ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ੁੱਕਰਵਾਰ ਕਿਹਾ ਕਿ ਭਾਜਪਾ ਉਨ੍ਹਾ ਦੀਆਂ ਆਪੋਜ਼ੀਸ਼ਨ ਪਾਰਟੀਆਂ ਨੂੰ ਜੋੜਨ ਦੀਆਂ ਕੋਸ਼ਿਸ਼ਾਂ ਤੋਂ ਡਰੀ ਹੋਈ ਹੈ ਤੇ ਉਹ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਕਰਾ ਸਕਦੀ ਹੈ |
23 ਜੂਨ ਨੂੰ ਆਪੋਜ਼ੀਸ਼ਨ ਪਾਰਟੀਆਂ ਦੀ ਪਟਨਾ ਵਿਚ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਨਿਤੀਸ਼ ਨੇ ਕਿਹਾ—ਪਿਛਲੇ ਦਿਨੀਂ ਮੈਂ ਹਾਸੇ-ਮਖੌਲ ਵਿਚ ਹੀ ਚੋਣਾਂ ਪਹਿਲਾਂ ਕਰਾਏ ਜਾਣ ਦੀ ਗੱਲ ਕੀਤੀ ਸੀ, ਪਰ ਇਸ ਦੀ ਸੰਭਾਵਨਾ ਨੂੰ ਰੱਦ ਨਹੀਂ ਕਰ ਸਕਦੇ | ਹਾਕਮਾਂ ਨੂੰ ਡਰ ਸਤਾ ਰਿਹਾ ਹੈ ਕਿ ਜੇ ਆਪੋਜ਼ੀਸ਼ਨ ਏਕਤਾ ਦੇ ਅਮਲ ਨੇ ਤੇਜ਼ੀ ਫੜ ਲਈ ਤਾਂ ਵੱਡੀ ਮਾਰ ਕਰੇਗਾ | ਇਸ ਕਰਕੇ ਉਹ ਚੋਣਾਂ ਪਹਿਲਾਂ ਕਰਾਉਣ ਦੇ ਰਾਹ ਪੈ ਸਕਦੇ ਹਨ | ਨਿਤੀਸ਼ ਨੇ ਜਨਤਾ ਦਲ (ਯੂ) ਦੇ ਵਿਧਾਇਕ ਰਤਨੇਸ਼ ਸਦਾ ਨੂੰ ਕੈਬਨਿਟ ਵਿਚ ਸ਼ਾਮਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਤੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਮੁਖੀ ਜੀਤਨ ਰਾਮ ਮਾਂਝੀ ਦੇ ਬੇਟੇ ਨੂੰ ਵਜ਼ਾਰਤ ‘ਚੋਂ ਕੱਢਣ ਦੇ ਫੈਸਲੇ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਮਾਂਝੀ ਭਾਜਪਾ ਦੇ ਹੱਥਠੋਕੇ ਹਨ |


