15.7 C
Jalandhar
Thursday, November 21, 2024
spot_img

ਭਾਜਪਾ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਇੱਕ ਮੰਚ ’ਤੇ ਇਕੱਠੀਆਂ ਹੋਣ : ਅਰਸ਼ੀ

ਬਹਿਰਾਮ (ਅਵਤਾਰ ਕਲੇਰ)
ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਨ ਸ਼ਹੀਦ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸਾਬਕਾ ਮੀਤ ਸਕੱਤਰ, ਸੀ ਪੀ ਆਈ ਦੇ ਸਾਬਕਾ ਸੂਬਾ ਕੌਂਸਲ ਮੈਂਬਰ ਅਤੇ ਆਲ ਇੰਡੀਆ ਖੇਤ ਮਜ਼ਦੂਰ ਸਭਾ ਕੌਂਸਲ ਦੇ ਸਾਬਕਾ ਮੈਂਬਰ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਦੀ 35ਵੀਂ ਸਾਲਾਨਾ ਬਰਸੀ ਪਿੰਡ ਮੇਹਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਨਾਈ ਗਈ। ਸ਼ਹੀਦੀ ਸਮਾਗਮ ਦੀ ਪ੍ਰਧਾਨਗੀ ਸੁਰਿੰਦਰ ਪਾਲ ਸਰਪੰਚ, ਅਮਰਜੀਤ ਮੇਹਲੀ ਤੇ ਮੁਕੰਦ ਲਾਲ ਨਵਾਂ ਸ਼ਹਿਰ ਨੇ ਕੀਤੀ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਦੇ ਮੈਂਬਰ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ, ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਪੰਜਾਬ ਤੇ ਸਵਰਨ ਸਿੰਘ ਅਕਲਪੁਰੀ ਨੇ ਸੰਬੋਧਨ ਕੀਤਾ। ਸ੍ਰੀ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਮਲਕੀਤ ਚੰਦ ਮੇਹਲੀ ਮਜ਼ਦੂਰਾਂ, ਕਿਸਾਨਾਂ ਅਤੇ ਗਰੀਬ ਲੋਕਾਂ ਦੇ ਆਗੂ ਸਨ। ਉਹਨਾ ਆਪਣੀ ਸਾਰੀ ਜ਼ਿੰਦਗੀ ਗਰੀਬ ਲੋਕਾਂ ਦੇ ਲੇਖੇ ਲਾਈ ਅਤੇ ਆਪਣੀ ਕੁਰਬਾਨੀ ਦਿੱਤੀ। ਉਹਨਾ ਕਿਹਾ ਕਿ ਸਾਥੀ ਮੇਹਲੀ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਇਲਾਕੇ ਵਿੱਚ ਜਲਸੇ, ਡਰਾਮੇ ਕਰਾਉਣੇ, ਫੰਡ ਇਕੱਠਾ ਕਰਨਾ , ਪਾਰਟੀ ਸਕੂਲ ਲਾਉਣੇ ਆਦਿ ਸਾਰਾ ਇੰਤਜ਼ਾਮ ਕਰਦੇ। ਉਹਨਾ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਵਿੱਚ ਲਾਲ ਝੰਡੇ ਦੇ ਸੈਂਕੜੇ ਵਰਕਰ ਅਤੇ ਆਗੂਆਂ ਨੇ ਕੁਰਬਾਨੀਆਂ ਦਿੱਤੀਆਂ, ਅੱਜ ਕਾਮਰੇਡਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹਨ । ਲੋਕ ਆਪਣੇ ਆਗੂਆਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਦੇ ਹਨ, ਉਹ ਅੱਜ ਵੀ ਸਾਡੇ ਲਈ ਜਿਉਂਦੇ ਹਨ, ਕਿਉਂਕਿ ਉਨ੍ਹਾਂ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਉਹਨਾਂ ਦੀ ਪਾਰਟੀ ਅਤੇ ਸਾਥੀਆਂ ਦੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਉਹਨਾਂ ਕਾਤਲਾਂ ਨੂੰ ਲੋਕ ਲਾਹਨਤਾਂ ਪਾਉਂਦੇ ਹਨ। ਉਹਨਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਧਰਮ ਦੇ ਨਾਂਅ ਤੇ ਲੋਕਾਂ ਵਿੱਚ ਫਿਰਕੂਵਾਦ ਫੈਲਾਉਣਾ ਚਾਹੁੰਦੀ ਹੈ। ਆਰ ਐੱਸ ਐੱਸ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾ ਕਿਹਾ ਕਿ ਕਰਨਾਟਕ ਚੋਣਾਂ ਦੌਰਾਨ ਭਾਜਪਾ ਅਤੇ ਆਰ ਐੱਸ ਐੱਸ ਵਾਲੇ ਵੋਟਾਂ ਵੇਲੇ ਕਹਿ ਰਹੇ ਸਨ ਕਿ ਵੋਟ ਪਾਉਣ ਵੇਲੇ ਬਜਰੰਗ ਬਲੀ ਦਾ ਨਾਹਰਾ ਲਾ ਕੇ ਵੋਟ ਪਾਇਓ। ਚੋਣ ਕਮਿਸ਼ਨ ਇਸ ਮਾਮਲੇ ’ਤੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਿਆ। ਕਰਨਾਟਕ ਵਿੱਚ ਭਾਜਪਾ ਦੀ ਹਾਰ ਹੋਈ ਹੈ, ਇਹ ਇੱਕ ਸ਼ੁਭ ਸੰਕੇਤ ਹੀ ਹੈ। ਕਰਨਾਟਕ ਦੇ ਲੋਕ ਇਸ ਲਈ ਵਧਾਈ ਦੇ ਪਾਤਰ ਹਨ।
ਉਹਨਾ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਹੋਣਾ ਚਾਹੀਦਾ ਹੈ। ਜੇ 2024 ’ਚ ਕੇਂਦਰ ਵਿੱਚ ਭਾਜਪਾ ਸਰਕਾਰ ਆਉਂਦੀ ਹੈ ਤਾਂ ਹੋ ਸਕਦਾ ਇਹ ਭਾਰਤ ਵਿੱਚ ਆਖਰੀ ਚੋਣਾਂ ਹੋਣ । ਸੰਵਿਧਾਨ ਵਿੱਚ ਸੋਧਾਂ ਕੀਤੀਆਂ ਜਾਣਗੀਆਂ, ਇੱਕ ਵਿਅਕਤੀ ਕੋਲ ਤਾਕਤਾਂ ਹੋਣਗੀਆ ਅਤੇ ਆਮ ਲੋਕਾਂ ’ਤੇ ਤਸ਼ੱਦਦ ਵਧੇਗਾ। ਕਮਿਊਨਿਸਟਾਂ ’ਤੇ ਪਾਬੰਦੀਆਂ ਲੱਗ ਜਾਣਗੀਆਂ। ਇਸ ਲਈ ਸਾਰੀਆਂ ਕਮਿਊਨਿਸਟ ਪਾਰਟੀਆਂ ਨੂੰ ਇੱਕ ਝੰਡੇ ਅਤੇ ਇੱਕ ਪਲੇਟਫਾਰਮ ’ਤੇ ਇਕੱਠੇ ਹੋਣਾ ਚਾਹੀਦਾ ਹੈ।
ਪੰਜਾਬ ਖੇਤ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਨੂੰ ਲਾਰੇ ਲਾ ਕੇ ਸੱਤਾ ਵਿੱਚ ਆਈ, ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਲੋਕਾਂ ਨੂੰ ਲਾਰੇ ਹੀ ਲਾਏ। ਮਾਨ ਮਜ਼ਦੂਰ ਜਥੇਬੰਦੀਆਂ ਨੂੰ 6 ਵਾਰ ਮੀਟਿੰਗ ਦਾ ਟਾਇਮ ਦੇ ਕੇ ਨਹੀਂ ਆਏ। ਉਹਨਾ ਕਿਹਾ ਕਿ ਸਾਥੀ ਮਲਕੀਤ ਚੰਦ ਮੇਹਲੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਪਿੰਡ-ਪਿੰਡ ਪੰਜਾਬ ਖੇਤ ਮਜ਼ਦੂਰ ਸਭਾ ਦੀਆਂ ਬ੍ਰਾਂਚਾਂ ਬਣਾਈਏ ਅਤੇ ਲਾਲ ਝੰਡੇ ਨੂੰ ਉੱਚਾ ਰੱਖੀਏ। ਸਵਰਨ ਸਿੰਘ ਅਕਲਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਥੀ ਮੇਹਲੀ ਇੱਕ ਸੱਚੇ ਦੇਸ਼ ਭਗਤ ਸਨ। ਉਹਨਾਂ ਕੱਪੜਾ ਮਿੱਲ ਫਗਵਾੜਾ ਵਿਖੇ ਹੋਈਆਂ ਘਟਨਾਵਾਂ, ਆਪਣੀ ਸਾਂਝ ਅਤੇ ਇਕੱਠਿਆਂ ਕੀਤੇ ਸੰਘਰਸ਼ ਨੂੰ ਯਾਦ ਕੀਤਾ। ਸਰਪੰਚ ਸੁਰਿੰਦਰ ਪਾਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਨਰੰਜਣ ਦਾਸ ਮੇਹਲੀ ਨੇ ਪਹੁੰਚੇ ਹੋਏ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।
ਸਟੇਜ ਸਕੱਤਰ ਦੀ ਭੂਮਿਕਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸੁਤੰਤਰ ਕੁਮਾਰ ਨੇ ਨਿਭਾਈ। ਮਾਸਟਰ ਮੇਘ ਰਾਜ ਰੱਲਾ ਦੀ ਅਗਵਾਈ ਹੇਠ ਲੋਕ ਕਲਾ ਮੰਚ ਜ਼ੀਰਾ ਵਲੋਂ ਇਨਕਲਾਬੀ ਨਾਟਕ ਅਤੇ ਕੋਰੀਓਗਰਾਫੀਆ ਪੇਸ਼ ਕੀਤਾ ਗਈਆ। ਪੰਜਾਬੀ ਗਾਇਕ ਗੁਰਮੇਜ ਮੇਹਲੀ ਵਲੋਂ ਇਨਕਲਾਬੀ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜ਼ਿਲ੍ਹੇ ਦੇ ਆਗੂ ਅਤੇ ਵੱਖ-ਵੱਖ ਪਿੰਡਾਂ ਚਰਨਜੀਤ ਥੰਮੂਵਾਲ ਸੀ ਪੀ ਆਈ ਤਹਿਸੀਲ ਸਕੱਤਰ ਨਕੋਦਰ, ਸਕੰਦਰ ਸੰਧੂ ਜ਼ਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਸਭਾ ਜਲੰਧਰ, ਸੁਤੰਤਰ ਕੁਮਾਰ ਜ਼ਿਲ੍ਹਾ ਸਕੱਤਰ, ਪਰਮਿੰਦਰ ਮੇਨਕਾ ਤਹਿਸੀਲ ਸਕੱਤਰ ਬਲਾਚੌਰ, ਮੁਕੰਦ ਲਾਲ ਤਹਿਸੀਲ ਸਕੱਤਰ ਨਵਾਂ ਸ਼ਹਿਰ, ਬੀਬ ਗੁਰਬਖਸ਼ ਕੌਰ ਜ਼ਿਲ੍ਹਾ ਸਕੱਤਰ ਇਸਤਰੀ ਸਭਾ, ਬੀਨਾ ਰਾਣੀ, ਰਾਜਵੀਰ ਕੌਰ, ਜਸਵਿੰਦਰ ਸਿੰਘ ਭੰਗਲ, ਬਲਜਿੰਦਰ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ, ਕਸਸ਼ੀਰ ਸਿੰਘ, ਸਤਨਾਮ ਚਾਹਲ, ਕਰਨੈਲ ਕਰਨਾਣਾ, ਨਰਿੰਦਰ ਬੁਰਜ, ਗੁਰਮੁਖ ਸਿੰਘ ਫਰਾਲਾ, ਰਘਵਿੰਦਰ ਸਿੰਘ ਨਵਾਂ ਸ਼ਹਿਰ ਤੋਂ ਇਲਾਵਾ ਨਰੰਜਣ ਦਾਸ ਮੇਹਲੀ, ਸਰਪੰਚ ਸੁਰਿੰਦਰ ਪਾਲ, ਅਮਰਜੀਤ ਮੇਹਲੀ, ਹੁਸਨ ਲਾਲ ਰਾਣਾ, ਪਵਨ ਕੁਮਾਰ, ਭਾਈ ਕੁਲਵਿੰਦਰ ਸਿੰਘ, ਬੁੱਧ ਪ੍ਰਕਾਸ਼ ਸ਼ੌਂਕੀ, ਤਰਸੇਮ ਲਾਲ, ਜੀਤ ਰਾਮ, ਅਸ਼ੋਕ ਭਲਵਾਨ, ਰਾਮ ਪਾਲ ਨੰਬਰਦਾਰ ਜੰਡਿਆਲੀ, ਰਾਮ ਲਾਲ , ਜਗਦੀਸ਼ ਕੌਰ ਸਾਬਕਾ ਸਰਪੰਚ, ਸ਼ੀਲਾ ਰਾਣੀ, ਬੀਬੀ ਪਿਆਰੀ, ਕੁਲਵੀਰ ਕੌਰ, ਗੁਰਮੀਤ ਰਾਮ ਤੇ ਗੁਰਦੀਪ ਲਾਲ ਦੀਪਾ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles