ਫਾਜ਼ਿਲਕਾ (ਰਣਬੀਰ ਕੌਰ ਢਾਬਾਂ, ਕਿ੍ਰਸ਼ਨ ਸਿੰਘ)
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸਨ ਵੱਲੋਂ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਵਾਉਣ, ਹਰ ਇਕ ਵਿਦਿਆਰਥੀ ਲਈ ਮੁਫਤ ਅਤੇ ਲਾਜ਼ਮੀ ਵਿੱਦਿਆ ਦੀ ਪ੍ਰਾਪਤੀ ਅਤੇ ਹਰ ਨਾਗਰਿਕ ਲਈ ਮੁਫਤ ਸਿਹਤ ਸਹੂਲਤਾਂ ਲੈਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਦੋ ਰੋਜ਼ਾ ਬਨੇਗਾ ਵਲੰਟੀਅਰ ਪੈਦਲ ਮਾਰਚ ਨੂੰ ਪੰਜਾਬ ਦੀ ਜਵਾਨੀ ਨੇ ਭਰਪੂਰ ਹੁੰਗਾਰਾ ਦਿੱਤਾ। ਬਨੇਗਾ ਵਲੰਟੀਅਰ ਪੈਦਲ ਮਾਰਚ ਵਿੱਚ ਸ਼ਾਮਲ ਹੋਣ ਵਾਲੇ ਵਲੰਟੀਅਰਾਂ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਰੁਜ਼ਗਾਰ ਚਾਹੁੰਦੇ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਵੀ ਫਾਜ਼ਿਲਕਾ ਦੀ ਜਵਾਨੀ ਦੀ ਇਸ ਪਹਿਲਕਦਮੀ ਦਾ ਬਨੇਗਾ ਵਲੰਟੀਅਰ ਪੈਦਲ ਮਾਰਚ ਨੂੰ ਭਰਪੂਰ ਹੁੰਗਾਰਾ ਮਿਲਿਆ। ਪੈਦਲ ਮਾਰਚ ਦੇ ਸੋਮਵਾਰ ਦੂਜੇ ਦਿਨ ਵੀ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀਵਾਲਾ, ਜ਼ਿਲ੍ਹਾ ਸਕੱਤਰ ਸੁਬੇਗ ਸਿੰਘ ਝੰਗੜ ਭੈਣੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ, ਵਿਦਿਆਰਥੀ ਲੜਕੀਆਂ ਦੀ ਸੂਬਾਈ ਕੋ-ਕਨਵੀਨਰ ਸੰਜਨਾ ਢਾਬਾਂ, ਜ਼ਿਲ੍ਹਾ ਆਗੂ ਨਰਿੰਦਰ ਢਾਬਾਂ ਦੀ ਅਗਵਾਈ ਵਿੱਚ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਰੋਡ ’ਤੇ ਪਿੰਡ ਲਾਲੋਵਾਲੀ ਤੋਂ ਪੈਦਲ ਮਾਰਚ ਦੀ ਸ਼ੁਰੂਆਤ ਕਰਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਆਪਣਾ ਸਮਾਜਕ ਹੱਕ ਪੱਤਰ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਆਪਣਾ ‘ਸਮਾਜਕ ਹੱਕ ਪੱਤਰ’ ਦੇਣ ਉਪਰੰਤ ਇਥੇ ਔਰਬਿਟ ਪੈਲੇਸ ਵਿੱਚ ਵਿਸ਼ਾਲ ਰੈਲੀ ਦੇ ਰੂਪ ਵਿੱਚ ਸਿਖਰਲਾ ਸਮਾਗਮ ਕੀਤਾ ਗਿਆ। ਦੂਜੇ ਦਿਨ ਦੇ ਇਸ ਪੈਦਲ ਮਾਰਚ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੌਮੀ ਜਨਰਲ ਸਕੱਤਰ ਅਤੇ ਕੇਰਲਾ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ (ਸੀ ਪੀ ਆਈ) ਪੀ ਸੰਦੋਸ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਉਹਨਾ ਨਾਲ ਮੌਜੂਦਾ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ, ਸਾਬਕਾ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ, ਸੁਖਦੇਵ ਸ਼ਰਮਾ ਏਟਕ ਆਗੂ, ਸਾਬਕਾ ਸੂਬਾ ਸਕੱਤਰ ਕੁਲਦੀਪ ਭੋਲਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਆਗੂ ਗੁਰਜੀਤ ਕੌਰ ਸਰਦੂਲਗੜ੍ਹ, ਕਰਮਵੀਰ ਕੌਰ ਬਧਨੀ, ਜਸਪ੍ਰੀਤ ਬੱਧਨੀ, ਸਰੋਜ ਛਪੜੀਵਾਲਾ ਪੰਜਾਬ ਪ੍ਰਧਾਨ ਆਲ ਇੰਡੀਆ ਆਂਗਣਵਾੜੀ ਵਰਕਰ ਯੂਨੀਅਨ (ਏਟਕ) ਵੀ ਸ਼ਾਮਲ ਹੋਏ। ਇਸ ਮੌਕੇ ਉਹਨਾ ਨਾਲ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸੁਰਿੰਦਰ ਸਿੰਘ ਢੰਡੀਆਂ, ਬਲਾਕ ਪ੍ਰਧਾਨ ਕਿ੍ਰਸ਼ਨ ਧਰਮੂਵਾਲਾ, ਭਗਵਾਨ ਦਾਸ ਬਹਾਦਰ ਕੇ, ਸਾਬਕਾ ਜ਼ਿਲ੍ਹਾ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਬਨਵਾਲਾ, ਜੰਮੂ ਰਾਮ ਬਨਵਾਲਾ, ਦਰਸ਼ਨ ਰਾਮ ਲਾਧੂਕਾ, ਬਲਵੰਤ ਚੌਹਾਨਾ ਵੀ ਹਾਜ਼ਰ ਸਨ। ਵਲੰਟੀਅਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਸਦ ਪੀ ਸੰਦੋਸ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੇ ਆਪਣੇ ਅਮੀਰ ਇਨਕਲਾਬੀ ਵਿਰਸੇ ਦਾ ਸਬੂਤ ਦਿੰਦਿਆਂ ਅੱਜ ਫਿਰ ਪੰਜਾਬ ਦੇਸ਼ ਦੀ ਜਵਾਨੀ ਲਈ ਰਾਹ-ਦਰਸਾਊ ਇਤਿਹਾਸਕ ਕਾਰਜ ਦਾ ਮੁੱਢ ਬਣਿਆ ਹੈ। ਉਹਨਾ ਕਿਹਾ ਰੁਜ਼ਗਾਰ ਅੱਜ ਦੇਸ਼ ਦੇ ਹਰ ਇਕ ਨਾਗਰਿਕ ਦੀ ਲੋੜ ਹੈ ਅਤੇ ਭਾਰਤ ਦਾ ਉੱਜਵਲ ਭਵਿੱਖ ਹੈ। ਉਹਨਾ ਵਿਸ਼ਵਾਸ ਦਿਵਾਇਆ ਕਿ ਉਹ ਮੈਂਬਰ ਪਾਰਲੀਮੈਂਟ ਹੋਣ ਨਾਤੇ ਜਵਾਨੀ ਦੀ ਲੋੜ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਪਾਸ ਕਰਵਾਉਣ ਲਈ ਪਾਰਲੀਮੈਂਟ ਵਿਚ ਇਹਦਾ ਬਿੱਲ ਜ਼ਰੂਰ ਪੇਸ਼ ਕਰਨਗੇ ਅਤੇ ਇਹਨੂੰ ਪਾਸ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ।
ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਨੌਜਵਾਨਾਂ ਦੀ ਇਹ ਨਵੇਕਲੀ ਪਹਿਲ ਪੰਜਾਬ ਅਤੇ ਦੇਸ਼ ਵਿਚ ਰੁਜ਼ਗਾਰ ਚਾਹੁੰਦਿਆਂ ਲਈ ਰੁਜ਼ਗਾਰ ਦੀ ਆਸ ਨੂੰ ਪੂਰਨ ਕਰੇਗੀ ਅਤੇ ਉਹਨਾਂ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਰੁਜ਼ਗਾਰ ਗਰੰਟੀ ਲਈ ਸੰਘਰਸ਼ ਕਰਨ ਵੱਲ ਪ੍ਰੇਰਿਤ ਕਰੇਗੀ।
ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸ਼ੁਰੂਆਤੀ ਪੜਾਅ ਨੂੰ ਯਾਦ ਕਰਦਿਆਂ ਕਿਹਾ ਕਿ ਮੁਹਿੰਮ ਅੱਜ ਆਪਣੇ ਅਗਲੇਰੇ ਪ੍ਰਾਪਤੀ ਦੇ ਪੜਾਅ ਵੱਲ ਵਧ ਰਹੀ ਹੈ ਅਤੇ ਜਵਾਨੀ ਰੁਜ਼ਗਾਰ ਨੂੰ ਮੁੱਖ ਮੁੱਦਾ ਬਣਾ ਕੇ ਇਹਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀ ਹੈ। ਉਹਨਾ ਫਾਜ਼ਿਲਕਾ ਦੀ ਜ਼ਿਲ੍ਹਾ ਆਗੂ ਟੀਮ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਸ਼ੁਰੂ ਕੀਤੇ ਇਸ ਪੈਦਲ ਮਾਰਚ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕਰਨਾ ਚਾਹੀਦਾ ਹੈ, ਤਾਂ ਕਿ ਇਕ ਮਜ਼ਬੂਤ ਲਹਿਰ ਜਿੱਤ ਵੱਲ ਵਧ ਸਕੇ। ਅੰਤ ਵਿਚ ਵਲੰਟੀਅਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਢਾਬਾਂ, ਚਰਨਜੀਤ ਸਿੰਘ ਛਾਂਗਾ ਰਾਏ ਅਤੇ ਕਰਮਵੀਰ ਕੌਰ ਬੱਧਨੀ ਨੇ ਕਿਹਾ ਕਿ ਫਾਜ਼ਿਲਕਾ ਵੱਲੋਂ ਸ਼ੁਰੂ ਕੀਤੇ ਇਸ ਪੈਦਲ ਮਾਰਚ ਦੀ ਰੌਸ਼ਨੀ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਪੂਰੇ ਪੰਜਾਬ ਵਿੱਚ ਇਹ ਪੈਦਲ ਮਾਰਚ ਕਰਕੇ ਜਵਾਨੀ ਨੂੰ ਲਾਮਬੰਦ ਕੀਤਾ ਜਾਵੇਗਾ। ਪ੍ਰੋਗਰਾਮ ਦੇ ਅੰਤ ਵਿਚ ਦਿੱਲੀ ਜੰਤਰ-ਮੰਤਰ ’ਤੇ ਜਿਨਸੀ ਸ਼ੋਸ਼ਣ ਵਿਰੁੱਧ ਸੰਘਰਸ਼ ਕਰ ਰਹੀਆਂ ਪਹਿਲਵਾਨ ਕੁੜੀਆਂ ’ਤੇ ਕੀਤੇ ਤਸ਼ੱਦਦ ਦੀ ਨਿਖੇਧੀ ਕਰਦਾ ਮਤਾ ਪਾਸ ਕੀਤਾ ਅਤੇ ਉਹਨਾਂ ਨੂੰ ਇਨਸਾਫ ਦੁਆਉਣ ਦੀ ਹਮਾਇਤ ਕੀਤੀ। ਬਨੇਗਾ ਵਲੰਟੀਅਰ ਪੈਦਲ ਮਾਰਚ ਵਿੱਚ ਸੰਦੀਪ ਜੋਧਾ, ਕਰਨੈਲ ਬੱਘੇ ਕੇ, ਮਲਕੀਤ ਲਮੋਚੜ, ਅਵਨਦੀਪ ਕੌਰ ਤੋਤਿਆਂ ਵਾਲੀ, ਕੁਲਦੀਪ ਬਖੂ ਸ਼ਾਹ, ਹੁਸ਼ਿਆਰ ਕਾਵਾਂਵਾਲਾ, ਹਰਮਨ ਕੌਰ ਦੋਨਾ ਨਾਨਕਾ, ਰਮਨ ਕੌਰ ਢਾਣੀ ਪ੍ਰੇਮ ਸਿੰਘ, ਅੰਮਿ੍ਰਤਪਾਲ ਕੌਰ ਕਾਠਗੜ੍ਹ, ਨੀਲਮ ਝੰਗੜ ਭੈਣੀ, ਜਰਨੈਲ ਢਾਬਾਂ, ਬਲਜੀਤ ਮਹੂਆਣਾ, ਗੁਰਜੀਤ ਪਾਲੀ ਵਾਲਾ, ਛਿੰਦਰ ਮਹਾਲਮ, ਬਲਵਿੰਦਰ ਮਹਾਲਮ, ਜਸਵੰਤ ਕਾਹਨਾ ਆਦਿ ਦੀ ਅਗਵਾਈ ਵਿੱਚ ਵਰਦੀਧਾਰੀ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ।





