ਕੋਟਕਪੂਰਾ/ਫਰੀਦਕੋਟ (ਰਛਪਾਲ ਭੁੱਲਰ/ਅਲੈਗਜ਼ੈਂਡਰ ਡਿਸੂਜਾ)
‘ਪਿਛਲੇ 9 ਸਾਲ ਦੌਰਾਨ ਮੋਦੀ ਸਰਕਾਰ ਦੇ ਬੇਹੱਦ ਦਮਘੋਟੂ ਲੋਕ ਵਿਰੋਧੀ ਰਾਜ ਪ੍ਰਬੰਧ ਕਾਰਨ 90 ਫੀਸਦੀ ਆਮ ਮਿਹਨਤਕਸ਼ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ, ਜਦਕਿ ਇੱਕ ਫੀਸਦੀ ਸਿਖਰਲੇ ਅਮੀਰਾਂ ਦੀ ਦੌਲਤ ਦੇ ਢੇਰਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਭਿ੍ਰਸ਼ਟਾਚਾਰ ਆਦਿ ਅਸਲ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਲਈ ਹਾਕਮ ਜਮਾਤ ਵੱਲੋਂ ਫਿਰਕੂ ਨਫ਼ਰਤ ਫੈਲਾਈ ਜਾ ਰਹੀ ਹੈ। ਵਿਰੋਧੀ ਧਿਰ ਨੂੰ ਜਾਂਚ ਏਜੰਸੀਆਂ ਦਾ ਡਰ ਵਿਖਾ ਕੇ ਉਨ੍ਹਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਜੇ ਦੇਸ਼ ਨੂੰ ਫਿਰਕੂ ਤਾਨਾਸ਼ਾਹੀ ਤੋਂ ਬਚਾਉਣਾ ਹੈ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਕਰਾਰੀ ਹਾਰ ਦੇਣਾ ਲਾਜ਼ਮੀ ਹੈ।’
ਇਹ ਸ਼ਬਦ ਨੇੜਲੇ ਪਿੰਡ ਔਲਖ ਵਿੱਚ ਕਾਮਰੇਡ ਅਮੋਲਕ ਅਤੇ ਉਸ ਦੇ 6 ਸਾਥੀਆਂ ਦੀ ਸ਼ਹਾਦਤ ਦੀ 32ਵੀਂ ਬਰਸੀ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਕਾਰਜਕਾਰੀ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਹੇ। ਉਨ੍ਹਾਂ ਕਿਹਾ ਕਿ ਕਾਮਰੇਡ ਅਮੋਲਕ ਸਮੇਤ ਪਾਰਟੀ ਦੇ 7 ਸਾਥੀਆਂ ਨੂੰ ਖਾਲਿਸਤਾਨੀ ਦਹਿਸ਼ਤਗਰਦੀ ਕਾਰਨ ਬਲੀਦਾਨ ਦੇਣਾ ਪਿਆ, ਜਦਕਿ ਇਸ ਸਮੇਂ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਦੀ ਆੜ ਹੇਠ ਵੰਡਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ ਨੇ ਕਿਹਾ ਕਿ ਇਸ ਤੋਂ ਮਾੜੀ ਸਰਕਾਰ ਕੀ ਹੋ ਸਕਦੀ ਹੈ ਜਿਸ ਦੇ ਰਾਜ ਵਿੱਚ ਦੇਸ਼ ਲਈ ਤਗਮੇ ਜਿੱਤ ਕੇ ਲਿਆਉਣ ਵਾਲੀਆਂ ਪਹਿਲਵਾਨ ਧੀਆਂ ਨੂੰ ਇਨਸਾਫ ਲੈਣ ਲਈ ਸੜਕਾਂ ’ਤੇ ਪੁਲਸ ਤਸ਼ੱਦਦ ਸਹਿਣ ਕਰਨਾ ਪਵੇ। ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਦੇ ਸਕੱਤਰ ਅਸ਼ੋਕ ਕੌਸ਼ਲ ਨੇ ਬਰਸੀ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਅਮੋਲਕ ਦੀ ਵਿਚਾਰਧਾਰਾ ਨੂੰ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਫੈਲਾਉਣ ਦਾ ਸੱਦਾ ਦਿੱਤਾ। ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਨੇ ਕਿਹਾ ਕਿ ਕਾਮਰੇਡ ਅਮੋਲਕ ਅਤੇ ਹੋਰ ਸੈਂਕੜੇ ਸ਼ਹੀਦਾਂ ਦੀ ਕੁਰਬਾਨੀ ਕਾਰਨ ਪੰਜਾਬ ਵਿਚ ਅਮਨ ਕਾਇਮ ਹੋਇਆ ਹੈ, ਜਿਸ ਨੂੰ ਸੰਭਾਲ ਕੇ ਰੱਖਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜਗਤਾਰ ਸਿੰਘ ਭਾਣਾ, ਦਰਸ਼ਨ ਸਿੰਘ ਜਿਊਣਵਾਲਾ ਅਤੇ ਸ਼ਵਿੰਦਰ ਸਿੰਘ ਸੰਧੂ ਨੇ ਸ਼ਹੀਦ ਅਮੋਲਕ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਕਿਵੇਂ ਕਾਮਰੇਡ ਅਮੋਲਕ ਨੇ ਕਾਲੇ ਦਿਨਾਂ ਦੌਰਾਨ ਫਰੀਦਕੋਟ ਦੇ ਤਤਕਾਲੀਨ ਪੁਲਸ ਕਪਤਾਨ ਗੋਬਿੰਦ ਰਾਮ ਦੇ ਹੁਕਮਾਂ ’ਤੇ ਸਰੇਬਜ਼ਾਰ ਕੀਤਾ ਗਿਆ ਅੰਨ੍ਹਾ ਤਸ਼ੱਦਦ ਬੜੀ ਬਹਾਦਰੀ ਨਾਲ ਸਹਿਣ ਕੀਤਾ ਸੀ।
ਸਮਾਗਮ ਨੂੰ ਸਾਬਕਾ ਅਧਿਆਪਕ ਆਗੂ ਬਲਦੇਵ ਸਿੰਘ ਸਹਿਦੇਵ, ਨਰੇਗਾ ਆਗੂ ਗੋਰਾ ਪਿਪਲੀ, ਕਿਸਾਨ ਆਗੂ ਹਰਪਾਲ ਸਿੰਘ ਮਚਾਕੀ, ਇਸਤਰੀ ਆਗੂ ਸ਼ਸ਼ੀ ਸ਼ਰਮਾ, ਆਸ਼ਾ ਵਰਕਰ ਯੂਨੀਅਨ ਏਟਕ ਦੀ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਨੇ ਵੀ ਸੰਬੋਧਨ ਕਰਦੇ ਹੋਏ ਕਾਮਰੇਡ ਅਮੋਲਕ ਅਤੇ ਉਸ ਦੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਅਧਿਆਪਕ ਆਗੂ ਪ੍ਰੇਮ ਚਾਵਲਾ, ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ ਅਤੇ ਸੋਮ ਨਾਥ ਅਰੋੜਾ, ਔਲਖ ਦੇ ਸਰਪੰਚ ਊਧਮ ਸਿੰਘ, ਸੁਖਬੀਰ ਸਿੰਘ ਦੁਆਰੇਆਣਾ, ਮਨਦੀਪ ਸਿੰਘ ਮਿੰਟੂ ਗਿੱਲ, ਇਕਬਾਲ ਸਿੰਘ, ਬਲਵੀਰ ਸਿੰਘ ਔਲਖ, ਸੁਖਜਿੰਦਰ ਸਿੰਘ ਤੂੰਬੜਭੰਨ, ਸੁਖਦਰਸ਼ਨ ਰਾਮ, ਭਲਵਿੰਦਰ ਸਿੰਘ, ਜਗਤਾਰ ਸਿੰਘ ਰਾਜੋਵਾਲਾ, ਪ੍ਰਦੀਪ ਬਰਾੜ, ਗੁਰਚਰਨ ਸਿੰਘ ਮਾਨ, ਰਾਮ ਸਿੰਘ ਚੈਨਾ, ਗੁਰਮੇਲ ਸਿੰਘ ਲਾਲੇਆਣਾ, ਮਨਜੀਤ ਕੌਰ ਨਾਥੇਵਾਲਾ, ਪ੍ਰੇਮ ਲਤਾ ਮਲੋਟ, ਆਸ਼ਾ ਰਾਣੀ, ਊਸ਼ਾ ਤਨੇਜਾ, ਕਿਰਨਦੀਪ ਕੌਰ ਜਿਊਣਵਾਲਾ ਅਤੇ ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ। ਸ਼ਹੀਦਾਂ ਦੇ ਪਰਵਾਰਕ ਮੈਂਬਰ ਵੀ ਸ਼ਾਮਲ ਹੋਏ, ਜਿਨਾਂ ਨੂੰ ਸੂਬਾਈ ਆਗੂਆਂ ਵੱਲੋਂ ਸਨਮਾਨਤ ਕੀਤਾ ਗਿਆ। ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਨੇ ਸਭ ਸ਼ਾਮਲ ਸਾਥੀਆਂ ਅਤੇ ਸਥਾਨਕ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇੱਕ ਮਤਾ ਪਾਸ ਕਰਕੇ ਮਹਿਲਾ ਪਹਿਲਵਾਨ ਧੀਆਂ ਦਾ ਯੋਨ ਸ਼ੋਸ਼ਣ ਕਰਨ ਦੇ ਦੋਸ਼ੀ ਬਿ੍ਰਜ ਭੂਸ਼ਣ ਨੂੰ ਤੁਰੰਤ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਗਈ। ਦੂਜੇ ਮਤੇ ਰਾਹੀਂ ਉੜੀਸਾ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ ਪੌਣੇ ਤਿੰਨ ਸੌ ਮੌਤਾਂ ਅਤੇ 1100 ਦੇ ਜ਼ਖ਼ਮੀ ਹੋਣ ’ਤੇ ਅਫਸੋਸ ਦਾ ਇਜ਼ਹਾਰ ਕਰਦੇ ਹੋਏ ਸੁਰੱਖਿਆ ਪ੍ਰਬੰਧਾਂ ਦੀ ਅਣਦੇਖੀ ਕਰਨ ਲਈ ਮੋਦੀ ਸਰਕਾਰ ਦੀ ਨਿੰਦਾ ਕੀਤੀ ਗਈ। ਚਾਰ ਘੰਟੇ ਤੋਂ ਵੱਧ ਸਮਾਂ ਚੱਲੇੇ ਬਰਸੀ ਸਮਾਗਮ ਵਿੱਚ ਲੋਕ ਕਲਾ ਮੰਚ ਜ਼ੀਰਾ ਵੱਲੋਂ ਮੇਘ ਰਾਜ ਰੱਲਾ ਦੀ ਨਿਰਦੇਸ਼ਨਾ ਹੇਠ ਇਨਕਲਾਬੀ ਕੋਰੀਓਗਰਾਫੀਆਂ ਅਤੇ ਨਾਟਕਾਂ ਨੇ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਤ ਕੀਤਾ। ‘ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’, ‘ਹਮ ਮਿਹਨਤਕਸ਼ ਇਸ ਦੁਨੀਆ ਸੇ ਜਬ ਅਪਨਾ ਹਿੱਸਾ ਮਾਂਗੇਂਗੇ, ਇੱਕ ਬਾਗ ਨਹੀਂ, ਇੱਕ ਖੇਤ ਨਹੀਂ, ਹਮ ਸਾਰੀ ਦੁਨੀਆ ਮਾਂਗੇਂਗੇ’ ਅਤੇ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਸ਼ਾਨਦਾਰ ਪੇਸ਼ਕਾਰੀ ਨੇ ਲੋਕਾਂ ਨੂੰ ਅੱਖਾਂ ਪੂੰਝਣ ਲਗਾ ਦਿੱਤਾ। ਕੁਲ ਮਿਲਾ ਕੇ ਇਹ 32ਵਾਂ ਬਰਸੀ ਸਮਾਗਮ ਉੱਚ ਕੋਟੀ ਦੇ ਬੁਲਾਰਿਆਂ, ਕਲਾਕਾਰਾਂ ਅਤੇ ਜ਼ਿਲ੍ਹੇ ਦੇ ਕੋਨੇ-ਕੋਨੇ ਤੋਂ ਸ਼ਾਮਲ ਹੋਏ ਮਰਦ ਅਤੇ ਔਰਤ ਖੇਤ ਮਜ਼ਦੂਰਾਂ, ਨਰੇਗਾ ਵਰਕਰਾਂ, ਪੈਨਸ਼ਨਰ, ਪੀ ਆਰ ਟੀ ਸੀ ਵਰਕਰਾਂ ਦੀ ਭਰਵੀਂ ਸ਼ਮੂਲੀਅਤ ਕਾਰਨ ਯਾਦਗਾਰੀ ਹੋ ਨਿੱਬੜਿਆ।





