ਪਟਿਆਲਾ : ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨਾਲ ਬਿਜਲੀ ਮੰਤਰੀ ਪੰਜਾਬ ਅਤੇ ਪਾਵਰ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਮੰਗਾਂ ਸੰਬੰਧੀ 25 ਮਈ ਨੂੰ ਮੁਹਾਲੀ ਗੈਸਟ ਹਾਊਸ ਵਿਖੇ ਮੀਟਿੰਗ ਰੱਖ ਕੇ ਮਸਲੇ ਹੱਲ ਕਰਨ ਦਾ ਭਰੋਸਾ ਦੇਣ ’ਤੇ 25 ਮਈ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੰਮਿ੍ਰਤਸਰ ਵਿਖੇ ਦੇਣ ਵਾਲਾ ਸੂਬਾਈ ਰੋਸ ਧਰਨਾ ਜੁਆਇੰਟ ਫੋਰਮ ਨੇ ਆਨਲਾਈਨ ਮੀਟਿੰਗ ਕਰਕੇ 30 ਮਈ ਤੱਕ ਮੁਲਤਵੀ ਕਰ ਦਿੱਤਾ ਹੈ। ਜੁਆਇੰਟ ਫੋਰਮ ਦੇ ਆਗੂਆਂ ਕਰਮ ਚੰਦ ਭਾਰਦਵਾਜ, ਰਤਨ ਸਿੰਘ ਮਜਾਰੀ, ਬਲਦੇਵ ਸਿੰਘ ਮੰਢਾਲੀ, ਕੌਰ ਸਿੰਘ ਸੋਹੀ, ਰਵੇਲ ਸਿੰਘ ਸਹਾਏਪੁਰ, ਜਗਜੀਤ ਸਿੰਘ ਕੋਟਲੀ, ਸਿਕੰਦਰ ਨਾਥ, ਜਗਰੂਪ ਸਿੰਘ ਮਹਿੰਮਦਪੁਰ, ਜਗਜੀਤ ਸਿੰਘ ਕੰਡਾ, ਹਰਪਾਲ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਕੈਂਥ, ਰਮੇਸ਼ ਸਿੰਘ, ਸਰਬਜੀਤ ਭਾਣਾ, ਸੁਖਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ, ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨ, ਡੀ ਏ ਦੇ ਬਕਾਇਆ ਦੇਣ, 295/19 ਸੀ ਆਰ ਏ ਰਾਹੀਂ ਭਰਤੀ ਕਰਮਚਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰਨ, ਪਰਖ ਕਾਲ ਪੂਰਾ ਕਰ ਚੁੱਕੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣ, ਭੱਤਿਆਂ ਵਿੱਚ ਯੋਗ ਵਾਧਾ ਕਰਨ, ਧੱਕੇ ਨਾਲ ਮੁਲਾਜ਼ਮਾਂ ਤੋਂ ਅਣਉਚਿਤ ਡਿਊਟੀਆਂ ਲੈਣ, ਮੁਲਾਜ਼ਮਾਂ ਦੀਆਂ ਤਰੱਕੀਆਂ ਰਹਿੰਦੇ ਕੇਡਰਾਂ ਨੂੰ ਪੇ ਬੈਂਡ ਦੇਣ, ਗਰਿੱਡਾਂ ਦੀ ਅਤੇ ਮੁਲਾਜ਼ਮਾਂ ਦੀ ਸੁਰੱਖਿਆ, ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਨੁਮਾਇੰਦਗੀ ਦੇਣ ਆਦਿ 50 ਨੁਕਾਤੀ ਮੰਗ ਪੱਤਰ ਅਨੁਸਾਰ ਮੰਗਾਂ ਮੰਨਣ ਤੋਂ ਟਾਲ-ਮਟੋਲ ਕਰ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਸਖਤ ਰੋਸ ਹੈ। ਕਰਮ ਚੰਦ ਭਾਰਦਵਾਜ ਸਕੱਤਰ ਨੇ ਦੱਸਿਆ ਕਿ ਜੇਕਰ ਮੰਤਰੀ ਨਾਲ ਮੀਟਿੰਗ ਵਿੱਚ ਮਸਲੇ ਹੱਲ ਨਾ ਹੋਏ ਤਾਂ 30 ਮਈ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੰਮਿ੍ਰਤਸਰ ਵਿਖੇ ਸੂਬਾਈ ਧਰਨਾ ਦਿੱਤਾ ਜਾਵੇਗਾ ਅਤੇ ਸੰਘਰਸ਼ ਨੂੰ ਚਾਲੂ ਰੱਖਦਿਆ ਹੋਰ ਤੇਜ਼ ਕੀਤਾ ਜਾਵੇਗਾ।