ਕੋਲਕਾਤਾ : ਦਿੱਲੀ ’ਚ ਸੇਵਾਵਾਂ ’ਤੇ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਖਿਲਾਫ ਲੜਾਈ ਲਈ ਹਮਾਇਤ ਜੁਟਾਉਣ ਦੇ ਸੰਬੰਧ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਾਲ ਲੈ ਕੇ ਮੰਗਲਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲੇ। ਉਨ੍ਹਾ ਦੇ ਨਾਲ ‘ਆਪ’ ਆਗੂ ਰਾਘਵ ਚੱਢਾ, ਸੰਜੇ ਸਿੰਘ ਤੇ ਆਤਿਸ਼ੀ ਸਿੰਘ ਵੀ ਸਨ।
ਮਮਤਾ ਨੇ ਕੇਜਰੀਵਾਲ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾਕੇਂਦਰ ਸਰਕਾਰ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਆਰਡੀਨੈਂਸ ਨੂੰ ਕਾਨੂੰਨ ਬਣਾਉਣ ਲਈ ਬਿੱਲ ਲਿਆਏਗੀ ਤਾਂ ਉਨ੍ਹਾ ਦੀ ਪਾਰਟੀ ਵਿਰੋਧ ਕਰੇਗੀ। ਉਨ੍ਹਾ ਹੋਰਨਾਂ ਪਾਰਟੀਆਂ ਨੂੰ ਵੀ ਵਿਰੋਧ ਕਰਨ ਦੀ ਅਪੀਲ ਕੀਤੀ। ਉਨ੍ਹਾ ਕੇਂਦਰ ਸਰਕਾਰ ਨੂੰ ਲੈ ਕੇ ਕਿਹਾਉਹ ਕੀ ਸੋਚਦੇ ਹਨ? ਕੀ ਅਸੀਂ ਉਨ੍ਹਾਂ ਦੇ ਬੰਧੂਆ ਮਜ਼ਦੂਰ ਹਾਂ? ਕੀ ਅਸੀਂ ਉਨ੍ਹਾਂ ਦੇ ਨੌਕਰ ਹਾਂ? ਸਾਨੂੰ ਚਿੰਤਾ ਹੈ ਕਿ ਉਹ ਸੰਵਿਧਾਨ ਬਦਲ ਸਕਦੇ ਹਨ ਤੇ ਦੇਸ਼ ਦਾ ਨਾਂਅ ਪਾਰਟੀ ਦੇ ਨਾਂਅ ’ਤੇ ਰੱਖ ਸਕਦੇ ਹਨ। ਉਹ ਸੰਵਿਧਾਨ ਨੂੰ ਤਬਾਹ ਕਰਨਾ ਚਾਹੁੰਦੇ ਹਨ। ਸਿਰਫ ਸੁਪਰੀਮ ਕੋਰਟ ਹੀ ਦੇਸ਼ ਨੂੰ ਬਚਾ ਸਕਦੀ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਵੀ ਸੋਮਵਾਰ ਕਿਹਾ ਸੀ ਕਿ ਇਸ ਮਾਮਲੇ ਵਿਚ ਉਹ ‘ਆਪ’ ਤੇ ਕੇਜਰੀਵਾਲ ਦੇ ਨਾਲ ਹਨ। ਕੇਜਰੀਵਾਲ 24 ਤੇ 25 ਮਈ ਨੂੰ ਮੁੰਬਈ ਵਿਚ ਸ਼ਰਦ ਪਵਾਰ ਤੇ ਊਧਵ ਠਾਕਰੇ ਨੂੰ ਮਿਲਣਗੇ।
ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੇਵਾਵਾਂ ਕੰਟਰੋਲ ਦਿੱਲੀ ਸਰਕਾਰ ਦਾ ਹੋਵੇਗਾ, ਪਰ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕਰਕੇ ਨੈਸ਼ਨਲ ਕੈਪੀਟਲ ਸਿਵਲ ਸਰਵਿਸ ਅਥਾਰਟੀ ਬਣਾ ਦਿੱਤੀ, ਜਿਸ ਨਾਲ ਕੇਂਦਰ ਦਾ ਇਕ ਤਰ੍ਹਾਂ ਨਾਲ ਅਫਸਰਾਂ ਦੀਆਂ ਬਦਲੀਆਂ ਤੇ ਨਿਯੁਕਤੀਆਂ ’ਤੇ ਫਿਰ ਕੰਟਰੋਲ ਹੋ ਜਾਵੇਗਾ। ‘ਆਪ’ ਇਸ ਲੜਾਈ ਵਿਚ ਸਾਰੀਆਂ ਆਪੋਜ਼ੀਸ਼ਨ ਪਾਰਟੀਆਂ ਦੀ ਹਮਾਇਤ ਮੰਗ ਚੁੱਕੀ ਹੈ। ਉਸ ਦੇ ਆਗੂ ਸਾਰੀਆਂ ਆਪੋਜ਼ੀਸ਼ਨ ਪਾਰਟੀਆਂ ਦੇ ਆਗੂਆਂ ਨੂੰ ਮਿਲਣਗੇ।