ਜਲੰਧਰ : ਕਰਤਾਰ ਸਿੰਘ ਸਰਾਭਾ ਦੇ 127ਵੇਂ ਜਨਮ ਦਿਹਾੜੇ ਮੌਕੇ ਬੁੱਧਵਾਰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਆਯੋਜਿਤ ਸਮਾਗਮ ’ਚ ਕਰਤਾਰ ਸਿੰਘ ਸਰਾਭਾ ਦੀ ਆਜ਼ਾਦੀ ਸੰਘਰਸ਼ ਵਿਚ ਇਤਿਹਾਸਕ ਦੇਣ ਉਪਰ ਗੰਭੀਰ-ਵਿਚਾਰ ਚਰਚਾ ਕੀਤੀ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਗਦਰ ਪਾਰਟੀ, ਗਦਰ ਅਖਬਾਰ, ਫੌਜੀ ਛਾਉਣੀਆਂ ਵਿਚ ਬਰਤਾਨਵੀ ਸਾਮਰਾਜ ਤੋਂ ਮੁਕਤੀ ਲਈ ਉਹਨਾ ਦੇ ਪਾਏ ਇਤਿਹਾਸਕ ਯੋਗਦਾਨ ਤੋਂ ਸਬਕ ਗ੍ਰਹਿਣ ਕਰਦਿਆਂ ਉਹਨਾ ਦੇ ਅਧੂਰੇ ਕਾਜ ਪੂਰੇ ਕਰਨ ਲਈ ਗੰਭੀਰ ਮੰਥਨ ਕਰਨ ਦੀ ਲੋੜ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਲਾਇਬਰੇਰੀ ਕਮੇਟੀ ਦੇ ਕਨਵੀਨਰ ਡਾ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਨਾਲ ਸਮੇਂ-ਸਮੇਂ ਜੁੜੀਆਂ ਇਤਿਹਾਸਕ ਲੜੀਆਂ ਵਿਚ ਕਰਤਾਰ ਸਿੰਘ ਸਰਾਭਾ ਦੀ ਸੂਤਰਧਾਰ ਵਾਲੀ ਭੂਮਿਕਾ ਸਾਡੇ ਇਤਿਹਾਸ ਦਾ ਗੌਰਵਸ਼ਾਲੀ ਸਫਾ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਕੁਝ ਲੋਕ ਇਤਿਹਾਸ ਲਿਖਦੇ ਅਤੇ ਸੰਭਾਲਦੇ ਹਨ, ਪਰ ਸਰਾਭਾ ਉਹ ਸ਼ਖਸੀਅਤ ਸੀ, ਜਿਹੜੇ ਨਵੇਂ ਇਤਿਹਾਸ ਦੀ ਸਿਰਜਣਾ ਕਰਦੇ ਨੇ।
ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਕਿਹਾ ਕਿ ਅਨੇਕਾਂ ਸੰਕਟਾਂ ਵਿਚ ਘਿਰੀ ਜਵਾਨੀ ਦੇ ਰੌਸ਼ਨ ਭਵਿੱਖ ਲਈ ਸਰਾਭਾ ਦੀਆਂ ਪਾਈਆਂ ਅਮਿੱਟ ਪੈੜਾਂ ਮਾਰਗ-ਦਰਸ਼ਕ ਹਨ। ਕਮੇਟੀ ਮੈਂਬਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਦੀ ਸੰਗਰਾਮੀ ਜੀਵਨ-ਗਾਥਾ ਅਤੇ ਬਹੁ-ਪੱਖੀ ਦੇਣ ਦਰਸ਼ਨ, ਇਤਿਹਾਸ, ਰਾਜਨੀਤੀ, ਜਥੇਬੰਦੀ, ਪੱਤਰਕਾਰਤਾ, ਸਾਹਿਤ ਅਤੇ ਸੱਭਿਆਚਾਰ ਦੇ ਵੰਨ-ਸੁਵੰਨੇ ਖੇਤਰਾਂ ਵਿਚ ਅਜੋਕੇ ਅਤੇ ਆਉਣ ਵਾਲੇ ਸਮਿਆਂ ਵਿੱਚ ਗਹਿਰਾ ਮਹੱਤਵ ਰੱਖਦੀ ਹੈ। ਉਹਨਾ ਇਤਿਹਾਸ, ਸਾਹਿਤ, ਕਲਾ ਅਤੇ ਲੋਕ ਸੰਘਰਸ਼ ਦੇ ਪਿੜਾਂ ਅੰਦਰ ਨਿੱਘੀ ਗਲਵੱਕੜੀ ਪਾ ਕੇ ਤੁਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਅਮਲੀ ਕਦਮ ਚੁੱਕਣਾ ਹੀ ਸਰਾਭੇ ਦੇ ਅਸੀਂ ਕੀ ਲੱਗਦੇ ਹਾਂ, ਇਸ ਦਾ ਇਤਿਹਾਸਕ ਪ੍ਰਮਾਣ ਹੈ।
ਇਸ ਮੌਕੇ ਕੌਮਾਂਤਰੀ ਪਹਿਲਵਾਨ ਖਿਡਾਰਨਾਂ ਵੱਲੋਂ ਮਹੀਨੇ ਭਰ ਤੋਂ ਭਾਜਪਾ ਦੇ ਸੰਸਦ ਮੈਂਬਰ ਬਿ੍ਰਜ ਭੂਸ਼ਣ ਸ਼ਰਨ ਨੂੰ ਗਿ੍ਰਫਤਾਰ ਕਰਨ ਅਤੇ ਸਾਰੇ ਅਹੁਦਿਆਂ ਤੇ ਜ਼ਿੰਮੇਵਾਰੀਆਂ ਤੋਂ ਛੁੱਟੀ ਕਰਨ ਦੀ ਮੰਗ ਪ੍ਰਵਾਨ ਕਰਨ ਅਤੇ ਵਿਦਵਾਨ ਜਮਹੂਰੀ ਸਮਾਜਕ ਕਾਰਕੁਨ ਡਾ. ਨਵਸ਼ਰਨ ਨੂੰ ਮੋਦੀ ਹਕੂਮਤ ਵੱਲੋਂ ਆਪਣੀਆਂ ਏਜੰਸੀਆਂ ਰਾਹੀਂ ਤੰਗ-ਪ੍ਰੇਸ਼ਾਨ ਕਰਨ ਅਤੇ ਝੂਠੇ ਕੇਸਾਂ ਵਿੱਚ ਫਸਾਉਣ ਦੇ ਪਾਪੜ ਵੇਲਣ ਤੋਂ ਬਾਜ਼ ਆਉਣ ਦੀ ਦੋਵੇਂ ਹੱਥ ਖੜ੍ਹੇ ਕਰ ਕੇ ਜ਼ੋਰਦਾਰ ਮੰਗ ਕਰਦੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ।
ਸਮਾਗਮ ’ਚ ਉਚੇਚੇ ਤੌਰ ’ਤੇ ਜੁੜੇ ਵਿਦਿਆਰਥੀਆਂ ਨੇ ਵਿਚਾਰ-ਚਰਚਾ ਵਿੱਚ ਗਹਿਰੀ ਦਿਲਚਸਪੀ ਲਈ। ਉਹਨਾਂ ਕਿਤਾਬਾਂ ਅਤੇ ਸਮਾਜ ਦੋਨਾਂ ਨੂੰ ਪੜ੍ਹਨ, ਜਾਨਣ ਲਈ ਵਿਚਾਰ-ਚਰਚਾ ਨੂੰ ਉਸਾਰੂ ਸੇਧਮਈ ਅਤੇ ਸਾਰਥਕ ਦੱਸਿਆ। ਇਸ ਮੌਕੇ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, ਪੀਪਲਜ਼ ਵਾਇਸ ਦੇ ਨੁਮਾਇੰਦਿਆਂ ਤੋਂ ਇਲਾਵਾ ਸਮਾਜਕ, ਸੱਭਿਆਚਾਰਕ ਖੇਤਰ ਦੀਆਂ ਸ਼ਖਸੀਅਤਾਂ ਵੀ ਹਾਜ਼ਰ ਸਨ।