ਲੁਧਿਆਣਾ (ਐਮ ਐਸ ਭਾਟੀਆ)-ਟਰੇਡ ਯੂਨੀਅਨਾਂ ਜਿਨ੍ਹਾਂ ਵਿੱਚ ਇੰਟਕ, ਏ ਆਈ ਟੀ ਯੂ ਸੀ, ਐਚ ਐਮ ਐਸ, ਸੀਟੂ, ਏ ਆਈ ਯੂ ਟੀ ਯੂ ਸੀ, ਸੇੇਵਾ, ਏ ਆਈ ਸੀ ਸੀ ਟੀ ਯੂ , ਐਲ ਪੀ ਐਫ, ਯੂ ਟੀ ਯੂ ਸੀ ਸ਼ਾਮਲ ਸਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਮੰਚ ਦੀ ਦਿੱਲੀ ਵਿੱਚ ਹੋਈ ਮੀਟਿੰਗ ‘ਚ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਪ੍ਰੋਗਰਾਮਾਂ ਅਤੇ ਕਾਰਵਾਈਆਂ ਨੂੰ ਲਾਗੂ ਕਰਦਿਆਂ ਆਪਸੀ ਏਕਤਾ ਅਤੇ ਸਮਰਥਨ ‘ਤੇ ਤਸੱਲੀ ਪ੍ਰਗਟਾਈ ਗਈ | ਮੀਟਿੰਗ ਵਿੱਚ ਨਾ ਸਿਰਫ ਸੰਬੰਧਤ ਪਲੇਟਫਾਰਮਾਂ ‘ਤੇ ਉਲੀਕੇ ਗਏ ਕਾਰਜਾਂ ਦੇ ਪ੍ਰੋਗਰਾਮਾਂ ਨੂੰ ਸਮਰਥਨ ਜਾਰੀ ਰੱਖਣ ਲਈ ਦੁਹਰਾਇਆ ਬਲਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਨੀਤੀਆਂ ਵਿਰੁੱਧ ਦੇਸ਼ ਵਿਆਪੀ ਸਾਂਝੀਆਂ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੇ ਫੈਸਲੇ ਨੂੰ ਅੱਗੇ ਵਧਾਇਆ | ਨੋਇਡਾ ‘ਚ ਕਿਸਾਨਾਂ ਅਤੇ ਟਰੇਡ ਯੂਨੀਅਨਾਂ ਦੇ ਚੱਲ ਰਹੇ ਸੰਘਰਸ਼, ਵਾਰਾਣਸੀ ਅਤੇ ਹੋਰ ਥਾਵਾਂ ‘ਤੇ ਜਮਹੂਰੀ ਹੱਕਾਂ ਨੂੰ ਲੈ ਕੇ ਨਾਗਰਿਕਾਂ ਦੇ ਸੰਘਰਸ਼ ਲਈ ਮਿਲੇ ਸਮਰਥਨ ਦਾ ਨੋਟਿਸ ਲਿਆ | ਕੁਰੂਕਸ਼ੇਤਰ ‘ਚ ਕਿਸਾਨਾਂ ‘ਤੇ ਲਾਠੀਚਾਰਜ ਅਤੇ ਗਿ੍ਫਤਾਰੀ ਦੀ ਨਿੰਦਾ ਕੀਤੀ ਜੋ ਆਪਣੀ ਉਪਜ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਸਨ | ਮਹਿਲਾ ਭਲਵਾਨਾਂ ਨੂੰ ਇਨਸਾਫ ਦਿਵਾਉਣ ਲਈ ਸਮਰਥਨ ਨੂੰ ਦੁਹਰਾਇਆ ਅਤੇ ਬਿ੍ਜ ਭੂਸ਼ਣ ਨੂੰ ਐਫ ਆਈ ਆਰ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਗਿ੍ਫਤਾਰ ਕੀਤੇ ਜਾਣ ਦੀ ਮੰਗ ਕੀਤੀ | ਮੀਟਿੰਗ ਨੇ ਐਨ ਡੀ ਏ ਸਰਕਾਰ ਦੀਆਂ ਵਿਨਾਸ਼ਕਾਰੀ ਨੀਤੀਆਂ ਵਿਰੁੱਧ ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਨੂੰ ਮਜ਼ਬੂਤ ਕਰਨ ਦੀ ਫੌਰੀ ਲੋੜ ਮਹਿਸੂਸ ਕੀਤੀ ਅਤੇ ਅਗਲੇ ਮਹੀਨੇ ਮੁੜ ਮੀਟਿੰਗ ਕਰਨ ਅਤੇ ਮੰਗਾਂ ਦੇ ਸਾਂਝੇ ਚਾਰਟਰ ਅਤੇ ਅੰਦੋਲਨ ਦੇ ਪ੍ਰੋਗਰਾਮ ਉਲੀਕਣ ਲਈ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਾਂਝੀ ਕੌਮੀ ਕਨਵੈਨਸ਼ਨ ਦੀ ਯੋਜਨਾ ਬਣਾਉਣ ਦਾ ਸੰਕਲਪ ਲਿਆ |