ਭੁਬਨੇਸ਼ਵਰ : ਓਡੀਸ਼ਾ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਸ਼ੁੱਕਰਵਾਰ ਤਿੰਨ ਰੇਲ ਗੱਡੀਆਂ ਦੇ ਟਕਰਾਉਣ ਦੀ ਘਟਨਾ ਨੂੰ ਫਿਰਕੂ ਰੰਗ ਦੇਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਸ ਨੇ ਲੋਕਾਂ ਨੂੰ ਅਜਿਹੀਆਂ ਪੋਸਟਾਂ ਨਾ ਪਾਉਣ ਦੀ ਅਪੀਲ ਕੀਤੀ ਹੈ। ਰੈਂਡਮ ਇੰਨੀਅਨ ਨਾਂਅ ਦੇ ਟਵਿਟਰ ਯੂਜ਼ਰ ਨੇ ਹਾਦਸੇ ਵਾਲੀ ਥਾਂ ਦੀ ਹਵਾਈ ਤਸਵੀਰ ਸਾਂਝੀ ਕਰਦਿਆਂ ਇਕ ਚਿੱਟੀ ਇਮਾਰਤ ਵੱਲ ਤੀਰ ਦਾ ਨਿਸ਼ਾਨ ਬਣਾਇਆ, ਜਿਹੜੀ ਕਿ ਮਸਜਿਦ ਵਰਗੀ ਲਗਦੀ ਹੈ। ਉਸ ਨੇ ਇਸ ਦੇ ਨਾਲ ਲਿਖਿਆਕੱਲ੍ਹ ਸ਼ੁੱਕਰਵਾਰ ਸੀ।
ਭਾਰਤੀ ਰੇਲਵੇ ਨੇ ਰੇਲ ਹਾਦਸੇ ਪਿੱਛੇ ਡਰਾਈਵਰ ਦੀ ਕੋਈ ਗਲਤੀ ਹੋਣ ਜਾਂ ਫਿਰ ਸਿਸਟਮ ’ਚ ਕਿਸੇ ਤਰ੍ਹਾਂ ਦਾ ਨੁਕਸ ਪੈਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਰੇਲਵੇ ਨੇ ਕਿਹਾ ਕਿ ਹਾਦਸੇ ਦਾ ਕਾਰਨ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਸਟਮ ਨਾਲ ਛੇੜਛਾੜ ਤੇ ਸੰਭਾਵੀ ਸਾਬੋਤਾਜ ਦੀ ਕੋੋਸ਼ਿਸ਼ ਹੋ ਸਕਦੀ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਹਾਦਸੇ ਦੇ ਅਸਲ ਕਾਰਨ ਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਸ਼ਨਾਖਤ ਹੋ ਗਈ ਹੈ। ਉਨ੍ਹਾ ਕਿਹਾਇਹ ਇਲੈਕਟ੍ਰਾਨਿਕ ਇੰਟਰਲਾਕਿੰਗ ਤੇ ਪੁਆਇੰਟ ਮਸ਼ੀਨ ’ਚ ਫੇਰਬਦਲ ਕੀਤੇ ਜਾਣ ਕਰਕੇ ਹੋਇਆ।
ਉਧਰ ਦਿੱਲੀ ’ਚ ਸਿਖਰਲੇ ਰੇਲ ਅਧਿਕਾਰੀਆਂ ਨੇ ਕਿਹਾ ਕਿ ਪੁੁਆਇੰਟ ਮਸ਼ੀਨ ਤੇ ਇੰਟਰਲਾਕਿੰਗ ਸਿਸਟਮ ‘ਗਲਤੀ ਰਹਿਤ’ ਤੇ ‘ਪੂਰੀ ਤਰ੍ਹਾਂ ਸੁਰੱਖਿਅਤ’ ਹੈ, ਪਰ ਇਸ ਨਾਲ ਬਾਹਰੀ ਛੇੜਛਾੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰੇਲਵੇ ਬੋਰਡ ਦੇ ਮੈਂਬਰ ਅਪਰੇਸ਼ਨਲ ਤੇ ਬਿਜ਼ਨੈੱਸ ਡਿਵੈੱਲਪਮੈਂਟ ਜਯਾ ਵਰਮਾ ਸਿਨਹਾ ਨੇ ਕਿਹਾਇਸ ਨੂੰ ‘ਫੇਲ੍ਹ ਸੇਫ’ ਭਾਵ ਪੂਰੀ ਤਰ੍ਹਾਂ ਸੁਰੱਖਿਅਤ ਸਿਸਟਮ ਮੰਨਿਆ ਜਾਂਦਾ ਹੈ, ਇਸ ਲਈ ਜੇ ਇਹ ਨਾਕਾਮ ਵੀ ਰਹਿੰਦਾ ਹੈ ਤਾਂ ਸਾਰੇ ਸਿਗਨਲ ਲਾਲ ਹੋ ਜਾਂਦੇ ਹਨ ਤੇ ਸਾਰੇ ਟਰੇਨ ਅਪਰੇਸ਼ਨਜ਼ ਰੁਕ ਜਾਣਗੇ।
ਰੇਲ ਮੰਤਰੀ ਵੈਸ਼ਨਵ ਨੇ ਕਿਹਾ ਕਿ ਹਾਦਸਾ ਇਲੈਕਟ੍ਰਾਨਿਕ ਇੰਟਰਲਾਕਿੰਗ ’ਚ ਬਦਲਾਅ ਕਾਰਨ ਵਾਪਰਿਆ। ਉਨ੍ਹਾ ਕਿਹਾ ਕਿ ਰੇਲਵੇ ਕਮਿਸ਼ਨਰ (ਸੁਰੱਖਿਆ) ਨੇ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਮਗਰੋਂ ਹਾਦਸੇ ਦੇ ਕਾਰਨਾਂ ਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਹੈ। ਹਾਦਸੇ ਵਾਲੀ ਥਾਂ ਜਾਰੀ ਰਾਹਤ ਤੇ ਬਚਾਅ ਕਾਰਜਾਂ ਦੀ ਨਜ਼ਰਸਾਨੀ ਲਈ ਪੁੱਜੇ ਵੈਸ਼ਨਵ ਨੇ ਦੱਸਿਆਰੇਲਵੇ ਕਮਿਸ਼ਨਰ (ਸੁਰੱਖਿਆ) ਨੇ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਜਾਂਚ ਰਿਪੋਰਟ ਦੀ ਉਡੀਕ ਹੈ, ਪਰ ਅਸੀਂ ਘਟਨਾ ਦੇ ਕਾਰਨਾਂ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਹੈ… ਇਹ ਇਲੈਕਟ੍ਰਾਨਿਕ ਇੰਟਰਲਾਕਿੰਗ ’ਚ ਤਬਦੀਲੀ ਕਾਰਨ ਹੋਇਆ ਹੈ।
ਵੈਸ਼ਨਵ ਨੇ ਕਿਹਾ ਕਿ ਇਸ ਵੇੇਲੇ ਉਨ੍ਹਾ ਦਾ ਸਾਰਾ ਧਿਆਨ ਰਾਹਤ ਤੇ ਬਚਾਅ ਕਾਰਜ ਮੁਕੰਮਲ ਕਰਕੇ ਬੁੱਧਵਾਰ ਸਵੇਰ ਤੱਕ ਆਵਾਜਾਈ ਨੂੰ ਬਹਾਲ ਕਰਨ ’ਤੇ ਹੈ। ਚੇਤੇ ਰਹੇ ਕਿ ਦੋ ਯਾਤਰੀ ਗੱਡੀਆਂ ਤੇ ਇਕ ਮਾਲ ਗੱਡੀ ਦੇ ਟਕਰਾਉਣ ਕਾਰਨ 288 ਯਾਤਰੀਆਂ ਦੀ ਜਾਨ ਜਾਂਦੀ ਰਹੀ ਹੈ, ਜਦੋਂਕਿ 1000 ਤੋਂ ਵੱਧ ਲੋਕ ਜ਼ਖਮੀ ਦੱਸੇ ਜਾਂਦੇ ਹਨ।
ਉਧਰ, ਕਾਂਗਰਸ ਨੇ ਰੇਲ ਤ੍ਰਾਸਦੀ ਨੂੰ ਲੈ ਕੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਦੋਸ਼ ਲਾਇਆ ਕਿ ਉਨ੍ਹਾ ਦੀਆਂ ‘ਪੀ ਆਰ ਡਰਾਮੇਬਾਜ਼ੀਆਂ’ ਨੇ ਭਾਰਤੀ ਰੇਲਵੇ ਦੀਆਂ ਗੰਭੀਰ ਕਮੀਆਂ, ਅਪਰਾਧਿਕ ਲਾਪ੍ਰਵਾਹੀ ਅਤੇ ਰੱਖਿਆ ਤੇ ਸੁਰੱਖਿਆ ਪ੍ਰਤੀ ਪੂਰੀ ਅਣਦੇਖੀ ਨੂੰ ਢੱਕ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾ ਦੀ ਸਰਕਾਰ ਵੱਲੋਂ ਭਾਰਤੀ ਰੇਲਵੇ ਤੇ ਲੋਕਾਂ ’ਤੇ ਪਾਏ ਇਸ ‘ਰੋਲ-ਘਚੋਲੇ’ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਕਤੀਸਿੰਹ ਗੋਹਿਲ ਤੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਦੋਸ਼ ਲਾਇਆ ਕਿ ਰੇਲ ਤ੍ਰਾਸਦੀ ਸਿਰੇ ਦੀ ਲਾਪ੍ਰਵਾਹੀ, ਸਿਸਟਮ ’ਚ ਗੰਭੀਰ ਖਾਮੀਆਂ ਤੇ ਅਯੋਗਤਾ ਕਾਰਨ ਮਨੁੱਖ ਵੱਲੋਂ ਕੀਤੀ ਤਬਾਹੀ ਹੈ। ਖੇੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾ ਐਲਾਨ ਕੀਤਾ ਸੀ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ, ਸਭ ਤੋਂ ਪਹਿਲਾਂ ਰੇਲ ਮੰਤਰੀ ਤੋਂ ਸ਼ੁਰੂਆਤ ਕਰਨ। ਉਨ੍ਹਾ ਕਿਹਾਅਸੀਂ ਰੇਲ ਮੰਤਰੀ ਅਸਵਨੀ ਵੈਸ਼ਨਵ ਦੇ ਅਸਤੀਫੇ ਦੀ ਮੰਗ ਕਰਦੇ ਹਾਂ। ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ।
ਰੇਲ ਹਾਦਸੇ ਦੀ ਜਾਂਚ ਲਈ ਸੁਪਰੀਮ ਕੋਰਟ ਵਿਚ ਲੋਕਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ। ਐਡਵੋਕੇਟ ਵਿਸ਼ਾਲ ਤਿਵਾੜੀ ਵੱਲੋਂ ਦਾਇਰ ਪਟੀਸ਼ਨ ’ਚ ਸੁਪਰੀਮ ਕੋਰਟ ਦੇ ਕਿਸੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨਰ ਨੇ ਕਿਹਾ ਕਿ ਇਸ ਜਾਂਚ ਕਮਿਸ਼ਨ ’ਚ ਤਕਨੀਕੀ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ, ਜੋ ਰੇਲਵੇ ਸਿਸਟਮ ’ਚ ਜੋਖਮ ਤੇ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਕਰਨ ਅਤੇ ਰੇਲਵੇ ਦੇ ਸੁਰੱਖਿਆ ਚੌਖਟੇ ਨੂੰ ਮਜ਼ਬੂਤ ਕਰਨ ਲਈ ਸਿਸਟੇਮੈਟਿਕ ਸੁਰੱਖਿਆ ਤਰਮੀਮਾਂ ਦਾ ਸੁਝਾਅ ਦੇਣ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਕਿ ‘ਕਵਚ’ ਸਿਸਟਮ ਨੂੰ ਅਮਲ ’ਚ ਨਾ ਲਿਆਂਦੇ ਜਾਣ ਕਰਕੇ ਹੀ ਏਨਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।