400 ਬੱਸਾਂ ਪੀ ਆਰ ਟੀ ਸੀ ਦੀ ਮਾਲਕੀ ਵਾਲੀਆਂ ਪਾਉਣ ਤੇ ਬਕਾਏ ਦੇਣ ‘ਤੇ ਜ਼ੋਰ

0
175

ਪਟਿਆਲਾ : ਸ਼ੁੱਕਰਵਾਰ ਇੱਥੇ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੀ ਮੀਟਿੰਗ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ ਹੋਈ | ਮੀਟਿੰਗ ਵਿੱਚ ਧਾਲੀਵਾਲ ਤੋਂ ਇਲਾਵਾ ਪੰਜਾਂ ਯੂਨੀਅਨ ਦੇ ਪ੍ਰਮੁੱਖ ਆਗੂ ਬਲਦੇਵ ਰਾਜ ਬੱਤਾ, ਜਰਨੈਲ ਸਿੰਘ, ਨਸੀਬ ਚੰਦ, ਤਰਸੇਮ ਸਿੰਘ ਅਤੇ ਉਤਮ ਸਿੰਘ ਬਾਗੜੀ ਸ਼ਾਮਲ ਸਨ | ਮੀਟਿੰਗ ਵਿੱਚ ਪਿਛਲੇ ਸਮੇਂ ਵਿੱਚ ਐਕਸ਼ਨ ਕਮੇਟੀ ਨਾਲ ਜੋ ਮੰਗਾਂ ਸੰਬੰਧੀ ਸਹਿਮਤੀ ਬਣੀ ਸੀ, ਉਸ ਮੁਤਾਬਕ ਅਮਲ ਨਾ ਹੋਣ ਅਤੇ ਇਸੇ ਸਮੇਂ ਵਿੱਚ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦੀਆਂ ਚੱਲ ਰਹੀਆਂ ਪ੍ਰਬੰਧਕੀ ਸਰਗਰਮੀਆਂ, ਇਸੇ ਤਰ੍ਹਾਂ ਮਾਰਕੀਟ ਵਿੱਚ ਨਵੀਂਆਂ ਆ ਰਹੀਆਂ ਇਲੈਕਟਰੀਕਲ ਬੱਸਾਂ ਪੀ ਆਰ ਟੀ ਸੀ ਵਿੱਚ ਪਾਉਣ ਦੀ ਯੋਜਨਾ ਆਦਿ ਦੇ ਸੰਬੰਧ ਵਿੱਚ ਬੜੀ ਗੰਭੀਰਤਾ ਨਾਲ ਚਰਚਾ ਹੋਈ | ਐਕਸ਼ਨ ਕਮੇਟੀ ਵੱਲੋਂ ਪੀ ਆਰ ਟੀ ਸੀ ਮੈਨੇਜਮੈਂਟ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ 400 ਬੱਸਾਂ ਸਿਰਫ ਪੀ ਆਰ ਟੀ ਸੀ ਦੀ ਮਾਲਕੀ ਵਾਲੀਆਂ ਹੀ ਖਰੀਦੀਆਂ ਜਾਣ, ਕਿਉਂਕਿ ਕਿਲੋਮੀਟਰ ਸਕੀਮ ਅਧੀਨ ਬੱਸਾਂ ਕਿਸੇ ਤਰ੍ਹਾਂ ਵੀ ਪੀ ਆਰ ਟੀ ਸੀ ਦੇ ਹਿੱਤ ਵਿੱਚ ਸਾਬਤ ਨਹੀਂ ਹੋਈਆਂ | ਇਨ੍ਹਾਂ ਵੱਲੋਂ ਰੂਟ ਰਸੀਟ ਵੀ ਘੱਟ ਲਿਆਂਦੀ ਜਾਂਦੀ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਅਤੇ ਦਖਲਅੰਦਾਜ਼ੀ ਕੀਤੀ ਜਾਂਦੀ ਹੈ | ਇਸ ਕਰਕੇ ਜ਼ਰੂਰੀ ਹੈ ਕਿ ਮੈਨੇਜਮੈਂਟ ਨੂੰ ਪੀ ਆਰ ਟੀ ਸੀ ਦੇ ਹਜ਼ਾਰਾਂ ਵਰਕਰਾਂ ਦੀ ਰਾਏ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ, ਜਿਹੜੇ ਕਿਸੇ ਤਰ੍ਹਾਂ ਵੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਨਹੀਂ ਚਾਹੁੰਦੇ | ਵਰਕਰਾਂ ਦੇ ਪੇ-ਕਮਿਸ਼ਨ ਲਾਗੂ ਹੋਣ ਦੀ ਤਰੀਕ ਤੋਂ ਰਹਿੰਦੇ ਬਕਾਇਆਂ ਦੀ ਅਦਾਇਗੀ ਕਰਨ ਲਈ ਮੁੱਖ ਲੇਖਾ ਅਫਸਰ ਨੂੰ ਮਿਲੇ ਤਾਂ ਉਹਨਾ ਦਾ ਜਵਾਬ ਨਾਂਹ-ਪੱਖੀ ਸੀ, ਜਦ ਕਿ ਚੇਅਰਮੈਨ ਪੀ ਆਰ ਟੀ ਸੀ ਵੱਲੋਂ ਬੜਾ ਸਪੱਸ਼ਟ ਆਦੇਸ਼ ਸੀ ਕਿ ਜਦੋਂ ਸਰਕਾਰ ਤੋਂ ਮੁਫਤ ਸਫਰ ਬਦਲੇ ਕੁਝ ਪੈਸਾ ਮਿਲੇਗਾ ਤਾਂ ਵਰਕਰਾਂ ਦਾ ਬਕਾਇਆ ਤੁਰੰਤ ਅਦਾ ਕਰ ਦਿੱਤਾ ਜਾਵੇਗਾ | ਸਰਕਾਰ ਤੋਂ 25 ਕਰੋੜ ਰੁਪਿਆ ਪ੍ਰਾਪਤ ਹੋ ਚੁੱਕਾ ਹੈ, ਪਰ ਮੁੱਖ ਲੇਖਾ ਅਫਸਰ ਇਸ ਪੈਸੇ ਦੀ ਵਰਤੋਂ ਆਪਣੀ ਮਰਜ਼ੀ ਨਾਲ ਬਿਨਾਂ ਕਿਸੇ ਯੋਜਨਾਬੰਦੀ ਜਾਂ ਤਰਜੀਹ ਤੋਂ ਕਰ ਰਹੇ ਹਨ | ਵਰਕਰਾਂ ਦੇ ਬਕਾਏ ਪਾਉਣ ਸੰਬੰਧੀ ਉਹ ਕੋਈ ਉਤਰ ਨਹੀਂ ਦੇ ਰਹੇ | ਇਹ ਵਰਕਰਾਂ ਨਾਲ ਸ਼ਰੇਆਮ ਧੋਖਾ ਕੀਤਾ ਜਾ ਰਿਹਾ ਹੈ | ਮੈਨੇਜਮੈਂਟ ਵੱਲੋਂ ਅਰਸਾ ਦੋ ਮਹੀਨੇ ਪਹਿਲਾਂ ਵਰਕਰਾਂ ਦੀਆਂ ਕਾਫੀ ਮੰਗਾਂ ‘ਤੇ ਬਣੀ ਸਹਿਮਤੀ ‘ਤੇ ਵੀ ਕੋਈ ਅਮਲ ਨਹੀਂ ਕੀਤਾ ਜਾ ਰਿਹਾ | ਐਕਸ਼ਨ ਕਮੇਟੀ ਪੀ ਆਰ ਟੀ ਸੀ ਵਿੱਚ ਮਹਿੰਗੀਆਂ ਇਲੈਕਟਰੀਕਲ ਬੱਸਾਂ ਪਾਉਣ ਦਾ ਵੀ ਵਿਰੋਧ ਕਰੇਗੀ, ਕਿਉਂਕਿ ਕਿਸੇ ਵੀ ਨਵੀਂ ਤਕਨੀਕ ਦੀ ਪਹਿਲਾਂ ਮਾਰਕੀਟ ਵਿੱਚ ਪਰਖ ਹੋਵੇ ਅਤੇ ਉਸ ਦੀ ਕਾਰਗੁਜ਼ਾਰੀ ਸਾਹਮਣੇ ਆਏ ਅਤੇ ਵਿੱਤੀ ਸਾਧਨ ਵੀ ਦੇਖਣੇ ਚਾਹੀਦੇ ਹਨ | ਜੇਕਰ ਮੈਨੇਜਮੈਂਟ ਮਨਮਰਜ਼ੀ ਕਰੇਗੀ ਤਾਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ | ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਜੇਕਰ ਪੀ ਆਰ ਟੀ ਸੀ ਵਿੱਚ ਕੰਮ ਕਰਦੀ ਕੋਈ ਹੋਰ ਜਥੇਬੰਦੀ ਕਿਲੋਮੀਟਰ ਸਕੀਮ ਬੱਸਾਂ ਪਾਉਣ ਦਾ ਵਾਜਬ ਤਰੀਕੇ ਨਾਲ ਵਿਰੋਧ ਕਰੇਗੀ ਤਾਂ ਉਸ ਦਾ ਵੀ ਵਾਜਬ ਸਮਰਥਨ ਕੀਤਾ ਜਾਵੇਗਾ | 19 ਜੂਨ ਨੂੰ ਐਕਸ਼ਨ ਕਮੇਟੀ ਦਾ ਵਫਦ ਚੇਅਰਮੈਨ ਅਤੇ ਐੱਮ ਡੀ ਨੂੰ ਮਿਲ ਕੇ ਆਪਣੀ ਗੱਲ ਰੱਖੇਗਾ ਅਤੇ ਅਗਲਾ ਫੈਸਲਾ ਗੱਲਬਾਤ ਦੀ ਰੋਸ਼ਨੀ ਵਿੱਚ ਲਿਆ ਜਾਵੇਗਾ |

LEAVE A REPLY

Please enter your comment!
Please enter your name here