ਮੇਰੀ ਪਹਿਲੀ ਤਰਜੀਹ ਛੋਟੀ ਕਿਸਾਨੀ ਨੂੰ ਸੰਕਟ ’ਚੋਂ ਕੱਢਣਾ : ਖੁੱਡੀਆਂ

0
262

ਬਠਿੰਡਾ, (ਬਖਤੌਰ ਢਿੱਲੋਂ)-ਖੇਤੀ ਨੂੰ ਦਰਪੇਸ਼ ਸੰਕਟ ਦੇ ਚੱਲਦਿਆਂ ਛੋਟੀ ਕਿਸਾਨੀ ਲਈ ਸਾਹ ਲੈਣਾ ਵੀ ਦੁੱਭਰ ਹੋਇਆ ਪਿਆ ਹੈ, ਮੇਰੀ ਪਹਿਲੀ ਤਰਜੀਹ ਦੁੱਖਾਂ ਤੇ ਭੁੱਖਾਂ ਦੀ ਮਾਰੀ ਇਸ ਕਿਸਾਨੀ ਨੂੰ ਰਾਹਤ ਪਹੁੰਚਾਉਣੀ ਹੋਵੇਗੀ। ਇਹ ਵਿਚਾਰ ਖੇਤੀਬਾੜੀ ਮੰਤਰੀ ਬਣਨ ਉਪਰੰਤ ਪਲੇਠੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਗਟ ਕੀਤੇ। ਚੰਡੀਗੜ੍ਹ ਤੋਂ ਲੰਬੀ ਹਲਕੇ ’ਚ ਸਥਿਤ ਆਪਣੇ ਘਰ ਨੂੰ ਮੁੜਦਿਆਂ ਸਥਾਨਕ ਲੇਕ ਵਿਊ ਰੈੱਸਟ ਹਾਊਸ ਵਿਖੇ ਜਿਉਂ ਹੀ ਸ੍ਰੀ ਖੁੱਡੀਆਂ ਦੀ ਕਾਰ ਰੁਕੀ ਤਾਂ ਜੋਸ਼ ’ਚ ਲਬਰੇਜ਼ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਤੋਂ ਇਲਾਵਾ ਇਲਾਕੇ ਦੇ ਜਨ-ਸਧਾਰਨ ਲੋਕਾਂ ਨੇ ਉਹਨਾ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾ ਦੇ ਸਨਮਾਨ ਵਿੱਚ ਪੁਲਸ ਦੀ ਇੱਕ ਟੁਕੜੀ ਨੇ ਗਾਰਡ ਆਫ਼ ਆਨਰ ਪੇਸ਼ ਕੀਤਾ। ਖੁੱਡੀਆਂ ਨੇ ਕਿਹਾ ਕਿ ਉਹ ਇੱਕ-ਦੋ ਦਿਨਾਂ ’ਚ ਕਿਸੇ ਕਿਸਮ ਦੇ ਬਦਲਾਅ ਦਾ ਦਾਅਵਾ ਤਾਂ ਨਹੀਂ ਕਰ ਸਕਦੇ, ਪਰ ਉਹਨਾ ਦੀ ਪਹਿਲੀ ਤਰਜੀਹ ਛੋਟੀ ਕਿਸਾਨੀ ਨੂੰ ਸੰਕਟ ’ਚੋਂ ਕੱਢਣਾ ਹੋਵੇਗਾ। ਉਹਨਾ ਕਿਹਾ ਕਿ ਵੈਸੇ ਤਾਂ ਪੰਜਾਬ ਦਾ ਸਮੁੱਚਾ ਖੇਤੀ ਸੈਕਟਰ ਹੀ ਗੰਭੀਰ ਆਰਥਕ ਸੰਕਟ ਦਾ ਸ਼ਿਕਾਰ ਹੈ, ਪਰ ਛੋਟੀ ਕਿਸਾਨੀ ਦੀ ਸਥਿਤੀ ਇਸ ਕਦਰ ਖ਼ਰਾਬ ਹੋ ਚੁੱਕੀ ਹੈ ਕਿ ਉਸ ਲਈ ਸਾਹ ਤੱਕ ਲੈਣਾ ਵੀ ਔਖਾ ਹੋਇਆ ਪਿਆ ਹੈ।
ਪੇਂਡੂ ਪਿਛੋਕੜ ਨਾਲ ਸੰਬੰਧਤ ਹੋਣ ਦਾ ਹਵਾਲਾ ਦਿੰਦਿਆਂ ਖੁੱਡੀਆਂ ਨੇ ਕਿਹਾ ਕਿ ਉਹ ਟੈਲੀਫੋਨ ਹੈੱਲਪ ਲਾਈਨ ਜਾਂ ਹੋਰ ਕਿਸੇ ਕਿਸਮ ਦੀ ਕਾਗਜ਼ੀ ਕਾਰਵਾਈ ਦੇ ਉਲਟ ਪ੍ਰੈਕਟੀਕਲ ਕੰਮ ਨੂੰ ਪਰਮ ਅਗੇਤ ਦੇਣਗੇ। ਕਿਸਾਨੀ ਲਈ ਸਰਕਾਰੀ ਸਕੀਮਾਂ ਦੀ ਅਨਾਊਂਸਮੈਂਟ ਪਿੰਡਾਂ ਦੇ ਗੁਰਦੁਆਰਿਆਂ ’ਚੋਂ ਕਰਵਾਉਣ ਦੇ ਨਾਲ-ਨਾਲ ਅਜਿਹੀਆਂ ਸਹੂਲਤਾਂ ਲੈਣ ਲਈ ਤੌਰ-ਤਰੀਕਿਆਂ ਦੀ ਵੀ ਮੁਨਾਦੀ ਕਰਵਾਈ ਜਾਵੇਗੀ, ਇਸ ਮਕਸਦ ਲਈ ਪਿੰਡਾਂ ਦੀਆਂ ਪੰਚਾਇਤਾਂ, ਕਿਸਾਨ ਕਾਰਕੁਨਾਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਮਦਦ ਵੀ ਲਈ ਜਾਵੇਗੀ।
ਹਰ ਸਮੱਸਿਆ ਦਾ ਹੱਲ ਗੱਲਬਾਤ ਨਾਲ ਕਰਨ ਦਾ ਵਾਅਦਾ ਕਰਦਿਆਂ ਖੇਤੀ ਮੰਤਰੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ, ਖੇਤੀ ਵਿਗਿਆਨੀਆਂ, ਬੁੱਧੀਜੀਵੀਆਂ, ਇੱਥੋਂ ਤੱਕ ਕਿ ਆਮ ਵਾਹੀਵਾਨਾਂ ਨਾਲ ਵਿਚਾਰ-ਵਟਾਂਦਰਾ ਕਰਕੇ ਖੇਤੀ ਸੈਕਟਰ ਨੂੰ ਸੰਕਟ ’ਚੋਂ ਕੱਢਣ ਦਾ ਹੀਲਾ ਕੀਤਾ ਜਾਵੇਗਾ। ਫੂਡ ਪ੍ਰੋਸੈਸਿੰਗ ਸੈਕਟਰ ਨੂੰ ਵੀ ਅਜਿਹੇ ਹੀ ਇੱਕ ਸਾਧਨ ਵਜੋਂ ਇਸਤੇਮਾਲ ਕੀਤਾ ਜਾਵੇਗਾ, ਤਾਂ ਕਿ ਕਿਸਾਨਾਂ ਤੇ ਖਪਤਕਾਰਾਂ ਨੂੰ ਵਿਚੋਲਿਆਂ ਦੀ ਲੁੱਟ ਤੋਂ ਬਚਾਇਆ ਜਾ ਸਕੇ। ਉਹਨਾ ਦੇ ਮਰਹੂਮ ਪਿਤਾ ਜਗਦੇਵ ਸਿੰਘ ਖੁੱਡੀਆਂ, ਜੋ 1989 ਵਿੱਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੁਣੇ ਗਏ ਸਨ, ਅੱਸੀਵਿਆਂ ਦੇ ਦੌਰ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹੋਣ ਦਾ ਹਵਾਲਾ ਦੇ ਕੇ ਜਦ ਇਹ ਪੁੱਛਿਆ ਕਿ ਉਹ ਆਪਣੇ ਬਾਪ ਵਾਲੇ ਮਹਿਕਮੇ ਦੇ ਵਜ਼ੀਰ ਬਣਨ ਉਪਰੰਤ ਕਿਵੇਂ ਮਹਿਸੂਸ ਕਰਦੇ ਹਨ? ਤਾਂ ਖੇਤੀ ਮੰਤਰੀ ਨੇ ਦੱਸਿਆ ਕਿ ਉਹਨਾ ਆਪਣੇ ਪਰਵਾਰ ਨੂੰ ਇਹ ਸੰਸਕਾਰ ਦਿੱਤੇ ਸਨ ਕਿ ਖ਼ੁਦ ਭਾਵੇਂ ਭੁੱਖੇ ਰਹਿ ਰਹੋ, ਪਰ ਕਿਸੇ ਹੋਰ ਦਾ ਹੱਕ ਨਾ ਮਾਰਿਆ ਜਾਵੇ। ਆਪਣੇ ਬਾਪ ਦੀ ਇਸ ਸਿੱਖਿਆ ਨੂੰ ਉਹ ਉਹਨਾ ਦਾ ਇੱਕ ਪਹਿਰਾ ਸਮਝ ਕੇ ਕੰਮ ਕਰਦੇ ਹਨ, ਇਹੀ ਕਾਰਨ ਹੈ ਕਿ ਉਹਨਾ ਦੇ ਨਕਸ਼ੇ ਕਦਮ ’ਤੇ ਚੱਲਣ ਕਾਰਨ ਲੰਬੀ ਹਲਕੇ ਦੇ ਲੋਕਾਂ ਨੇ ਉਹਨਾ ਨੂੰ ਏਨਾ ਵੱਡਾ ਮਾਣ ਬਖਸਿਆ ਹੈ।
ਇਸ ਮੌਕੇ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ, ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ, ਆਪ ਦੇ ਬੁਲਾਰੇ ਨੀਲ ਗਰਗ, ਅੰਮਿ੍ਰਤਪਾਲ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ, ਅਨਿਲ ਠਾਕੁਰ, ਸ਼ੂਗਰਫੈੱਡ ਦੇ ਚੇਅਰਮੈਨ ਨਵਦੀਪ ਜੀਦਾ ਵੀ ਮੌਜੂਦ ਸਨ।

LEAVE A REPLY

Please enter your comment!
Please enter your name here