ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੇ ਨਤੀਜਿਆਂ ਵਿਚ ਕੁੜੀਆਂ ਦੀ ਝੰਡੀ ਰਹੀ। ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੀ ਸੁਜਾਨ ਕੌਰ ਨੇ 100 ਫੀਸਦੀ (500/500) ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਬਠਿੰਡਾ ਦੀ ਸ਼ਰੇਆ ਸਿੰਗਲਾ ਨੇ 498 ਅੰਕ ਲੈ ਕੇ ਦੂਜਾ ਅਤੇ ਲੁਧਿਆਣਾ ਦੀ ਨਵਪ੍ਰੀਤ ਕੌਰ ਨੇ 497 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਹ ਤਿੰਨੋਂ ਵਿਦਿਆਰਥਣਾਂ ਹਿਊਮੈਨਟੀਜ਼ ਗਰੁੱਪ ਦੀਆਂ ਹਨ। ਕੁਲ ਨਤੀਜਾ 92.47 ਫੀਸਦੀ ਰਿਹਾ। ਗੁਰਦਾਸਪੁਰ ਜ਼ਿਲ੍ਹਾ 96.91 ਫੀਸਦੀ ਨਾਲ ਸਭ ਤੋਂ ਅੱਗੇ ਰਿਹਾ।ਹਿਊਮੈਨਟੀਜ਼ ਗਰੁੱਪ ਵਿਚ ਪਹਿਲਾ ਸਥਾਨ ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਸੁਜਾਨ ਕੌਰ ਨੇ ਹਾਸਲ ਕੀਤਾ। ਉਸ ਨੇ 500 ਵਿਚੋਂ 500 ਨੰਬਰ ਹਾਸਲ ਕੀਤੇ। ਇਸੇ ਤਰ੍ਹਾਂ ਐੱਮ ਐੱਸ ਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੀ ਸ਼ਰੇਆ ਸਿੰਗਲਾ ਨੇ 498 ਨੰਬਰ ਹਾਸਲ ਕਰ ਕੇ ਦੂਸਰਾ ਸਥਾਨ ਹਾਸਲ ਕੀਤਾ। ਲੁਧਿਆਣਾ ਦੇ ਬੀ ਸੀ ਐੱਮ ਸੀਨੀਅਰ ਸੈਕੰਡਰੀ ਸਕੂਲ ਐਚ.ਐਮ 150 ਜਮਾਲਪੁਰ ਕਲੋਨੀ ਫੋਕਲ ਪੁਆਇੰਟ ਲੁਧਿਆਣਾ ਨੇ 497 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਬੋਰਡ ਵੱਲੋਂ ਬੁੱਧਵਾਰ ਐਲਾਨੇ ਗਏ ਨਤੀਜਿਆਂ ਅਨੁਸਾਰ ਸਾਇੰਸ 98.68, ਕਾਮਰਸ 98.30 ਫੀਸਦੀ, ਹਿਊਮੈਨਟੀਜ਼ 90.62 ਅਤੇ ਵੋਕੇਸ਼ਨਲ ਦਾ ਨਤੀਜਾ 84.66 ਫੀਸਦੀ ਰਿਹਾ। ਇਸ ਸਾਲ 6.25 ਫੀਸਦੀ ਕੰਪਾਰਟਮੈਂਟ ਆਈਆਂ।
ਇਸ ਵਾਰ 296709 ਵਿਦਿਆਰਥੀ ਪੇਪਰਾਂ ਵਿੱਚ ਬੈਠੇ , ਜਿਨ੍ਹਾਂ ਵਿਚੋਂ 274378 ਵਿਦਿਆਰਥੀ ਪਾਸ ਹੋਏ, ਜਦਕਿ 3637 ਵਿਦਿਆਰਥੀ ਫੇਲ੍ਹ ਹੋਏ। ਇਸ ਤੋਂ ਇਲਾਵਾ 18569 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਅਤੇ 125 ਵਿਦਿਆਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ। ਕੁੜੀਆਂ ਦੀ ਪਾਸ ਫੀਸਦ 95.14 ਫੀਸਦੀ ਰਹੀ ਅਤੇ ਲੜਕਿਆਂ ਦੀ ਪਾਸ ਫੀਸਦੀ 90.25। ਸ਼ਹਿਰੀ ਖੇਤਰਾਂ ਵਿਚ ਪਾਸ ਫੀਸਦੀ 92.90 , ਪੇਂਡੂ ਖੇਤਰਾਂ ਵਿਚ 92.17, ਸਰਕਾਰੀ ਸਕੂਲਾਂ ਵਿੱਚ 91.86, ਨਿੱਜੀ ਸਕੂਲਾਂ ਦੀ ਪਾਸ ਫੀਸਦੀ 94.77 ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਪਾਸ ਫੀਸਦੀ 91.03 ਫੀਸਦੀ ਰਹੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧੀਆ ਨਤੀਜਿਆਂ ਲਈ ਵਧਾਈ ਦਿੱਤੀ ਹੈ।
ਜੇ ਆਰ ਮਹਿਰੋਕ ਕੰਟਰੋਲਰ ਪ੍ਰੀਖਿਆਵਾਂ ਮੁਤਾਬਕ ਨਤੀਜਾ ਐਲਾਨੇ ਜਾਣ ਦੇ ਇੱਕ ਹਫ਼ਤੇ ਉਪਰੰਤ ਪ੍ਰੀਖਿਆਰਥੀਆਂ ਦੇ ਡਿਜੀਟਲ ਸਰਟੀਫ਼ਿਕੇਟ ਡਿਜੀਲਾਕਰ ’ਤੇ ਉਪਲੱਬਧ ਹੋਣਗੇ। ਪ੍ਰੀਖਿਆਰਥੀ ਆਪਣੇ ਡਿਜੀਟਲ ਸਰਟੀਫ਼ਿਕੇਟ ਡਿਜੀਲਾਕਰ ਰਾਹੀਂ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਪ੍ਰੀਖਿਆਰਥੀਆਂ ਵੱਲੋਂ ਆਪਣੇ ਪ੍ਰੀਖਿਆ ਫ਼ਾਰਮ ਵਿੱਚ ਸਰਟੀਫ਼ਿਕੇਟ ਦੀ ਹਾਰਡ ਕਾਪੀ ਲਈ ਆਪਸ਼ਨ ਭਰੀ ਗਈ ਸੀ, ਅਜਿਹੇ ਪ੍ਰੀਖਿਆਰਥੀਆਂ ਦੇ ਸਰਟੀਫ਼ਕੇਟ ਨਤੀਜਾ ਐਲਾਨੇ ਜਾਣ ਤੋਂ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਸੰਬੰਧਤ ਸਕੂਲ ਆਪਣੇ ਜ਼ਿਲ੍ਹੇ ਵਿਖੇ ਸਥਿਤ ਸਿੱਖਿਆ ਬੋਰਡ ਦੇ ਖ਼ੇਤਰੀ ਦਫ਼ਤਰਾਂ ਤੋਂ ਪ੍ਰਾਪਤ ਕਰ ਸਕਣਗੇ। ਕੰਪਾਰਟਮੈਂਟ, ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਕੈਟਾਗਰੀਆਂ ਅਧੀਨ ਪਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੇ ਸਰਟੀਫ਼ਿਕੇਟ ਵੀ ਡਿਜੀਲਾਕਰ ਤੇ ਮੁਹੱਈਆ ਕਰਵਾਏ ਜਾਣਗੇ ਅਤੇ ਸਰਟੀਫ਼ਿਕੇਟ ਦੀ ਹਾਰਡ ਕਾਪੀ ਲਈ ਆਪਸ਼ਨ ਭਰਨ ਵਾਲੇ ਪ੍ਰੀਖਿਆਰਥੀਆਂ ਦੇ ਸਰਟੀਫ਼ਿਕੇਟ ਰਜਿਸਟਰਡ ਡਾਕ ਰਾਹੀਂ ਭੇਜੇ ਜਾਣਗੇ। ਨਤੀਜੇ ਸਬੰਧੀ ਪੂਰੇ ਵੇਰਵੇ ਅਤੇ ਨਤੀਜਾ 25 ਮਈ ਨੂੰ ਸਵੇਰੇ 08:00 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ … ਅਤੇ .9. ’ਤੇ ਉਪਲੱਬਧ ਹੋਵੇਗਾ।