ਨਵੀਂ ਦਿੱਲੀ : ਰੱਖਿਆ ਮੰਤਰਾਲੇ ਨੇ ਐਤਵਾਰ ਸਾਫ ਕੀਤਾ ਕਿ ਅਗਨੀਪੱਥ ਸਕੀਮ ਵਾਪਸ ਨਹੀਂ ਲਈ ਜਾਵੇਗੀ ਤੇ ਸਾਰੀਆਂ ਭਰਤੀਆਂ ਇਸੇ ਸਕੀਮ ਤਹਿਤ ਹੋਣਗੀਆਂ | ਸਕੀਮ ਬਣਾਉਣ ਵਿਚ ਸ਼ਾਮਲ ਰਹੇ ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕੋਚਿੰਗ ਇੰਸਟੀਚਿਊਟ ਚਲਾਉਣ ਵਾਲਿਆਂ ਨੇ ਵਿਦਿਆਰਥੀਆਂ ਨੂੰ ਅਗਨੀਪੱਥ ਸਕੀਮ ਖਿਲਾਫ ਭੜਕਾਇਆ | ਉਨ੍ਹਾ ਕਿਹਾ ਕਿ ਅਗਨੀਵੀਰ ਬਣਨ ਵਾਲੇ ਨੂੰ ਹਲਫਨਾਮਾ ਦੇਣਾ ਹੋਵੇਗਾ ਕਿ ਉਸ ਨੇ ਪ੍ਰਦਰਸ਼ਨ ਤੇ ਭੰਨਤੋੜ ਨਹੀਂ ਕੀਤੀ | ਬਿਨਾਂ ਪੁਲਸ ਵੈਰੀਫਿਕੇਸ਼ਨ ਦੇ ਕੋਈ ਫੌਜ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ | ਪੁਰੀ ਨੇ ਅੱਗੇ ਕਿਹਾ—ਨੌਜਵਾਨ ਫਿਜ਼ੀਕਲੀ ਤਿਆਰ ਹੋਣ ਤਾਂ ਕਿ ਸਾਡੇ ਨਾਲ ਜੁੜ ਕੇ ਟਰੇਨਿੰਗ ਕਰ ਸਕਣ | ਅਸੀਂ ਸਕੀਮ ਨੂੰ ਲੈ ਕੇ ਹਾਲ ਹੀ ਵਿਚ ਹੋਈ ਹਿੰਸਾ ਦਾ ਅਨੁਮਾਨ ਨਹੀਂ ਲਾਇਆ ਸੀ | ਹਥਿਆਰਬੰਦ ਬਲਾਂ ਵਿਚ ਅਨੁਸ਼ਾਸਨਹੀਨਤਾ ਲਈ ਕੋਈ ਥਾਂ ਨਹੀਂ ਹੈ | ਸਭ ਨੂੰ ਲਿਖ ਕੇ ਦੇਣਾ ਹੋਵੇਗਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਗਜ਼ਨੀ ਤੇ ਹਿੰਸਾ ਵਿਚ ਸ਼ਾਮਲ ਨਹੀਂ ਸਨ |
ਜਨਰਲ ਪੁਰੀ ਨੇ ਕਿਹਾ—ਤਿੰਨਾਂ ਫੌਜਾਂ ਦੇ ਮੁਖੀਆਂ ਤੇ ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਨੇ ਮਿਲ ਕੇ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਫੌਜਾਂ ਦੀ ਔਸਤ ਉਮਰ ਦੇਖੀ | ਸਾਨੂੰ ਫੌਜ ਵਿਚ ਨੌਜਵਾਨ ਚਾਹੀਦੇ ਹਨ | ਸਾਨੂੰ ਜਨੂੰਨ ਤੇ ਜਜ਼ਬੇ ਦੇ ਨਾਲ ਹੋਸ਼ ਦੀ ਵੀ ਲੋੜ ਹੈ | ਫੌਜ ਵਿਚ ਬਦਲਾਅ ਦੀ ਪ੍ਰਕਿਰਿਆ 1989 ਤੋਂ ਚੱਲ ਰਹੀ ਹੈ | ਫੌਜ ਦੀ ਔਸਤ ਉਮਰ 32 ਸਾਲ ਤੋਂ ਘਟਾ ਕੇ 26 ਸਾਲ ‘ਤੇ ਲਿਆਉਣਾ ਸਾਡਾ ਟੀਚਾ ਹੈ | ਜਿਹੜੇ ਦਿਨ ਅਗਨੀਪੱਥ ਸਕੀਮ ਦਾ ਐਲਾਨ ਹੋਇਆ, ਉਸ ਦਿਨ ਦੋ ਐਲਾਨ ਹੋਏ | ਪਹਿਲਾ ਦੇਸ਼ ਭਰ ਵਿਚ ਸਾਢੇ 10 ਲੱਖ ਨੌਕਰੀਆਂ ਦੇਣਾ ਤੇ ਦੂਜਾ ਫੌਜ ਵਿਚ ਅਗਨੀਵੀਰ ਵਜੋਂ 46 ਹਜ਼ਾਰ ਅਸਾਮੀਆਂ ਪੁਰ ਕਰਨਾ, ਪਰ ਲੋਕਾਂ ਵਿਚ ਸਿਰਫ 46 ਹਜ਼ਾਰ ਦੀ ਗੱਲ ਪੁੱਜੀ | ਅਗਲੇ 4-5 ਸਾਲ ਵਿਚ 50-60 ਹਜ਼ਾਰ ਅਗਨੀਵੀਰ ਭਰਤੀ ਹੋਣਗੇ ਤੇ ਫਿਰ ਵਧ ਕੇ 90 ਹਜ਼ਾਰ ਤੋਂ ਇਕ ਲੱਖ ਤਕ ਭਰਤੀ ਹੋਣਗੇ | 46 ਹਜ਼ਾਰ ਦੀ ਭਰਤੀ ਤਾਂ ਛੋਟੀ ਜਿਹੀ ਸ਼ੁਰੂਆਤ ਹੈ | ਐਲਾਨ ਦੇ ਬਾਅਦ ਬਦਲਾਅ ਕਿਸੇ ਡਰ ਨਾਲ ਨਹੀਂ ਸਗੋਂ ਪਹਿਲਾਂ ਤੋਂ ਹੀ ਤੈਅ ਸੋਚ ਮੁਤਾਬਕ ਕੀਤੇ ਗਏ ਹਨ | ਦਸੰਬਰ ਦੇ ਪਹਿਲੇ ਹਫਤੇ ਤੱਕ 25 ਹਜ਼ਾਰ ਅਗਨੀਵੀਰਾਂ ਦਾ ਬੈਚ ਮਿਲੇਗਾ ਤੇ ਦੂਜਾ ਬੈਚ ਫਰਵਰੀ 2023 ਤੱਕ ਮਿਲੇਗਾ, ਜਿਸ ਨਾਲ 40 ਹਜ਼ਾਰ ਦਾ ਕੋਟਾ ਪੂਰਾ ਹੋ ਜਾਵੇਗਾ | ਅਗਨੀਪੱਥ ਨੂੰ ਵਾਪਸ ਨਹੀਂ ਲਿਆ ਜਾਵੇਗਾ |
ਇਸ ਮੌਕੇ ਵਾਈਸ ਐਡਮਿਰਲ ਦਿਨੇਸ਼ ਤਿ੍ਪਾਠੀ ਨੇ ਕਿਹਾ ਕਿ ਜਲ ਸੈਨਾ ਵਿਚ ਅਗਨੀਵੀਰਾਂ ਦੀ ਭਰਤੀ ਸੰਬੰਧੀ ਪ੍ਰੋਗਰਾਮ 25 ਜੂਨ ਨੂੰ ਜਾਰੀ ਕੀਤਾ ਜਾਵੇਗਾ | ਉਨ੍ਹਾ ਕਿਹਾ ਕਿ ਪਹਿਲੇ ਬੈਚ ਦੀ ਸਿਖਲਾਈ 21 ਨਵੰਬਰ ਤੋਂ ਸ਼ੁਰੂ ਹੋਵੇਗੀ |
ਏਅਰ ਮਾਰਸ਼ਲ ਐੱਸ ਕੇ ਝਾਅ ਨੇ ਕਿਹਾ ਕਿ ਭਾਰਤੀ ਹਵਾਈ ਫੌਜ ‘ਅਗਨੀਪੱਥ’ ਸਕੀਮ ਤਹਿਤ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਕਰੇਗੀ | ਨਵੇਂ ਰੰਗਰੂਟਾਂ ਦੀ ਭਰਤੀ ਲਈ ਪਹਿਲੇ ਗੇੜ ਦੇ ਆਨਲਾਈਨ ਇਮਤਿਹਾਨ 24 ਜੁਲਾਈ ਤੋਂ ਲਏ ਜਾਣਗੇ | ਇਸ ਬੈਚ ਦੀ ਸਿਖਲਾਈ 30 ਦਸੰਬਰ ਤੋਂ ਸ਼ੁਰੂ ਹੋਵੇਗੀ | ਥਲ ਸੈਨਾ ਦੇ ਲੈਫਟੀਨੈਂਟ ਜਨਰਲ ਬਾਂਸੀ ਪੋਨੱਪਾ ਨੇ ਕਿਹਾ ਕਿ ਫੌਜ ਵੱਲੋਂ ਆਰਜ਼ੀ ਨੋਟੀਫਿਕੇਸ਼ਨ ਸੋਮਵਾਰ ਜਾਰੀ ਕੀਤਾ ਜਾਵੇਗਾ ਅਤੇ ਫੌਜ ਦੇ ਵੱਖ-ਵੱਖ ਯੂਨਿਟਾਂ ਦੀਆਂ ਭਰਤੀਆਂ ਸੰਬੰਧੀ ਨੋਟੀਫਿਕੇਸ਼ਨ ਪਹਿਲੀ ਜੁਲਾਈ ਤੋਂ ਜਾਰੀ ਕੀਤੇ ਜਾਣਗੇ | ਦੇਸ਼ ਭਰ ‘ਚ ਅਗਸਤ, ਸਤੰਬਰ ਤੇ ਅਕਤੂਬਰ ‘ਚ ਭਰਤੀ ਰੈਲੀਆਂ ਕੀਤੀਆਂ ਜਾਣਗੀਆਂ | ਲੈਫਟੀਨੈਂਟ ਜਨਰਲ ਪੋਨੱਪਾ ਨੇ ਕਿਹਾ ਕਿ 25000 ਜਵਾਨਾਂ ਦਾ ਪਹਿਲਾ ਬੈਚ ਦਸੰਬਰ ਦੇ ਪਹਿਲੇ ਅਤੇ ਦੂਜੇ ਹਫਤੇ ਸਿਖਲਾਈ ਪ੍ਰੋਗਰਾਮ ‘ਚ ਹਿੱਸਾ ਲਵੇਗਾ | ਰੰਗਰੂਟਾਂ ਦੇ ਦੂਜੇ ਬੈਚ ਦੀ ਸਿਖਲਾਈ 23 ਫਰਵਰੀ ਤੋਂ ਸ਼ੁਰੂ ਹੋਵੇਗੀ | ਰੱਖਿਆ ਮੰਤਰਾਲੇ ਨੇ ਕਿਹਾ ਕਿ ‘ਅਗਨੀਵੀਰਾਂ’ ਦੀਆਂ ਸੇਵਾ ਸ਼ਰਤਾਂ ਰੈਗੂਲਰ ਫੌਜੀਆਂ ਦੇ ਬਰਾਬਰ ਹੋਣਗੀਆਂ | ਸਰਕਾਰ ਨੇ ਦਲੀਲ ਦਿੱਤੀ ਹੈ ਕਿ ਲੱਗਭੱਗ 17,600 ਜਵਾਨ ਹਰੇਕ ਸਾਲ ਸਮੇਂ ਤੋਂ ਪਹਿਲਾਂ ਸੇਵਾਮੁਕਤ ਹੋ ਜਾਂਦੇ ਹਨ | ਅਜਿਹਾ ਨਹੀਂ ਕਿ ਇਹ ਸਿਰਫ ਅਗਨੀਪੱਥ ਸਕੀਮ ਤਹਿਤ ਹੀ ਹੋਵੇਗਾ | ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਲਗਾਤਾਰ ਦੂਜੇ ਦਿਨ ਤਿੰਨਾਂ ਫੌਜਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ | ਸਕੀਮ ਦਾ ਵਿਰੋਧ ਹੋਣ ਤੋਂ ਬਾਅਦ ਸਰਕਾਰ ਨੌਜਵਾਨਾਂ ਨੂੰ ਲੁਭਾਉਣ ਲਈ ਇਸ ਵਿਚ ਕਈ ਸੋਧਾਂ ਕਰ ਚੁੱਕੀ ਹੈ, ਹਾਲਾਂਕਿ ਉਹ ਦਾਅਵਾ ਕਰ ਰਹੀ ਹੈ ਕਿ ਇਹ ਤਾਂ ਪਹਿਲਾਂ ਹੀ ਤੈਅ ਸੀ | ਪਹਿਲੀ ਸੋਧ ਇਹ ਕੀਤੀ ਗਈ ਕਿ ਕੇਂਦਰੀ ਬਲਾਂ ਤੇ ਆਸਾਮ ਰਾਈਫਲਜ਼ ਵਿਚ ਅਗਨੀਵੀਰਾਂ ਲਈ 10 ਫੀਸਦੀ ਕੋਟਾ ਰੱਖਿਆ ਜਾਵੇਗਾ | ਪਹਿਲੀ ਵਾਰੀ ਅਗਨੀਵੀਰ ਦੀ ਉਮਰ ਸੀਮਾ 21 ਸਾਲ ਦੀ ਥਾਂ 23 ਸਾਲ ਹੋਵੇਗੀ | ਅਗਨੀਵੀਰਾਂ ਨੂੰ ਰਿਟਾਇਰਮੈਂਟ ਦੇ ਬਾਅਦ ਸਸਤਾ ਲੋਨ ਤੇ ਸਰਕਾਰੀ ਨੌਕਰੀਆਂ ਵਿਚ ਤਰਜੀਹ ਦਿੱਤੀ ਜਾਵੇਗੀ | ਕਈ ਭਾਜਪਾ ਰਾਜਾਂ ਦੇ ਮੁੱਖ ਮੰਤਰੀਆਂ ਨੇ ਐਲਾਨਿਆ ਹੈ ਕਿ ਚਾਰ ਸਾਲ ਬਾਅਦ ਰਿਟਾਇਰ ਹੋਣ ਵਾਲੇ ਅਗਨੀਵੀਰਾਂ ਨੂੰ ਪੁਲਸ ਭਰਤੀ ਵਿਚ ਤਰਜੀਹ ਦਿੱਤੀ ਜਾਵੇਗੀ |