ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ) ਦੇ ਪਟਿਆਲਾ ਸਥਿਤ ਮੁੱਖ ਦਫਤਰ ਦੇ ਤਿੰਨੇ ਗੇਟਾਂ ‘ਤੇ ਕਿਸਾਨਾਂ ਨੇ ਤਾਲੇ ਲਗਾ ਦਿੱਤੇ ਹਨ | ਇਸ ਕਾਰਨ ਸ਼ੁੱਕਰਵਾਰ ਕੋਈ ਵੀ ਮੁਲਾਜ਼ਮ ਦਫਤਰ ਨਹੀਂ ਪੁੱਜਿਆ ਤੇ ਸਾਰਾ ਸਰਕਾਰੀ ਕੰਮ ਠੱਪ ਹੋ ਗਿਆ | ਮੰਗਾਂ ਨਾ ਮੰਨਣ ‘ਤੇ ਕਿਸਾਨਾਂ ਨੇ ਦੂਜੇ ਦਿਨ ਵੀ ਦਫਤਰ ਦੇ ਬਾਹਰ ਧਰਨਾ ਜਾਰੀ ਰੱਖਿਆ | ਕਿਸਾਨਾਂ ਨੇ ਵੀਰਵਾਰ ਦੁਪਹਿਰ ਗੇਟਾਂ ਨੂੰ ਬੰਦ ਕਰ ਦਿੱਤਾ ਸੀ | ਇਸ ਕਾਰਨ ਔਰਤਾਂ ਸਮੇਤ ਵੱਖ-ਵੱਖ ਮੁਲਾਜ਼ਮਾਂ ਨੂੰ ਅੱਧੀ ਰਾਤ ਤੱਕ ਅੰਦਰ ਬੰਦ ਰਹਿਣਾ ਪਿਆ |
ਇਸ ਤੋਂ ਬਾਅਦ ਪਟਿਆਲਾ ਦੇ ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਮੌਕੇ ‘ਤੇ ਪਹੁੰਚ ਕੇ ਮੁਲਾਜ਼ਮਾਂ ਨੂੰ ਮੁਕਤ ਕਰਵਾਇਆ | ਦੂਜੇ ਪਾਸੇ ਸ਼ਹਿਰ ਦੀ ਜੀਵਨ ਰੇਖਾ ਮਾਲ ਰੋਡ ਵੀ ਠੱਪ ਹੋਣ ਕਾਰਨ ਸ਼ਹਿਰ ਦੀ ਆਵਾਜਾਈ ਦੀ ਸਮੱਸਿਆ ਗੰਭੀਰ ਹੋ ਗਈ ਹੈ | ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਥੇ ਕਈ ਦਿਨਾਂ ਲਈ ਬੇਰੁਜ਼ਗਾਰਾਂ ਨੇ ਧਰਨਾ ਦੇ ਕੇ ਸੜਕ ਬੰਦ ਕੀਤੀ ਹੋਈ ਸੀ ਤੇ ਉਨ੍ਹਾਂ ਤੋਂ ਤੁਰੰਤ ਬਾਅਦ ਕਿਸਾਨਾਂ ਨੇ ਸੜਕ ਜਾਮ ਕਰਕੇ ਆਵਾਜਾਈ ਦੀ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ |