ਨਵੀਂ ਦਿੱਲੀ : ਓਡੀਸ਼ਾ ਦੇ ਬਾਲਾਸੋਰ ’ਚ ਸ਼ੁੱਕਰਵਾਰ ਨੂੰ ਹੋਏ ਰੇਲ ਹਾਦਸੇ ’ਚ ਮਿ੍ਰਤਕਾਂ ਦੀ ਗਿਣਤੀ 290 ਤੋਂ ਪਾਰ ਪਹੁੰਚ ਗਈ ਹੈ। ਓਡੀਸ਼ਾ ਦੇ ਪ੍ਰਮੁੱਖ ਸਕੱਤਰ ਨੇ ਮਿ੍ਰਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਓਡੀਸ਼ਾ ਦੇ ਮੁੱਖ ਸਕੱਤਰ ਪ੍ਰਦੀ ਜੇਨਾ ਨੇ ਅਧਿਕਾਰਤ ਬਿਆਨ ’ਚ ਦੱਸਿਆ ਕਿ ਬਾਲਾਸੋਰ ਰੇਲ ਹਾਦਸਾ ਦੇਸ਼ ਦੇ ਸਭ ਤੋਂ ਵੱਡੇ ਰੇਲ ਹਾਦਸਿਆਂ ’ਚੋਂ ਇੱਕ ਹੈ। ਇਸ ਹਾਦਸੇ ’ਚ ਜ਼ਖ਼ਮੀਆਂ ਦੀ ਗਿਣਤੀ 1200 ਤੱਕ ਪਹੁੰਚ ਚੁੱਕੀ ਹੈ। ਬਹੁਤ ਸਾਰੇ ਲੋਕ ਹਸਪਤਾਲਾਂ ’ਚ ਭਰਤੀ ਕਰਾਏ ਗਏ ਹਨ। ਸਥਾਨਕ ਲੋਕ ਖੂਨਦਾਨ ਲਈ ਅੱਗੇ ਆ ਰਹੇ ਹਨ। ਓਡੀਸ਼ਾ ਸਰਕਾਰ ਨੇ ਰਾਜ ਸ਼ੋਕ ਦਾ ਐਲਾਨ ਕੀਤਾ ਹੈ।
ਰੇਲ ਮੰਤਰੀ ਅਸ਼ਵਨੀ ਵੈਣਵ ਨੇ ਕਿਹਾ ਕਿ ਰੈਸਕਿਊ ਮਿਸ਼ਨ ਪੂਰਾ ਹੋ ਗਿਆ ਹੈ। ਪਰਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਓਡੀਸ਼ਾ ਦੇ ਬਾਲਾਸੋਰ ’ਚ ਤਿੰਨ ਰੇਲ ਗੱਡੀਆਂ ਦੇ ਆਪਸ ’ਚ ਟਕਰਾਉਣ ਨਾਲ ਹੁਣ ਤੱਕ 290 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਸੈਂਕੜਿਆਂ ਤੋਂ ਵੱਧ ਯਾਤਰੀ ਜਖ਼ਮੀ ਹਨ। ਕਈ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਰਨ ਵਾਲੇ ਯਾਤਰੀਆਂ ਦੀ ਗਿਣਤੀ ਵਧ ਸਕਦੀ ਹੈ। ਜਖ਼ਮੀਆ ਦਾ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਰੇਲ ਮੰਤਰਾਲੇ ਨੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਐੱਨ ਡੀ ਆਰ ਐੱਫ ਦੇ ਡਾਇਰੈਕਟਰ ਜਨਰਲ ਨੇ ਰੇਲ ਹਾਦਸੇ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬਹੁਤ ਦੁਖਦਾਈ ਘਟਨਾ ਹੈ, ਇੱਥੇ ਜਾਨ-ਮਾਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾ ਕਿਹਾ ਕਿ ਐੱਨ ਡੀ ਆਰ ਐੱਫ ਦੀਆਂ 9 ਟੀਮਾਂ ’ਚ ਕਰੀਬ 300 ਤੋਂ ਜ਼ਿਆਦਾ ਜਵਾਨਾਂ ਨੇ ਹੋਰ ਏਜੰਸੀਆਂ ਨਾਲ ਮਿਲ ਕੇ ਰੈਸਕਿਊ ਅਪਰੇਸ਼ਨ ਨੂੰ ਪੂਰਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ ’ਚ ਜਾਨ ਗਵਾਉਣ ਵਾਲੇ ਲੋਕਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਡੀਸ਼ਾ ਦੇ ਬਾਲਾਸੋਰ ’ਚ ਹੋਏ ਰੇਲ ਹਾਦਸੇ ਦੀ ਮੰਦਭਾਗੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਹਾਦਸੇ ’ਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ। ਦੁਖੀ ਪਰਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਹਾਦਸੇ ’ਚ ਜ਼ਖਮੀ ਹੋਏ ਲੋਕ ਜਲਦੀ ਠੀਕ ਹੋ ਜਾਣ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਰਾਹਤ ਅਤੇ ਬਹਾਲੀ ਦੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾ ਮੌਕੇ ਤੋਂ ਹੀ ਹੈੱਲਥ ਸੈਕਟਰੀ ਨੰੂ ਫੋਨ ਮਿਲਾ ਕੇ ਦਿਸ਼ਾ-ਨਿਰਦੇਸ਼ ਦਿੱਤੇ। ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਜ਼ਖ਼ਮੀਆਂ ਨੂੰ ਮਿਲਣ ਲਈ ਬਾਲਾਸੋਰ ਜ਼ਿਲ੍ਹਾ ਹਸਪਤਾਲ ’ਚ ਗਏ। ਜ਼ਖ਼ਮੀਆਂ ਤੋਂ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਦਰਦਨਾਕ ਘਟਨਾ ਹੈ। ਸਰਕਾਰ ਜ਼ਖ਼ਮੀਆਂ ਦੇ ਇਲਾਜ ਲਈ ਕੋਈ ਕਸਰ ਨਹੀਂ ਛੱਡੇਗੀ। ਇਹ ਗੰਭੀਰ ਘਟਨਾ ਹੈ, ਹਰ ਐਂਗਲ ਤੋਂ ਜਾਂਚ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਦੋਸ਼ੀ ਪਾਏ ਜਾਣ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।’ ਸ਼ੁਰੂਆਤੀ ਰਿਪੋਰਟ ਮੁਤਾਬਕ ਬਹਾਨਗਾ ਬਾਜ਼ਾਰ ਸਟੇਸ਼ਨ ’ਤੇ ਸਿਗਨਲ ਨੂੰ ਲੈ ਕੇ ਮਨੁੱਖੀ ਗਲਤੀ ਨੂੰ ਇਸ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਘਟਨਾ ਸਥਾਨ ਦੀ ਜਾਂਚ ਕਰਨ ਤੋਂ ਬਾਅਦ ਚਾਰ ਸੀਨੀਅਰ ਅਧਿਕਾਰੀਆਂ ਨੇ ਹਾਦਸੇ ਨੂੰ ਲੈ ਕੇ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ’ਚ ਕਿਹਾ ਗਿਆ ਕਿ ਗੌਰ ਨਾਲ ਜਾਂਚ ਕਰਨ ਤੋਂ ਬਾਅਦ ਅਸੀਂ ਨਤੀਜੇ ’ਤੇ ਪਹੁੰਚੇ ਹਾਂ ਕਿ 12841 ਕੋਰੋਮੰਡਲ ਐੱਕਸਪ੍ਰੱੈਸ ਨੂੰ ਮੇਨ ਲਾਈਨ ਲਈ ਸਿਗਨਲ ਦਿੱਤਾ ਗਿਆ। ਹਾਲਾਂਕਿ ਤੁਰੰਤ ਬਾਅਦ ਹੀ ਸਿਗਨਲ ਵਾਪਸ ਲੈ ਲਿਆ ਗਿਆ। ਕੋਰੋਮੰਡਲ ਐੱਕਸਪ੍ਰੱੈਸ ਨੂੰ ਮੇਨ ਲਾਈਨ ’ਤੇ ਜਾਣ ਦਾ ਸਿੰਗਨਲ ਸੀ, ਪਰ ਉਹ ਮੇਨ ਲਾਈਨ ’ਤੇ ਜਾਣ ਦੀ ਬਜਾਏ ਲੂਪ ਲਾਈਨ ’ਤੇ ਚਲੀ ਗਈ। ਲੂਪ ਲਾਈਨ ’ਤੇ ਪਹਿਲਾਂ ਹੀ ਮਾਲ ਗੱਡੀ ਖੜੀ ਹੋਣ ਕਾਰਨ ਹਾਦਸਾ ਹੋ ਗਿਆ। ਰੇਲ ਗੱਡੀ ਪਲਟ ਗਈ ਤੇ ਦੂਜੀ ਲਾਈਨ ’ਤੇ ਡੱਬੇ ਡਿੱਗ ਗਏ। ਬਾਅਦ ’ਚ ਇਸੇ ਲਾਈਨ ’ਤੇ ਯਸ਼ਵੰਤਪੁਰ ਐੱਕਸਪ੍ਰੈੱਸ ਆ ਕੇ ਟਕਰਾ ਗਈ। ਦੋ ਸਫਿਆਂ ਦੀ ਹੱਥ ਨਾਲ ਲਿਖੀ ਇਹ ਰਿਪੋਰਟ ਸੀਨੀਅਰ ਰੇਲ ਅਧਿਕਾਰੀਆਂ ਜੇ ਐੱਨ ਸੁਬੁਧੀ, ਆਰ ਕੇ ਬੈਨਰਜੀ, ਆਰ ਕੇ ਪੰਜੀਰਾ ਅਤੇ ਏ ਕੇ ਮੋਹੰਤੂ ਨੇ ਤਿਆਰ ਕੀਤੀ ਹੈ। ਇਹ ਰਿਪੋਰਟ ਸ਼ਨੀਵਾਰ ਹੀ ਜਮ੍ਹਾਂ ਕਰਵਾ ਦਿੱਤੀ ਗਈ। ਰੇਲਵੇ ਸਟੇਸ਼ਨਾਂ ’ਤੇ ਰੇਲ ਗੱਡੀਆਂ ਨੂੰ ਪਾਸ ਕਰਾਉਣ ਲਈ ਲੂਪ ਲਾਈਨਾਂ ਹੁੰਦੀਆਂ ਹਨ। ਬਹਾਨਗਾ ਸਟੇਸ਼ਨ ’ਤੇ ਚਾਰ ਟ੍ਰੈਕ ਹਨ। ਇੱਕ ਲੂਪ ਟ੍ਰੈਕ ’ਤੇ ਮਾਲ ਗੱਡੀ ਖੜੀ ਸੀ। ਦੋ ਮੁੱਖ ਲਾਈਨਾਂ ’ਤੇ ਆਹਮੋ-ਸਾਹਮਣੇ ਤੋਂ ਦੋ ਰੇਲ ਗੱਡੀਆਂ ਨੂੰ ਪਾਸ ਕਰਨਾ ਸੀ। ਮੇਨ ਲਾਈਨ ਅੱਪ ਤੋਂ ਕੋਰੋਮੰਡਲ ਐੱਕਸਪ੍ਰੈੱਸ ਲੰਘ ਰਹੀ ਸੀ। ਦੂਜੇ ਪਾਸੇ ਡਾਊਨ ਲਾਈਨ ਤੋਂ ਯਸ਼ਵੰਤਪੁਰ-ਹਾਵੜਾ ਐੱਕਸਪ੍ਰੈੱਸ ਜਾ ਰਹੀ ਸੀ, ਕਿਉਂਕਿ ਦੋਵੇਂ ਹੀ ਗੱਡੀਆਂ ਨੇ ਇਸ ਸਟੇਸਨ ’ਤੇ ਰੁਕਣਾ ਨਹੀਂ ਸੀ, ਇਸ ਲਈ ਦੋਵੇਂ ਪੂਰੀ ਰਫ਼ਤਾਰ ਨਾਲ ਲੰਘ ਰਹੀਆਂ ਸਨ।



