ਨਿਊ ਯਾਰਕ : 100 ਮੀਟਰ ਫਰਾਟਾ ਦੌੜ ਦਾ ਸਮਾਂ 10 ਸਕਿੰਟ ਤੋਂ ਹੇਠਾਂ ਲਿਆਉਣ ਵਾਲੇ ਅਮਰੀਕੀ ਦੌੜਾਕ ਜਿਮ ਹਾਈਨਸ ਦਾ 76 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਸ ਨੇ 1968 ’ਚ ਸੈਕਰਾਮੈਂਟੋ ਵਿਚ ਹੋਈ ਅਮਰੀਕੀ ਚੈਂਪੀਅਨਸ਼ਿਪ ’ਚ 9.9 ਸਕਿੰਟ ਦਾ ਸਮਾਂ ਕੱਢਿਆ ਸੀ। ਉਸੇ ਸਾਲ ਉਸ ਨੇ ਮੈਕਸੀਕੋ ਸਿਟੀ ਉਲੰਪਿਕ ’ਚ 100 ਮੀਟਰ ਦੌੜ ’ਚ ਸੋਨ ਤਮਗਾ ਜਿੱਤਿਆ ਤੇ 9.95 ਸਕਿੰਟ ਨਾਲ ਵਿਸ਼ਵ ਰਿਕਾਰਡ ਬਣਾਇਆ। ਉਸ ਦਾ ਰਿਕਾਰਡ 15 ਸਾਲ ਕਾਇਮ ਰਿਹਾ, ਜਿਸ ਨੂੰ ਅਮਰੀਕਾ ਦੇ ਹੀ ਕੈਲਵਿਨ ਸਮਿਥ ਨੇ 1983 ਵਿਚ 9.93 ਸਕਿੰਟ ਨਾਲ ਤੋੜਿਆ। ਹਾਈਨਸ 4 ਗੁਣਾਂ 100 ਮੀਟਰ ਰਿਲੇਅ ਵਿਚ ਉਲੰਪਿਕ ਸੋਨ ਤਮਗਾ ਜਿੱਤਣ ਵਾਲੀ ਅਮਰੀਕੀ ਟੀਮ ਦਾ ਵੀ ਹਿੱਸਾ ਰਿਹਾ। ਉਲੰਪਿਕ ਦੇ ਛੇਤੀ ਬਾਅਦ ਚੋਰ ਉਸ ਦੇ ਹਾਊਸਟਨ ਸਥਿਤ ਘਰ ਵਿੱਚੋਂ ਉਸ ਦੇ ਸੋਨ ਤਮਗੇ ਚੁਰਾ ਕੇ ਲੈ ਗਏ। ਉਸ ਨੇ ਅਖਬਾਰ ਵਿਚ ਖਬਰ ਦੇ ਕੇ ਤਮਗੇ ਵਾਪਸ ਕਰਨ ਦੀ ਅਪੀਲ ਕੀਤੀ ਤਾਂ ਚੋਰਾਂ ਨੇ ਪਾਰਸਲ ਰਾਹੀਂ ਮੋੜ ਦਿੱਤੇ। ਹਾਈਨਸ ਨੇ ਸਤੰਬਰ 1946 ਵਿਚ ਡੂਮਸ (ਅਰਕਾਸਸ) ’ਚ ਉਸਾਰੀ ਮਜ਼ਦੂਰ ਦੇ ਘਰ ਜਨਮ ਲਿਆ ਸੀ, ਪਰ ਵੱਡਾ ਓਕਲੈਂਡ (ਕੈਲੀਫੋਰਨੀਆ) ਵਿਚ ਹੋਇਆ। ਉਹ ਸ਼ੁਰੂ ਵਿਚ ਬੇਸਬਾਲ ਦਾ ਦੀਵਾਨਾ ਸੀ, ਪਰ ਕੋਚ ਜਿਮ ਕੋਲਮੈਨ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਦੌੜਨ ਵੱਲ ਪ੍ਰੇਰਤ ਕੀਤਾ। ਉਹ 17 ਸਾਲ ਦੀ ਉਮਰ ਵਿਚ ਦੁਨੀਆ ਦੇ 100 ਮੀਟਰ ਦੌੜ ਦੇ ਟਾਪ ਦੇ 20 ਐਥਲੀਟਾਂ ਵਿਚ ਸ਼ੁਮਾਰ ਹੋ ਗਿਆ ਸੀ। 1968 ਦੀ ਉਲੰਪਿਕ ਤੋਂ ਬਾਅਦ ਉਸ ਨੇ ਦੌੜਨਾ ਛੱਡ ਕੇ ਪ੍ਰੋਫੈਸ਼ਨਲ ਨੈਸ਼ਨਲ ਫੁੱਟਬਾਲ ਲੀਗ ’ਚ ਹੱਥ ਅਜ਼ਮਾਇਆ। ਉਹ ਮਿਆਮੀ ਡੌਲਫਿਨਸ ਤੇ ਕਨਸਾਸ ਸਿਟੀ ਚੀਫਸ ਵੱਲੋਂ ਖੇਡਿਆ, ਪਰ ਉਹ ਸਫਲ ਨਹੀਂ ਰਿਹਾ।