ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ ਦਿੱਤੀ ਹੈੈ ਕਿ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਜਾਣਕਾਰੀ 31 ਮਈ ਬਾਅਦ ਦੁਪਹਿਰ 2 ਵਜੇ ਤੱਕ ਜਨਤਕ ਕਰਨ, ਨਹੀਂ ਤਾਂ ਉਹ ਸਭ ਕੁਝ ਜਨਤਕ ਕਰ ਦੇਣਗੇ। ਮਾਨ ਨੇ ਟਵੀਟ ਕੀਤਾ ਹੈ-ਮਾਣਯੋਗ ਚਰਨਜੀਤ ਚੰਨੀ ਜੀ, ਆਦਰ ਸਹਿਤ ਤੁਹਾਨੂੰ 31 ਮਈ ਬਾਅਦ ਦੁਪਹਿਰ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ। ਨਹੀਂ ਤਾਂ ਫੇਰ 31 ਮਈ ਬਾਅਦ ਦੁਪਹਿਰ 2 ਵਜੇ ਮੈਂ ਫੋਟੋਆਂ, ਨਾਂਅ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁੱਝ ਪੰਜਾਬੀਆਂ ਸਾਹਮਣੇ ਰੱਖਾਂਗਾ।
ਇਸੇ ਦੌਰਾਨ ਚੰਨੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜੇ ਮੁੱਖ ਮੰਤਰੀ ਕੋਲ ਕਿਸੇ ਵੀ ਭਿ੍ਰਸ਼ਟਾਚਾਰ ਦੇ ਸਬੂਤ ਹਨ ਤਾਂ ਉਹ ਟਵੀਟ ਕਰਕੇ ਤਰੀਕਾਂ ਬੰਨ੍ਹਣ ਨਾਲੋਂ ਪਰਚਾ ਦਰਜ ਕਰਕੇ ਉਨ੍ਹਾ ਨੂੰ ਅੰਦਰ ਦੇ ਦੇਣ। ਉਨ੍ਹਾ ਇਹ ਵੀ ਕਿਹਾ ਕਿ ਉਹ ਖੁਦ ਮਿਹਨਤ ਕਰਕੇ ਇਸ ਮੁਕਾਮ ’ਤੇ ਆਏ ਹਨ, ਉਨ੍ਹਾ ਵੱਲੋਂ ਕਦੇ ਵੀ ਕਿਸੇ ਖਿਡਾਰੀ ਨੂੰ ਨਹੀਂ ਕਿਹਾ ਗਿਆ ਕਿ ਉਹ ਜਾ ਕੇ ਉਸ ਦੇ ਭਤੀਜੇ ਜਾਂ ਭਾਣਜੇ ਨੂੰ ਮਿਲੇ। ਉਹ ਖੁਦ ਵੀ ਆਪਣੇ ਪਰਵਾਰਕ ਮੈਂਬਰਾਂ ਨੂੰ ਪੁੱਛ ਚੁੱਕੇ ਹਨ ਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਮਿਲਿਆ ਹੈ। ਪਰਵਾਰ ਵੀ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਚੰਨੀ ਨੇ ਕਿਹਾ ਕਿ ਜੇ ਸੀ ਐੱਮ ਮਾਨ ਕੋਲ ਕੋਈ ਸਬੂਤ ਹੈ ਤਾਂ ਉਹ ਕਾਰਵਾਈ ਕਰਨ, ਪਰ ਉਹ ਬੇਕਸੂਰ ਹਨ।