹੇ ਹਨ, ਪਰ ਸਰਕਾਰੀ ਸਰਪ੍ਰਸਤੀ ਹੇਠ ਹੋਣ ਕਾਰਨ ਉਸ ਨੂੰ ਗਿ੍ਰਫਤਾਰ ਨਹੀਂ ਕੀਤਾ ਜਾ ਰਿਹਾ, ਜਦਕਿ ਦੇਸ਼ ਦੀ ਸਰਵ ਉੱਚ ਅਦਾਲਤ ਦੇ ਆਦੇਸ਼ਾਂ ’ਤੇ ਪੋਕਸੋ ਐਕਟ ਤੇ ਛੇੜਖਾਨੀ ਕਰਨ ਦੇ ਦੋ ਵੱਖ-ਵੱਖ ਮੁਕੱਦਮੇ ਦਰਜ ਹੋ ਚੁੱਕੇ ਹਨ। ਧਰਨਾਕਾਰੀ ਪਹਿਲਵਾਨ ਮੰਗ ਕਰ ਰਹੇ ਹਨ ਕਿ ਬਿ੍ਰਜ ਭੂਸ਼ਣ ਨੂੰ ਗਿ੍ਰਫਤਾਰ ਕਰਕੇ ਸਾਰੇ ਰਾਜਸੀ ਅਹੁਦਿਆਂ ਤੋਂ ਹਟਾਇਆ ਜਾਵੇ, ਪ੍ਰੰਤੂ ਸਰਕਾਰ ’ਤੇ ਇਸ ਦਾ ਕੋਈ ਅਸਰ ਨਾ ਹੋਣਾ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ ਇਸ ਦਰਿੰਦੇ ਦੀ ਸਿੱਧੇ ਤੌਰ ’ਤੇ ਮਦਦ ਕਰ ਰਹੀ ਹੈ।
ਹੈਰਾਨੀ ਹੈ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਲਗਾਉਣ ਵਾਲਿਆਂ ਕੋਲੋਂ ਹੀ ਬੇਟੀਆਂ ਸੁਰੱਖਿਅਤ ਨਹੀਂ ਰਹੀਆਂ।
ਇਹ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਗੁਜਰਾਤ ਦੰਗਿਆਂ ਦੀ ਸ਼ਿਕਾਰ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਵੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਸੀ। ਜੋ ਭਾਜਪਾ ਦੇ ਔਰਤ ਵਿਰੋਧੀ ਹੋਣ ਦੀ ਤਰਜਮਾਨੀ ਕਰਦਾ ਹੈ।
ਸਮੂਹ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੰਤਰ-ਮੰਤਰ ਦਿੱਲੀ ਵਿਖੇ ਧਰਨੇ ਉਤੇ ਬੈਠੀਆਂ ਪਹਿਲਵਾਨ ਬੱਚੀਆਂ ਨੂੰ ਇਨਸਾਫ ਦੇਣ ਲਈ ਜੇਕਰ ਬਿ੍ਰਜ ਭੂਸ਼ਣ ਨੂੰ ਸਾਰੇ ਸਿਆਸੀ ਅਹੁਦਿਆਂ ਤੋਂ ਵੱਖ ਕਰਕੇ ਤੁਰੰਤ ਗਿ੍ਰਫਤਾਰ ਨਾ ਕੀਤਾ ਗਿਆ ਤਾਂ ਫਿਰ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਨਾਟਕਕਾਰ ਗੁਰਸ਼ਰਨ ਸਿੰਘ ਦੀ ਬੇਟੀ ਡਾ. ਨਵਸ਼ਰਨ ਨੂੰ ਬੇਵਜ੍ਹਾ ਤੰਗ ਕਰਨ ਦੀ ਵੀ ਨਿਖੇਧੀ ਕੀਤੀ।