ਭਲਵਾਨ ਧੀਆਂ ’ਤੇ ਜ਼ੁਲਮ ਖਿਲਾਫ਼ ਸਖਤ ਰੋਹ

0
287

ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ, ਗੁਰਮੇਲ ਸਿੰਘ ਮੈਲਡੇ)
28 ਮਈ ਨੂੰ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਦੋਂ ਆਰ ਐੱਸ ਐੱਸ ਦੀ ਸਰਪ੍ਰਸਤੀ ਵਾਲੀ ਮੋਦੀ ਸਰਕਾਰ ਨੇ ਦਿੱਲੀ ’ਚ ਭਾਰਤੀ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਦੀਆਂ ਬੇਸ਼ਰਮੀ ਨਾਲ ਧੱਜੀਆਂ ਉਡਾਈਆਂ। ਇਹ ਗੱਲ ਗਿ੍ਰਫਤਾਰ ਕੀਤੀਆਂ ਮਹਿਲਾ ਭਲਵਾਨਾਂ ਅਤੇ ਉਨ੍ਹਾਂ ਦੀ ਹਮਾਇਤ ਕਰਨ ਵਾਲੇ ਹੋਰਨਾਂ ਨੂੰ ਰਿਹਾਅ ਕਰਨ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਸੀ ਪੀ ਆਈ ਜ਼ਿਲ੍ਹਾ ਲੁਧਿਆਣਾ ਵੱਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਹੀ। ਜਿਸ ਸਮੇਂ ਪ੍ਰਧਾਨ ਮੰਤਰੀ ਪਾਰਲੀਮੈਂਟ ਦੀ ਨਵੀਂ ਇਮਾਰਤ ਦਾ ਉਦਘਾਟਨ ਕਰ ਰਹੇ ਸਨ, ਉਸ ਸਮੇਂ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਮਹਿਲਾ ਭਲਵਾਨਾਂ ਨੂੰ ਸਰਕਾਰ ਦੇ ਹੁਕਮਾਂ ’ਤੇ ਪੁਲਸ ਨੇ ਜ਼ਬਰਦਸਤੀ ਘੜੀਸ ਕੇ ਗਿ੍ਰਫਤਾਰ ਕਰ ਲਿਆ।
ਕਿੰਨੀ ਸ਼ਰਮ ਦੀ ਗੱਲ ਹੈ ਕਿ ਜਦੋਂ ਮੁਟਿਆਰਾਂ ਨੂੰ ਘਸੀਟ ਕੇ ਗਿ੍ਰਫਤਾਰ ਕੀਤਾ ਜਾ ਰਿਹਾ ਸੀ, ਉਸ ਸਮੇਂ ਅਪਰਾਧੀ ਬਿ੍ਰਜ ਭੂਸ਼ਣ ਸ਼ਰਣ ਸਿੰਘ ਨਵੀਂ ਪਾਰਲੀਮੈਂਟ ਵਿੱਚ ਬੈਠਾ ਸੀ। ਮੋਦੀ ਸਰਕਾਰ ਨੇ ਇਨਸਾਫ ਦੇਣ ਦੀ ਬਜਾਏ ਔਰਤਾਂ ’ਤੇ ਜ਼ੁਲਮ ਢਾਹਿਆ ਹੈ। ਮਹਿਲਾ ਭਲਵਾਨਾਂ ਨੂੰ ਜ਼ਬਰਦਸਤੀ ਖਿੱਚ ਕੇ ਗਿ੍ਰਫਤਾਰ ਕਰ ਲਿਆ। ਹਰਿਆਣਾ ਅਤੇ ਦਿੱਲੀ ਵਿੱਚ ਮਹਿਲਾ ਭਲਵਾਨਾਂ ਦੀ ਹਮਾਇਤ ਲਈ ਜਾਣ ਵਾਲੇ ਕਾਰਕੁਨਾਂ ਦੀਆਂ ਵੱਡੇ ਪੱਧਰ ’ਤੇ ਗਿ੍ਰਫਤਾਰੀਆਂ ਅਤਿ ਨਿੰਦਣਯੋਗ ਹਨ। ਇਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਫਾਸ਼ੀਵਾਦੀ ਪਹੁੰਚ ਦਾ ਪ੍ਰਤੀਬਿੰਬ ਹੈ। ਜਦੋਂ ਨਵੀਂ ਸੰਸਦ ਦਾ ਉਦਘਾਟਨ ਕੀਤਾ ਜਾ ਰਿਹਾ ਸੀ, ਉਸ ਸਮੇਂ ਉਨ੍ਹਾਂ ਨੂੰ ਗਿ੍ਰਫਤਾਰ ਕਰਨ ਲਈ ਚੁਣਿਆ ਗਿਆ ਸਮਾਂ ਬਿਲਕਿਸ ਬਾਨੋ ਦੇ ਪਰਵਾਰ ਦੀ ਰਿਹਾਈ ਦੇ ਸਮਾਨ ਹੈ। ਹੁਣ ਸਮਾਂ ਆ ਗਿਆ ਹੈ ਕਿ ਰਾਸ਼ਟਰ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਦੇ ਨਾਪਾਕ ਮਨਸੂਬਿਆਂ ਨੂੰ ਸਮਝੇ, ਜੋ ਕਿਸੇ ਵੀ ਵਿਅਕਤੀ ਨੂੰ ਜੋ ਕਿ ਕੋਈ ਸਵਾਲ ਜਾਂ ਇਨਸਾਫ ਦੀ ਮੰਗ ਕਰਦਾ ਹੈ, ਨੂੰ ਕੁਚਲਣ ਲਈ ਤਿਆਰ ਹੈ। ਬੁਲਾਰਿਆਂ ਕਿਹਾ ਕਿ ਇਹ ਘਟਨਾਵਾਂ ਅੱਖਾਂ ਖੋਲ੍ਹਣ ਵਾਲੀਆਂ ਹਨ ਕਿ ਫਾਸ਼ੀਵਾਦੀ ਤਾਕਤਾਂ ਕਿਸੇ ਨੂੰ ਵੀ ਨਹੀਂ ਬਖਸ਼ਦੀਆਂ। ਪ੍ਰਧਾਨ ਮੰਤਰੀ ਨੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਵਾਰਾਂ ਪ੍ਰਤੀ ਕੋਈ ਹਮਦਰਦੀ ਨਹੀਂ ਸੀ ਦਿਖਾਈ ਅਤੇ ਨਾ ਹੀ ਉਨ੍ਹਾ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੀ ਹੱਤਿਆ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦੁਆਰਾ ਕਤਲ ਕੀਤੇ ਗਏ ਲੋਕਾਂ ਲਈ ਇੱਕ ਸ਼ਬਦ ਵੀ ਬੋਲਿਆ। ਬੁਲਾਰਿਆਂ ਕਿਹਾ ਕਿ ਸੰਵਿਧਾਨ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਜੜ੍ਹੋਂ ਉਖਾੜਨਾ ਜ਼ਰੂਰੀ ਹੈ। ਇਸ ਮੌਕੇ ਜ਼ੁਲਮ ਦੇ ਪ੍ਰਤੀਕ ਮੋਦੀ ਦਾ ਪੁਤਲਾ ਫੂਕਿਆ ਗਿਆ। ਸੰਬੋਧਨ ਕਰਨ ਵਾਲਿਆਂ ਵਿੱਚ ਡੀ ਪੀ ਮੌੜ, ਚਮਕੌਰ ਸਿੰਘ, ਐੱਮ ਐੱਸ ਭਾਟੀਆ, ਰਮੇਸ਼ ਰਤਨ, ਵਿਜੇ ਕੁਮਾਰ, ਕੇਵਲ ਸਿੰਘ ਬਨਵੈਤ, ਚਰਨ ਸਰਾਭਾ, ਗੁਰਮੇਲ ਮੈਲਡੇ, ਭਗਵਾਨ ਸਿੰਘ, ਡ. ਗੁਲਜ਼ਾਰ ਪੰਧੇਰ ਸ਼ਾਮਲ ਸਨ। ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਪੰਧੇਰ ਖੇੜੀ, ਗੁਰਮੇਲ ਸਿੰਘ ਮੇਹਲੀ, ਹਰਜਿੰਦਰ ਸਿੰਘ ਸੀਲੋਂ, ਮਨਜੀਤ ਸਿੰਘ ਮੁੱਲਾਂਪਰ, ਵਿਨੋਦ ਕੁਮਾਰ, ਕਾਮੇਸ਼ਵਰ ਯਾਦਵ, ਕੁਲਵੰਤ ਕੌਰ, ਅਵਤਾਰ ਛਿੱਬੜ, ਸਰੋਜ ਕੁਮਾਰ ਅਤੇ ਮਲਕੀਤ ਸਿੰਘ ਮਾਲੜਾ ਆਦਿ ਹਾਜ਼ਰ ਸਨ।
ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ) : ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਲੰਟੀਅਰਾਂ ਨੇ ਉਚੇ ਪੁਲ (ਭੰਡਾਰੀ ਪੁਲ) ਉਪਰ ਇਕੱਠੇ ਹੋ ਕੇ ਹਾਲ ਗੇਟ ਤੱਕ ਰੋਸ ਮਾਰਚ ਕੀਤਾ। ਇਸ ਮਾਰਚ ਦੀ ਅਗਵਾਈ ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ ਨਿਜ਼ਾਮਪੁਰਾ, ਵਿਜੇ ਕੁਮਾਰ, ਦਸਵਿੰਦਰ ਕੌਰ, ਬਲਦੇਵ ਸਿੰਘ ਵੇਰਕਾ, ਗੁਰਨਾਮ ਕੌਰ, ਰਾਜੇਸ਼ ਕੁਮਾਰ, ਅਸ਼ਵਨੀ ਕੁਮਾਰ, ਬ੍ਰਹਮਦੇਵ ਸ਼ਰਮਾ, ਰਾਕੇਸ਼ ਹਾਂਡਾ, ਕੁਲਵੰਤ ਰਾਏ ਬਾਵਾ ਆਦਿ ਆਗੂਆਂ ਨੇ ਕੀਤੀ। ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਭਲਵਾਨ ਬੇਟੀਆਂ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਸ਼ੋਸ਼ਣ ਵਿਰੁੱਧ ਇਨਸਾਫ਼ ਦੀ ਮੰਗ ਕਰਦਿਆਂ ਪਿਛਲੇ 35 ਦਿਨਾਂ ਤੋਂ ਲਗਾਤਾਰ ਦਿੱਲੀ ਵਿੱਚ ਜੰਤਰ-ਮੰਤਰ ਵਿਖੇ ਧਰਨਾ ਲਾ ਕੇ ਬੈਠੀਆਂ ਹਨ, ਪਰ ਕੇਂਦਰ ਦੀ ਸਰਕਾਰ ਸ਼ੋਸ਼ਣਕਾਰੀ ਨੂੰ ਬਚਾਉਣ ਉਪਰ ਲੱਗੀ ਹੋਈ ਹੈ। ਮਾਣਯੋਗ ਸੁਪਰੀਮ ਕੋਰਟ ਦੇ ਦਖ਼ਲ ਨਾਲ ਐੱਫ ਆਈ ਆਰ ਦਰਜ ਹੋ ਗਈ ਹੈ, ਪੋਕਸੋ ਐਕਟ ਵੀ ਲੱਗ ਗਿਆ ਹੈ, ਪਰ ਦੋਸ਼ੀ ਪਾਰਲੀਮੈਂਟ ਦਾ ਮੈਂਬਰ ਹੈ ਅਤੇ ਹਾਕਮ ਧਿਰ ਨਾਲ ਸੰਬੰਧਤ ਹੋਣ ਕਰਕੇ ਉਸ ਨੂੰ ਬਚਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਕਹਿਣ ਉਪਰ ਜੰਤਰ-ਮੰਤਰ ਵਿਖੇ ਪੁਰ ਅਮਨ ਬੈਠੇ ਭਲਵਾਨਾਂ ਨੂੰ ਜ਼ਾਲਮਾਨਾ ਢੰਗ ਨਾਲ ਜਬਰ ਕਰਕੇ ਗਿ੍ਰਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਟੈਂਟ ਪੁੱਟ ਦਿੱਤੇ ਗਏ ਹਨ ਅਤੇ ਤਸ਼ੱਦਦ ਕੀਤਾ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਲੋਕ ਭਲਵਾਨ ਬੇਟੀਆਂ ਦੇ ਨਾਲ ਖੜੇ ਹਨ। ਕਿਸਾਨਾਂ, ਮਜ਼ਦੂਰਾਂ, ਸਿਆਸੀ ਪਾਰਟੀਆਂ, ਧਾਰਮਕ ਅਤੇ ਸਮਾਜਕ ਜਥੇਬੰਦੀਆਂ ਦੇ ਲੋਕ ਕਾਫਲਿਆਂ ਦੇ ਰੂਪ ਵਿੱਚ ਰੋਜ਼ਾਨਾ ਹੀ ਉਨ੍ਹਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋ ਰਹੇ ਹਨ। ਦੁੱਖ ਦੀ ਗੱਲ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸੇ ਦੀ ਪ੍ਰਵਾਹ ਨਹੀਂ ਕਰ ਰਹੀ। ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਕਿ ਭਲਵਾਨ ਬੇਟੀਆਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਫੌਰੀ ਤੌਰ ’ਤੇ ਗਿ੍ਰਫ਼ਤਾਰ ਕੀਤਾ ਜਾਵੇ।

LEAVE A REPLY

Please enter your comment!
Please enter your name here