ਪੰਜਾਬ ਯੂਨੀਵਰਸਿਟੀ ਤਿੰਨ ਰੈਂਕ ਘਟ ਕੇ 44ਵੇਂ ਸਥਾਨ ’ਤੇ ਰਹੀ

0
225

ਨਵੀਂ ਦਿੱਲੀ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ-2023 ਦੀ ਸੂਚੀ ’ਚ ਤਿੰਨ ਰੈਂਕ ਡਿਗ ਕੇ 44ਵੇਂ ’ਤੇ ਰਹੀ ਹੈ। ਨਿੱਜੀ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ 100 ਵਿੱਚੋਂ 45ਵੇਂ ਤੇ ਲਵਲੀ ਯੂਨੀਵਰਸਿਟੀ 46ਵੇਂ ਸਥਾਨ ’ਤੇ ਰਹੀਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ 87ਵੇਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ 74ਵੇਂ ਸਥਾਨ ’ਤੇ ਆਈਆਂ ਹਨ। ਫਾਰਮੇਸੀ ਵਿਚ ਪੰਜਾਬ ਯੂਨੀਵਰਸਿਟੀ ਤੀਜੇ ਸਥਾਨ ਤੋਂ ਤਿਲਕ ਕੇ ਅੱਠਵੇਂ ’ਤੇ ਆ ਗਈ। ਇਲਾਕੇ ਲਈ ਚੰਗੀ ਖਬਰ ਇਹ ਹੈ ਕਿ ਪੀ ਜੀ ਆਈ ਚੰਡੀਗੜ੍ਹ ਲਗਾਤਾਰ ਛੇਵੀਂ ਵਾਰ ਦੇਸ਼ ਦਾ ਸੈਕਿੰਡ ਬੈੱਸਟ ਮੈਡੀਕਲ ਇੰਸਟੀਚਿਊਟ ਕਰਾਰ ਦਿੱਤਾ ਗਿਆ ਹੈ।
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ ਆਈ ਟੀ) ਮਦਰਾਸ ਨੇ ਲਗਾਤਾਰ ਪੰਜਵੇਂ ਸਾਲ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈ ਆਈ ਐੱਸ ਸੀ) ਬੇਂਗਲੁਰੂ ਨੂੰ ਸਭ ਤੋਂ ਵਧੀਆ ਯੂਨੀਵਰਸਿਟੀ ਵਜੋਂ ਚੁਣਿਆ ਗਿਆ ਹੈ। ਸਿੱਖਿਆ ਮੰਤਰਾਲੇ ਨੇ ਦੱਸਿਆ ਕਿ ਆਈ ਆਈ ਐੱਸ ਸੀ ਬੇਂਗਲੁਰੂ ਨੂੰ ਸਮੁੱਚੀ ਕਾਰਗੁਜ਼ਾਰੀ ਸ਼੍ਰੇਣੀ ’ਚ ਦੂਜਾ ਸਥਾਨ ਮਿਲਿਆ ਹੈ। ਇਸ ਤੋਂ ਬਾਅਦ ਆਈ ਆਈ ਟੀ ਦਿੱਲੀ ਦਾ ਨੰਬਰ ਆਉਂਦਾ ਹੈ। ਆਈ ਆਈ ਟੀ ਮਦਰਾਸ ਲਗਾਤਾਰ ਅੱਠਵੇਂ ਸਾਲ ਇੰਜੀਨੀਅਰਿੰਗ ਇੰਸਟੀਚਿਊਟਸ ’ਚ ਸਿਖਰ ’ਤੇ ਰਿਹਾ। ਇਸ ਸ਼੍ਰੇਣੀ ’ਚ ਆਈ ਆਈ ਟੀ ਦਿੱਲੀ ਅਤੇ ਆਈ ਆਈ ਟੀ ਬੰਬੇ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।
ਕਾਲਜਾਂ ਵਿੱਚੋਂ ਦਿੱਲੀ ਯੂਨੀਵਰਸਿਟੀ ਦਾ ਮਿਰਾਂਡਾ ਹਾਊਸ ਅਤੇ ਹਿੰਦੂ ਕਾਲਜ ਪਹਿਲੇ ਅਤੇ ਦੂਜੇ ਸਥਾਨ ’ਤੇ ਹਨ, ਜਦਕਿ ਪ੍ਰੈਜ਼ੀਡੈਂਸੀ ਕਾਲਜ ਚੇਨਈ ਤੀਜੇ ਸਥਾਨ ’ਤੇ ਹੈ। ਆਈ ਆਈ ਐੱਸਸੀ ਬੇਂਗਲੁਰੂ ਨੂੰ ਖੋਜ ਦੇ ਖੇਤਰ ’ਚ ਸਰਵੋਤਮ ਸੰਸਥਾ ਵਜੋਂ ਦਰਜਾ ਦਿੱਤਾ ਗਿਆ ਹੈ, ਜਦੋਂ ਕਿ ਆਈ ਆਈ ਟੀ ਕਾਨਪੁਰ ਨੂੰ ਨਵੀਨਤਾ ਦੇ ਖੇਤਰ ’ਚ ਸਭ ਤੋਂ ਵਧੀਆ ਸੰਸਥਾ ਵਜੋਂ ਦਰਜਾ ਦਿੱਤਾ ਗਿਆ ਹੈ। ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਮੈਨੇਜਮੈਂਟ ਸੰਸਥਾਵਾਂ ਵਿੱਚੋਂ ਸਭ ਤੋਂ ਉੱਪਰ ਹੈ ਅਤੇ ਇਸ ਤੋਂ ਬਾਅਦ ਬੇਂਗਲੁਰੂ ਅਤੇ ਕੋਝੀਕੋਡ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹੈ।
ਫਾਰਮੇਸੀ ਦੇ ਖੇਤਰ ’ਚ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਹੈਦਰਾਬਾਦ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ, ਜਾਮੀਆ ਹਮਦਰਦ ਅਤੇ ਬਿਟਸ ਪਿਲਾਨੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਨੈਸ਼ਨਲ ਲਾਅ ਸਕੂਲ ਆਫ ਇੰਡੀਆ ਯੂਨੀਵਰਸਿਟੀ ਬੇਂਗਲੁਰੂ ਕਾਨੂੰਨ ਦੇ ਖੇਤਰ ਵਿੱਚ ਸਿਖਰ ’ਤੇ ਹੈ। ਇਸ ਤੋਂ ਬਾਅਦ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਅਤੇ ਐੱਨ ਏ ਐੱਲ ਐੱਸ ਏ ਆਰ ਯੂਨੀਵਰਸਿਟੀ ਆਫ ਲਾਅ ਹੈਦਰਾਬਾਦ ਦਾ ਨੰਬਰ ਹੈ।

LEAVE A REPLY

Please enter your comment!
Please enter your name here