ਕੁਰਬਾਨੀਆਂ ਕਰਨ ਵਾਲੇ ਆਗੂਆਂ ਦੇ ਪਰਵਾਰਾਂ ਦਾ ਸਨਮਾਨ

0
198

ਪਟਿਆਲਾ : ਪਟਿਆਲਾ ਵਿਖੇ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਵਲੋਂ ਮੰਗਲਵਾਰ ਜਥੇਬੰਦੀ ਲਈ ਕੁਰਬਾਨੀਆਂ ਕਰਨ ਵਾਲੇ ਮਰਹੂਮ ਆਗੂਆਂ ਦੀ ਯਾਦ ਨੂੰ ਸਮਰਪਿਤ ਸਨਮਾਨ ਸਮਾਰੋਹ ਕੀਤਾ ਗਿਆ। ਇਸ ਸਨਮਾਨ ਸਮਾਰੋਹ ਮੌਕੇ 33 ਮਰਹੂਮ ਆਗੂਆਂ ਦੇ ਪਰਵਾਰਾਂ ਨੂੰ ਸਤਿਕਾਰ ਵਜੋਂ ਸਨਮਾਨ ਚਿੰਨ੍ਹ ਅਤੇ ਲੋਈਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਜਥੇਬੰਦੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਗਿਆਨੀ ਤੇਜਿੰਦਰ ਸਿੰਘ ਵੱਲੋਂ ਮਜ਼ਦੂਰ ਜਮਾਤ ਦੀ ਨਿਰਸੁਆਰਥ ਸੇਵਾ ਦੇ ਲੇਖੇ ਲਾਈ ਜ਼ਿੰਦਗੀ ’ਤੇ ਚਾਨਣਾ ਪਾਉਂਦੀ ਸੁਖਦੇਵ ਰਾਮ ਸੁੱਖੀ ਵਲੋਂ ਲਿਖੀ ਕਿਤਾਬ ਵੀ ਲੋਕ ਅਰਪਣ ਕੀਤੀ ਗਈ। ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਸੁਖਦੇਵ ਸ਼ਰਮਾ ਕਾਰਜਕਾਰੀ ਪ੍ਰਧਾਨ ਅਤੇ ਅਮਰਜੀਤ ਸਿੰਘ ਆਸਲ ਡਿਪਟੀ ਜਨਰਲ ਸਕੱਤਰ ਸ਼ਾਮਲ ਹੋਏ।
ਸਨਮਾਨ ਸਮਾਰੋਹ ਦੇ ਸਮੁੱਚੇ ਪਰਬੰਧਾਂ ਦੀ ਦੇਖਰੇਖ ਅਤੇ ਇਸ ਦੇ ਸੁਚਾਰੂ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਅ ਰਹੇ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ ਅਤੇ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਨੇ ਸਮਾਗਮ ਦੇ ਸੰਬੰਧ ਵਿੱਚ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ ਆਰ ਟੀ ਸੀ ਵਿੱਚ ਏਟਕ ਦੀ ਇਹ ਜਥੇਬੰਦੀ ਸੰਨ 1956 ਵਿੱਚ ਹੋਂਦ ਵਿੱਚ ਆਈ ਸੀ। ਉਸੇ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਜਥੇਬੰਦੀ ਦੀ ਸਿਰਮੌਰਤਾ ਨੂੰ ਸਮੇਂ-ਸਮੇਂ ਦੀ ਲੀਡਰਸ਼ਿਪ ਨੇ ਢਾਹ ਨਹੀਂ ਲੱਗਣ ਦਿੱਤੀ। ਇਸ ਸਾਰੇ ਅਰਸੇ ਦੌਰਾਨ ਜਿਹਨਾਂ ਆਗੂਆਂ ਨੇ ਜਥੇਬੰਦੀ ਲਈ ਅਥਾਹ ਸਰਗਰਮੀ ਅਤੇ ਕੁਰਬਾਨੀਆਂ ਕੀਤੀਆਂ ਅਤੇ ਸ਼ਾਨਦਾਰ ਭੂਮਿਕਾ ਨਿਭਾਉਂਦੇ ਹੋਏ ਸਾਡੇ ਕੋਲੋਂ ਉਮਰ ਦੇ ਵੱਖ-ਵੱਖ ਪੜਾਵਾਂ ’ਤੇ ਵਿੱਛੜ ਗਏ, ਉਹਨਾਂ ਦੇ ਸਿਰਜੇ ਹੋਏ ਗੌਰਵਮਈ ਇਤਿਹਾਸ ਨੂੰ ਨਵੀਂ ਪੀੜ੍ਹੀ ਦੇ ਚੇਤਿਆਂ ਵਿੱਚ ਤਾਜ਼ਾ ਰੱਖਣ ਲਈ ਇਸ ਮਹੱਤਵਪੂਰਨ ਸਨਮਾਨ ਸਮਾਰੋਹ ਦਾ ਆਯੋਜਨ ਜਿੱਥੇ ਸਾਡੇ ਲਈ ਉਹਨਾਂ ਦੇ ਪਰਵਾਰਾਂ ਦਾ ਸਨਮਾਨ ਕਰਨਾ ਇੱਕ ਫਖਰ ਵਾਲਾ ਮੌਕਾ ਹੈ, ਉੱਥੇ ਜਥੇਬੰਦੀ ਦੇ ਉਤਸ਼ਾਹ ਵਿੱਚ ਵੀ ਵਾਧਾ ਕਰੇਗਾ। ਸਨਮਾਨ ਸਮਾਰੋਹ ਦਾ ਉਦਘਾਟਨ ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ ਨੇ ਕੀਤਾ। ਪੀ ਆਰ ਟੀ ਸੀ ਦੇ ਸਾਰੇ ਡਿਪੂਆਂ ਤੋਂ ਆਏ ਵਰਕਰਾਂ ਦੀ ਸ਼ਮੂਲੀਅਤ ਨਾਲ ਖਚਾਖਚ ਭਰੇ ਹਾਲ ਵਿੱਚ ਜੁੜੇ ਹਾਜ਼ਰੀਨ ਨੂੰ ਉਦਘਾਟਨੀ ਸ਼ਬਦਾਂ ਵਿੱਚ ਸੰਬੋਧਨ ਕਰਦਿਆਂ ਬੰਤ ਬਰਾੜ ਨੇ ਕਿਹਾ ਕਿ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਦੀ ਲੀਡਰਸ਼ਿਪ ਵੱਲੋਂ ਯੂਨੀਅਨ ਦੀ ਮਜ਼ਬੂਤੀ ਅਤੇ ਵਰਕਰਾਂ ਲਈ ਪ੍ਰਾਪਤ ਕਰਕੇ ਦਿੱਤੀਆਂ ਸੁੱਖ-ਸਹੂਲਤਾਂ ਲਈ ਸੰਘਰਸ਼ ਕਰਨ ਵਾਲੇ ਦਰਜਨਾਂ ਸਰਗਰਮ ਅਤੇ ਕੁਰਬਾਨੀਆਂ ਕਰਨ ਵਾਲੇ ਮਰਹੂਮ ਆਗੂਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਤੇ ਉਹਨਾਂ ਦੇ ਪਰਵਾਰਾਂ ਨੂੰ ਸਨਮਾਨਤ ਕਰਨ ਲਈ ਆਯੋਜਿਤ ਕੀਤਾ ਗਿਆ। ਇਹ ਸ਼ਾਨਦਾਰ ਸਮਾਗਮ ਇੱਕ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ, ਅਜਿਹਾ ਕਰਨ ਨਾਲ ਜਿੱਥੇ ਉਹਨਾਂ ਆਗੂਆਂ ਦੇ ਪਰਵਾਰਾਂ ਨੂੰ ਵੀ ਆਪਣੇ ਪਰਵਾਰਕ ਮੁਖੀ ਦੀਆਂ ਲੋਕਾਂ ਲਈ ਨਿਭਾਈਆਂ ਸੇਵਾਵਾਂ ’ਤੇ ਫਖਰ ਮਹਿਸੂਸ ਹੋਏਗਾ, ਉੱਥੇ ਨਵੀਂ ਲੀਡਰਸ਼ਿਪ ਵੀ ਉਹਨਾਂ ਦੇ ਨਕਸ਼ੇ ਕਦਮ ’ਤੇ ਚੱਲਣ ਲਈ ਉਤਸ਼ਾਹਤ ਹੋਏਗੀ। ਸਾਥੀ ਬਰਾੜ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਮਜ਼ਦੂਰ ਜਮਾਤ ਦੇ ਸਾਹਮਣੇ ਵਰਤਮਾਨ ਮੋਦੀ ਸਰਕਾਰ ਨੇ ਜਿੱਥੇ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਰਫਤਾਰ ਤੇਜ਼ ਕਰਕੇ ਅਥਾਹ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ, ਉੱਥੇ ਦੇਸ਼ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀਆਂ ਕੋਝੀਆਂ ਚਾਲਾਂ ਨੂੰ ਅੰਜਾਮ ਦੇ ਕੇ ਸਮਾਜ ਲਈ ਨਵੀਂਆਂ ਮੁਸੀਬਤਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਮਜ਼ਦੂਰ ਜਮਾਤ ਦੇ ਕਾਨੂੰਨੀ ਹੱਕ-ਹਕੂਕ ਖਤਮ ਕਰਨ ਲਈ 44 ਲੇਬਰ ਕਾਨੂੰਨਾਂ ਨੂੰ ਖਤਮ ਕਰਕੇ 4 ਲੇਬਰ ਕੋਡਜ਼ ਵਿੱਚ ਬਦਲ ਦਿੱਤਾ ਗਿਆ ਹੈ, ਉਜਰਤਾਂ ਵਿੱਚ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ, ਠੇਕੇਦਾਰੀ ਸਿਸਟਮ ਰਾਹੀਂ ਨੌਜਵਾਨਾਂ ਦਾ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਪਬਲਿਕ ਸੈਕਟਰ ਖਤਮ ਕਰਕੇ ਸਭ ਕਾਰੋਬਾਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤੇ ਗਏ, ਸਰਕਾਰੀ ਜਾਇਦਾਦਾਂ ਕੌਡੀਆ ਦੇ ਭਾਅ ਕਾਰਪੋਰੇਟਾਂ ਦੀ ਝੋਲੀ ਪਾ ਦਿੱਤੀਆਂ ਗਈਆਂ ਹਨ, 80 ਕਰੋੜ ਤੋਂ ਵੱਧ ਲੋਕ ਗਰੀਬੀ ਭੋਗ ਰਹੇ ਹਨ, ਧਰਮਾਂ, ਮਜ਼ਹਬਾਂ ਦੇ ਨਾਂਅ ’ਤੇ ਵੰਡੀਆ ਪਾਉਣ ਲਈ ਫਿਰਕੂ ਨਫਰਤ ਦਾ ਵਾਤਾਵਰਣ ਸਿਰਜਿਆ ਜਾ ਰਿਹਾ ਹੈ, ਸੰਵਿਧਾਨਕ ਸੰਸਥਾਵਾਂ ਨੂੰ ਕਮਜੋਰ ਕਰਕੇ ਖਤਮ ਕੀਤਾ ਜਾ ਰਿਹਾ ਹੈ। ਆਰ ਐੱਸ ਐੱਸ ਦੇ ਦਿਸ਼ਾ-ਨਿਰਦੇਸ਼ਾ ’ਤੇ ਚਲਦੀ ਹੋਈ ਮੋਦੀ ਸਰਕਾਰ ਤੇਜ਼ੀ ਨਾਲ ਫਾਸ਼ੀਵਾਦ ਵੱਲ ਵਧ ਰਹੀ ਹੈ। ਬਰਾੜ ਨੇ ਕਿਹਾ ਕਿ ਇਸ ਦੌਰ ਵਿੱਚ ਮਜ਼ਦੂਰ ਜਮਾਤ ਦੀ ਅਤੇ ਮੁਸੀਬਤਾਂ ਝੱਲ ਰਹੇ ਆਮ ਲੋਕਾਂ ਦੀ ਏਕਤਾ ਬੁਨਿਆਦੀ ਲੋੜਾਂ ਦੀ ਪ੍ਰਾਪਤੀ ਲਈ ਸਾਂਝੇ ਸੰਘਰਸ਼ ਵਿੱਢਣ ਲਈ ਬੇਹੱਦ ਜ਼ਰੂਰੀ ਹੈ, ਤਾਂ ਹੀ ਮੋਦੀ ਸਰਕਾਰ ਦੇ ਲੋਕ ਵਿਰੋਧੀ ਹਮਲਿਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਅਜਿਹੀ ਪਿਛਾਖੜੀ ਸਰਕਾਰ ਤੋਂ ਦੇਸ਼ ਨੂੰ ਨਿਜਾਤ ਦਿਵਾਈ ਜਾ ਸਕਦੀ ਹੈ। ਪੰਜਾਬ ਏਟਕ ਦੇ ਜਨਰਲ ਸਕੱਤਰ ਅਤੇ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਯੂਨੀਅਨ ਦੀਆਂ ਪ੍ਰਾਪਤੀਆਂ, ਜਿਵੇਂ ਵਰਕਰਾਂ ਨੂੰ ਪੈਨਸ਼ਨ ਲੈ ਕੇ ਦੇਣੀ, ਤਰਸ ਦੇ ਆਧਾਰ ’ਤੇ 1200 ਤੋਂ ਵੱਧ ਨੌਕਰੀਆਂ ਦਿਵਾਉਣਾ, ਸਰਕਾਰ ਤੋਂ ਪੀ ਆਰ ਟੀ ਸੀ ਨੂੰ 150 ਏਕੜ ਜਮੀਨਾਂ ਦੀ ਮਾਲਕੀ ਦਾ ਹੱਕ ਲੈਣਾ, ਵਰਕਰਾਂ ਦੀਆਂ ਤਰੱਕੀਆਂ, ਟਰਾਂਸਪੋਰਟ ਪਾਲਸੀ ਅਤੇ ਅੱਪ ਨਿਵੇਸ਼ ਕਮਿਸ਼ਨ ਤੋਂ ਪੀ ਆਰ ਟੀ ਸੀ ਨੂੰ ਖਤਮ ਕਰਨ ਦੀ ਤਜਵੀਜ਼ ਰੱਦ ਕਰਵਾਉਣੀ ਆਦਿ ਦਾ ਵਿਵਥਾਰ ਵਿੱਚ ਜਿਕਰ ਕੀਤਾ। ਸਮਾਗਮ ਨੂੰ ਪੰਜਾਬ ਏਟਕ ਦੇ ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ, ਡਿਪਟੀ ਜਨਰਲ ਸਕੱਤਰ ਅਮਰਜੀਤ ਆਸਲ, ਬੈਂਕ ਇੰਪਲਾਈਜ਼ ਦੇ ਆਗੂ ਐੱਸ ਕੇ ਗੌਤਮ, ਐੱਨ ਕੇ ਗੌਡ, ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਜਨਰਲ ਸਕੱਤਰ ਸੁਰਿੰਦਰ ਪਾਲ ਲਹੌਰੀਆ, ਐੱਫ ਈ ਦੇ ਆਗੂ ਹਰਭਜਨ ਸਿੰਘ ਪਿਲੱਖਣੀ, ਪ੍ਰੋਫੈਸਰ ਬਲਵੀਰ ਬੱਲੀ, ਪ੍ਰੋ: ਕੁਲਵੰਤ ਸਿੰਘ, ਦਲਜੀਤ ਸਿੰਘ, ਮੁਹੰਮਦ ਖਲੀਲ, ਉਤਮ ਸਿੰਘ ਬਾਗੜੀ, ਸੁਖਦੇਵ ਰਾਮ ਸੁੱਖੀ, ਗੁਰਜੰਟ ਸਿੰਘ ਕੋਕਰੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿੱਚ ਵਿਛੜੇ ਆਗੂਆਂ ਦੇ ਪਰਵਾਰਾਂ ਦਾ ਸਨਮਾਨ ਕੀਤਾ ਗਿਆ।

LEAVE A REPLY

Please enter your comment!
Please enter your name here