ਦੇਸ਼ ਦੇ ਪ੍ਰਮੁੱਖ ਕੋਚਿੰਗ ਕੇਂਦਰ ਬਣੇ ਰਾਜਸਥਾਨ ਦੇ ਕੋਟਾ ਵਿਚ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਮਾਨਸਕ ਦਬਾਅ ਹੇਠ ਖੁਦਕੁਸ਼ੀਆਂ ਦੀਆਂ ਰਿਪੋਰਟਾਂ ਅਕਸਰ ਸਾਹਮਣੇ ਆਉਦੀਆਂ ਰਹਿੰਦੀਆਂ ਹਨ, ਪਰ ਹੁਣ ਆਈ ਆਈ ਟੀ ਵਰਗੇ ਦੇਸ਼ ਦੇ ਸਰਵਸ੍ਰੇਸ਼ਠ ਇੰਜੀਨੀਅਰਿੰਗ ਅਦਾਰਿਆਂ ਤੇ ਕੁਝ ਹੋਰ ਵਕਾਰੀ ਉੱਚ ਅਦਾਰਿਆਂ ਵਿਚ ਵੀ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਸਮਾਜ ਨੂੰ ਝੰਜੋੜਨ ਲੱਗੀਆਂ ਹਨ। ਕੋਟਾ ਵਿਚ 8 ਮਈ ਤੋਂ 25 ਮਈ ਤੱਕ ਚਾਰ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਕਰਨ ਦੀਆਂ ਖਬਰਾਂ ਆਈਆਂ। ਸੀ ਬੀ ਐੱਸ ਈ ਦਾ ਬਾਰ੍ਹਵੀਂ ਦਾ ਨਤੀਜਾ ਆਉਣ ਦੇ ਬਾਅਦ ਸਿਰਫ ਦਿੱਲੀ ਵਿਚ ਤਿੰਨ ਵਿਦਿਆਰਥੀਆਂ ਦੀ ਖੁਦਕੁਸ਼ੀ ਨੇ ਪਰੇਸ਼ਾਨ ਕਰ ਦਿੱਤਾ। ਦੇਸ਼ ਦੀ ਰਾਜਧਾਨੀ ਦੇ ਮਾਮਲੇ ਹੋਣ ਕਰਕੇ ਇਨ੍ਹਾਂ ਦੀ ਮੀਡੀਆ ਵਿਚ ਕਾਫੀ ਚਰਚਾ ਹੋਈ, ਪਰ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਵਾਪਰਦੀਆਂ ਅਜਿਹੀਆਂ ਤ੍ਰਾਸਦੀਆਂ ਤਾਂ ਲੁਕੀਆਂ ਰਹਿ ਜਾਂਦੀਆਂ ਹਨ। ਰਾਜ ਸਭਾ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ 2018 ਤੋਂ 2023 ਤੱਕ ਪੰਜ ਸਾਲਾਂ ਵਿਚ ਆਈ ਆਈ ਟੀ, ਐੱਨ ਆਈ ਟੀ, ਆਈ ਆਈ ਐੱਮ ਵਰਗੇ ਉੱਚ ਅਦਾਰਿਆਂ ’ਚ 61 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਵਿੱਚੋਂ 33 ਆਈ ਆਈ ਟੀ ਦੇ ਸਨ। ਕੌਮੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ 2020 ਵਿਚ 12526 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ, 2021 ਵਿਚ ਅੰਕੜਾ ਵਧ ਕੇ 13089 ਹੋ ਗਿਆ। 18 ਸਾਲ ਤੋਂ ਘੱਟ ਉਮਰ ਦੇ 10732 ਅੱਲ੍ਹੜਾਂ ਵਿੱਚੋਂ 864 ਨੇ ਤਾਂ ਇਮਤਿਹਾਨ ਵਿਚ ਨਾਕਾਮੀ ਕਾਰਨ ਮੌਤ ਨੂੰ ਗਲੇ ਲਾਇਆ। ਵਿਸ਼ਵ ਸਿਹਤ ਜਥੇਬੰਦੀ ਮੁਤਾਬਕ ਦੁਨੀਆ ਵਿਚ ਹਰ 40 ਸੈਕਿੰਡ ਵਿਚ ਇਕ ਵਿਅਕਤੀ ਖੁਦਕੁਸ਼ੀ ਕਰਦਾ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ 15 ਤੋਂ 19 ਸਾਲ ਤੱਕ ਦੇ ਲੋਕਾਂ ਦੀ ਹੁੰਦੀ ਹੈ। ਵਿਸ਼ਵ ਸਿਹਤ ਜਥੇਬੰਦੀ ਦਾ ਇਹ ਵੀ ਕਹਿਣਾ ਹੈ ਕਿ ਖੁਦਕੁਸ਼ੀ ਕਰਨ ਵਾਲਿਆਂ ਵਿੱਚੋਂ 79 ਫੀਸਦੀ ਹੇਠਲੇ ਜਾਂ ਦਰਮਿਆਨੇ ਤਬਕੇ ਵਾਲੇ ਦੇਸ਼ਾਂ ਦੇ ਲੋਕ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਅਜਿਹੇ ਨੌਜਵਾਨਾਂ ਦੀ ਹੁੰਦੀ ਹੈ, ਜਿਨ੍ਹਾਂ ਦੇ ਮੋਢਿਆਂ ’ਤੇ ਕਿਸੇ ਵੀ ਦੇਸ਼ ਦਾ ਭਵਿੱਖ ਟਿਕਿਆ ਹੁੰਦਾ ਹੈ। ਮਨੋਵਿਗਿਆਨੀ ਵਾਰ-ਵਾਰ ਖਬਰਦਾਰ ਕਰਦੇ ਹਨ ਕਿ ਮਾਂ-ਬਾਪ ਆਪਣੇ ਬੱਚਿਆਂ ਦੀ ਸਥਿਤੀ ਨੂੰ ਸਮਝਣ ਤੇ ਅਜਿਹੀ ਪੜ੍ਹਾਈ ਕਰਨ ਲਈ ਦਬਾਅ ਨਾ ਪਾਉਣ, ਜਿਸ ਵਿਚ ਉਨ੍ਹਾਂ ਦੀ ਦਿਲਚਸਪੀ ਨਹੀਂ। ਵਿਦਿਆਰਥੀਆਂ ਨੂੰ ਮਾਨਸਕ ਦਬਾਅ ਵਿੱਚੋਂ ਬਾਹਰ ਕੱਢਣ ’ਚ ਸਭ ਤੋਂ ਵੱਡੀ ਭੂਮਿਕਾ ਮਾਂ-ਬਾਪ, ਕਰੀਬੀ ਲੋਕਾਂ ਤੇ ਟੀਚਰਾਂ ਦੀ ਹੀ ਹੋ ਸਕਦੀ ਹੈ, ਜਿਹੜੇ ਬੱਚਿਆਂ ਨੂੰ ਹਮਦਰਦੀ ਨਾਲ ਸਮਝਾਉਣ ਕਿ ਨਾਕਾਮ ਹੋਣ ’ਤੇ ਦਿਲ ਨਹੀਂ ਛੱਡਣਾ ਚਾਹੀਦਾ, ਉਸਾਰੂ ਸੋਚ ਨਾਲ ਹੀ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਕਿਸੇ ਸਿਆਸੀ ਪਾਰਟੀ ਲਈ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਭਲੇ ਚੋਣ ਮੁੱਦਾ ਨਾ ਹੋਵੇ, ਪਰ ਸਮਾਜ ਲਈ ਇਹ ਚਿੰਤਾਜਨਕ ਜ਼ਰੂਰ ਹਨ। ਕਿਸੇ ਵੀ ਨੌਜਵਾਨ ਦੇ ਮਨ ਵਿਚ ਖੁਦਕੁਸ਼ੀ ਦਾ ਵਿਚਾਰ ਆਏ ਹੀ ਨਾ, ਅਜਿਹਾ ਮਾਹੌਲ ਤਿਆਰ ਕਰਨਾ ਪਰਵਾਰ ਦੇ ਨਾਲ-ਨਾਲ ਸਮਾਜ ਦੀ ਵੀ ਵੱਡੀ ਜ਼ਿੰਮੇਵਾਰੀ ਹੈ।