27.9 C
Jalandhar
Sunday, September 8, 2024
spot_img

ਭਿ੍ਸ਼ਟਾਚਾਰੀਆਂ ਦਾ ਪੈਸਾ-ਸੰਪਤੀ ਜ਼ਬਤ ਕਰਕੇ ਖਜ਼ਾਨੇ ‘ਚ ਵਾਪਸ ਲਿਆਵਾਂਗੇ : ਮਾਨ

ਮਾਲੇਰਕੋਟਲਾ/ਬਰਨਾਲਾ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਤੇ ਮਹਿਲ ਕਲਾਂ ਵਿੱਚ ‘ਰੋਡ ਸ਼ੋਅ’ ਕਰਕੇ ਹਲਕੇ ਦੇ ਵੋਟਰਾਂ ਨੂੰ ‘ਝਾੜੂ’ ਵਾਲਾ ਬਟਨ ਦੱਬਣ ਦੀ ਅਪੀਲ ਕੀਤੀ | ਮੁੱਖ ਮੰਤਰੀ ਮਾਨ ਅਤੇ ਉਮੀਦਾਵਰ ਗੁਰਮੇਲ ਸਿੰਘ ਨੇ ਐਤਵਾਰ ਨੂੰ ਰੋਡ ਸ਼ੋਅ ਕਰਕੇ ਪਿੰਡ ਠੀਕਰੀਵਾਲ, ਰਾਏਸਰ, ਚੰਨਣਵਾਲ, ਛੀਨੀਵਾਲ ਕਲਾਂ, ਮਹਿਲ ਕਲਾਂ, ਮਹਿਲ ਖੁਰਦ, ਪੰਡੋਰੀ, ਕੁਰੜ, ਮਨਾਲ, ਪੰਜਗਰਾਈਆਂ, ਬਾਪਲਾ, ਕਸਬਾ ਭਰਾਲ, ਸੰਦੌੜ, ਖੁਰਦ, ਸ਼ੇਰਗੜ੍ਹ ਚੀਮਾ, ਕੁਠਾਲਾ, ਭੂਦਨ, ਸਿਕੰਦਰਪੁਰਾ, ਕੇਲੋਂ, ਸ਼ੇਰਵਾਨੀ ਕੋਟ, ਮਲੇਰਕੋਟਲਾ ਸਿਟੀ, ਪੁਲ ਤੋਂ ਕੁਟੀ ਰੋਡ, ਸੱਟਾ ਚੌਂਕ, ਕਾਲੀ ਮਾਤਾ ਮੰਦਰ, ਪਿੱਪਲੀ ਪੈਟਰੌਲ ਪੰਪ, ਸਰਹੰਦੀ ਗੇਟ, ਕੂਲਰ ਚੌਂਕ, 786 ਚੌਂਕ, ਬੱਸ ਸਟੈਂਡ, ਠੰਢੀ ਸੜਕ ਅਤੇ ਧੂਰੀ ਚੌਕ ‘ਚ ਚੋਣ ਪ੍ਰਚਾਰ ਕੀਤਾ |
ਇਸ ਮੌਕੇ ਮਾਨ ਨੇ ਲੋਕਾਂ ਨੂੰ ਦੱਸਿਆ ਕਿ ‘ਆਪ’ ਸਰਕਾਰ ਨੇ ਕੇਵਲ 3 ਮਹੀਨਿਆਂ ‘ਚ ਉਹ ਕੰਮ ਕੀਤੇ ਹਨ, ਜਿਹੜੇ ਹੋਰਨਾਂ ਪਾਰਟੀਆਂ ਦੀਆਂ ਸਰਕਾਰਾਂ ਆਪਣੇ ਆਖਰੀ 3 ਮਹੀਨਿਆਂ ਵਿੱਚ ਕਰਦੀਆਂ ਹਨ | ਹੁਣ ਰਿਸ਼ਵਤਖੋਰੀ ਬੰਦ ਹੋ ਗਈ ਹੈ ਅਤੇ ਭਿ੍ਸ਼ਟਾਚਾਰੀਆਂ ਨੂੰ ਜੇਲ੍ਹਾਂ ‘ਚ ਸੁੱਟਿਆ ਜਾ ਰਿਹਾ ਹੈ | ਲੋਕਾਂ ਦੀ ਕਮਾਈ ਖਾਣ ਵਾਲੀਆਂ ਚਿੱਟਫੰਡ ਕੰਪਨੀਆਂ ਦੀਆਂ ਜਾਇਦਾਦਾਂ ਵੇਚ ਕੇ ਪੀੜਤ ਪਰਵਾਰਾਂ ਦਾ ਇੱਕ-ਇੱਕ ਪੈਸਾ ਵਾਪਸ ਦਿੱਤਾ ਜਾਵੇਗਾ | ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਉਨ੍ਹਾ ਦੀ ਅਪੀਲ ਨੂੰ ਮੰਨਦਿਆਂ ਝੋਨੇ ਦੀ ਸਿੱਧੀ ਬਿਜਾਈ 21 ਲੱਖ ਏਕੜ ਜ਼ਮੀਨ ‘ਤੇ ਕੀਤੀ ਹੈ ਅਤੇ ਮੂੰਗ ਦਾਲ ਦੀ ਬਿਜਾਈ 1 ਲੱਖ 25 ਹਜ਼ਾਰ ਏਕੜ ਵਿੱਚ ਕੀਤੀ ਹੈ | ਉਹਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ, ‘ਜਦੋਂ ਲੋਕ ਆਪਣੀ ਆਈ ‘ਤੇ ਆ ਜਾਂਦੇ ਹਨ ਤਾਂ ਫਿਰ ਨਹੀਂ ਦੇਖਦੇ ਸਾਹਮਣੇ ਕਿੰਨਾ ਵੱਡਾ ਲੀਡਰ ਹੈ, ਵੱਡੇ-ਵੱਡੇ ਲੀਡਰਾਂ ਨੂੰ ਲੋਕ ਹਰਾ ਦਿੰਦੇ ਹਨ | ਸੁਖਬੀਰ ਬਾਦਲ ਪੰਜਾਬ ‘ਤੇ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦਾ ਸੀ, ਪਰ ਹੁਣ ਉਸ ਦੇ ਕੇਵਲ 3 ਵਿਧਾਇਕ ਹਨ | ਭਾਵੇਂ ਸਕੂਟਰ ‘ਤੇ ਵਿਧਾਨ ਸਭਾ ਆ ਜਾਣ | ਅੱਜ ਚੋਣ ਪ੍ਰਚਾਰ ‘ਚ ਅਕਾਲੀ ਦਲ ਦੇ ਪੋਸਟਰਾਂ ‘ਤੇ ਸੁਖਬੀਰ ਬਾਦਲ ਦੀ ਫ਼ੋਟੋ ਵੀ ਨਹੀਂ, ਸਾਰਾ ਟੱਬਰ ਹੀ ਗਾਇਬ ਹੋ ਗਿਆ ਹੈ |’ ਮਾਨ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਡੇ-ਵੱਡੇ ਲੀਡਰਾਂ ਨੂੰ ਤੁਸੀਂ (ਲੋਕਾਂ) ਹੀ ਹਰਾਇਆ ਸੀ, ਹੁਣ ਵੀ ਹਰਾਓਗੇ ਅਤੇ ਅੱਗੇ ਨੂੰ ਵੀ ਹਰਾਉਂਦੇ ਰਹੋਗੇ |
ਉਹਨਾ ਵਿਰੋਧੀ ਪਾਰਟੀਆਂ ਭਾਜਪਾ, ਅਕਾਲੀ ਦਲ ਅੰਮਿ੍ਤਸਰ ਅਤੇ ਕਾਂਗਰਸ ਦੀ ਸ਼ਖਤ ਅਲੋਚਨਾ ਕਰਦਿਆਂ ਕਿਹਾ, ‘ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪਹਿਲਾਂ ਕਿਸਾਨਾਂ ਅਤੇ ਮਜ਼ਦੂਰਾਂ ਖ਼ਿਲਾਫ਼ ਕਾਲ਼ੇ ਕਾਨੂੰਨ ਲਿਆਂਦੇ ਸਨ ਅਤੇ ਹੁਣ ਦੇਸ਼ ਦੇ ਨੌਜਵਾਨਾਂ ਖ਼ਿਲਾਫ਼ ਅਗਨੀਪੱਥ ਨਾਂਅ ਦੀ ਕਾਲ਼ੀ ਸਕੀਮ ਲਿਆਂਦੀ ਹੈ, ਜਿਸ ਦਾ ਦੇਸ਼ ਭਰ ‘ਚ ਵਿਰੋਧ ਹੋ ਰਿਹਾ ਹੈ | ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਪਾਰਟੀ ਬਦਲ ਲੈਂਦਾ, ਪਰ ਕਾਂਗਰਸ ਵਾਲੀ ਜੈਕਟ ਨਹੀਂ ਬਦਲਦਾ | ਦੂਜੇ ਪਾਸੇ ਕਾਂਗਰਸ ਵਾਲੇ ਆਪਣੇ ਭਿ੍ਸ਼ਟ ਮੰਤਰੀ ਧਰਮਸੋਤ ਦੀ ਸੋਚ ‘ਤੇ ਪਹਿਰਾ ਦੇਣ ਦੇ ਨਾਅਰੇ ਲਾ ਰਹੇ ਹਨ ਅਤੇ ਭਿ੍ਸ਼ਟਾਚਾਰ ਨੂੰ ਆਪਣਾ ਹੱਕ ਮੰਨਣ ਲੱਗੇ ਹਨ | ਜਦੋਂ ਕਿ ਸਿਮਰਨਜੀਤ ਸਿੰਘ ਮਾਨ ਚੋਣਾਂ ਲੜਨ ਦਾ ਰਿਕਾਰਡ ਬਣਾਉਣ ‘ਚ ਲੱਗੇ ਹੋਏ ਹਨ |’ ਮਾਨ ਨੇ ਕਿਹਾ ਕਿ ਉਨ੍ਹਾ ਵੱਲੋਂ ਅਸਤੀਫ਼ਾ ਦੇਣ ਕਾਰਨ ਸੰਗਰੂਰ ਸੀਟ ਖਾਲੀ ਹੋਈ ਹੈ, ਕਿਉਂਕਿ ਤੁਸੀਂ (ਲੋਕਾਂ ਨੇ) ਸੰਸਦ ਮੈਂਬਰ ਤੋਂ ਮੁੱਖ ਮੰਤਰੀ ਬਣਾ ਕੇ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਹੈ | ਸੰਗਰੂਰ ਸੀਟ ‘ਤੇ ‘ਆਪ’ ਨੇ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਮੈਦਾਨ ਵਿੱਚ ਉਤਾਰਿਆ ਹੈ | ਇਸ ਲਈ 23 ਜੂਨ ਨੂੰ ਆਪਣਾ ਕੀਮਤੀ ਵੋਟ ‘ਝਾੜੂ’ ਦਾ ਬਟਨ ਦੱਬ ਕੇ ਗੁਰਮੇਲ ਸਿੰਘ ਨੂੰ ਸੰਸਦ ਵਿੱਚ ਭੇਜ ਦੇਣਾ ਅਤੇ ਸੰਸਦ ‘ਚ ਬੋਲਣ ਦਾ ਪਾਸਵਰਡ ਉਹ (ਮਾਨ) ਗੁਰਮੇਲ ਸਿੰਘ ਨੂੰ ਦੱਸ ਦੇਣਗੇ |
ਠੀਕਰੀਵਾਲ ਦੇਸ਼, ਕੌਮ ਤੇ ਮਨੁੱਖੀ ਹੱਕਾਂ ਦੇ ਰਾਖੇ
ਮੁੱਖ ਮੰਤਰੀ ਭਗਵੰਤ ਮਾਨ ਅਤੇ ਉਮੀਦਵਾਰ ਗੁਰਮੇਲ ਸਿੰਘ ਨੇ ਪ੍ਰਸਿੱਧ ਪਿੰਡ ਠੀਕਰੀਵਾਲ ਪਹੁੰਚ ਕੇ ਸੇਵਾ ਸਿੰਘ ਠੀਕਰੀਵਾਲ ਦੀ ਯਾਦਗਾਰ ‘ਤੇ ਮੱਥਾ ਟੇਕ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ | ਇਸ ਸਮੇਂ ਮੁੱਖ ਮੰਤਰੀ ਨੇ ਕਿਹਾ, ‘ਸੇਵਾ ਸਿੰਘ ਠੀਕਰੀਵਾਲ ਦੇਸ਼, ਕੌਮ ਅਤੇ ਮਨੁੱਖੀ ਹੱਕਾਂ ਦੇ ਰਾਖੇ ਸਨ | ਉਨ੍ਹਾ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਅਤੇ ਸੰਘਰਸ਼ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ | ਸੇਵਾ ਸਿੰਘ ਠੀਕਰੀਵਾਲ ਦੀ ਸ਼ਹਾਦਤ ਸਾਡੇ ਮਨਾਂ ‘ਚ ਦੱਬੇ-ਕੁਚਲੇ ਲੋਕਾਂ ਦੇ ਮਾਨਵੀ ਹੱਕਾਂ ਲਈ ਸੰਘਰਸ਼ ਕਰਨ ਦੀ ਮਿਸਾਲ ਜਗਾਉਂਦੀ ਰਹੇਗੀ |’

Related Articles

LEAVE A REPLY

Please enter your comment!
Please enter your name here

Latest Articles