ਹੇਲਸਿੰਕੀ : ਫਿਨਲੈਂਡ ਦੇ ਇਕ ਅਮੀਰਜ਼ਾਦੇ ਨੂੰ ਓਵਰ ਸਪੀਡ ਕਾਰ ਚਲਾਉਣ ’ਤੇ 129544 ਡਾਲਰ (ਲਗਭਗ ਇਕ ਕਰੋੜ ਰੁਪਏ) ਦਾ ਜੁਰਮਾਨਾ ਕੀਤਾ ਗਿਆ। ਆਂਦਰੇਸ ਵਿਕਲੋਫ ਸ਼ਨੀਵਾਰ 50 ਕਿੱਲੋਮੀਟਰ ਦੀ ਰਫਤਾਰ ਵਾਲੇ ਇਲਾਕੇ ’ਚ 82 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਚਲਾ ਰਿਹਾ ਸੀ, ਜਦੋਂ ਪੁਲਸ ਨੇ ਉਸ ਨੂੰ ਰੋਕਿਆ। ਜੁਰਮਾਨਾ ਕਰਨ ਤੋਂ ਇਲਾਵਾ ਉਸ ਦਾ ਲਸੰਸ ਵੀ 10 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ। ਟਰੱਕ ਭਾੜੇ, ਹੈਲੀਕਾਪਟਰ, ਰਿਅਲ ਅਸਟੇਟ ਤੇ ਟੂਰਿਜ਼ਮ ਦਾ ਕਾਰੋਬਾਰ ਕਰਨ ਵਾਲਾ ਵਿਕਲੋਫ 2018 ਵਿਚ ਵੀ ਓਵਰ ਸਪੀਡ ਕਾਰ ਚਲਾਉਣ ’ਤੇ 102000 ਡਾਲਰ ਦਾ ਜੁਰਮਾਨਾ ਭਰ ਚੁੱਕਿਆ ਹੈ। ਫਿਨਲੈਂਡ ਵਿਚ ਜੁਰਮਾਨਾ ਬੰਦੇ ਦੀ ਦੌਲਤ ਦੇ ਹਿਸਾਬ ਨਾਲ ਲਾਇਆ ਜਾਂਦਾ ਹੈ।