ਲੁਧਿਆਣਾ (ਐੱਮ ਐੱਸ ਭਾਟੀਆ,
ਰੈਕਟਰ ਕਥੂਰੀਆ, ਪ੍ਰਦੀਪ ਸ਼ਰਮਾ)
ਲੁਧਿਆਣਾ ’ਚ ਏ ਟੀ ਐੱਮ ਕੈਸ਼ ਕੰਪਨੀ ਸੀ ਐੱਮ ਐੱਸ ’ਚੋਂ ਸਾਢੇ 8 ਕਰੋੜ ਲੁੱਟ ਦੀ ਸਾਜ਼ਿਸ਼ਘਾੜੀ ਮਨਦੀਪ ਕੌਰ ਉਰਫ਼ ਮੋਨਾ ਗਿ੍ਰਫ਼ਤਾਰ ਹੋ ਗਈ ਹੈ। ਪੰਜਾਬ ਪੁਲਸ ਨੇ ਮੋਨਾ ਨੂੰ ਉਸ ਦੇ ਪਤੀ ਜਸਵਿੰਦਰ ਦੇ ਨਾਲ ਉਤਰਾਖੰਡ ਤੋਂ ਫੜਿਆ ਹੈ। ਉਹ ਇੱਥੇ ਇੱਕ ਧਾਰਮਕ ਸਥਾਨ ’ਚ ਛੁਪੇ ਹੋਏ ਸਨ। ਡੀ ਜੀ ਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾ ਕਿਹਾ ਕਿ 100 ਘੰਟੇ ਦੇ ਅੰਦਰ ਮਾਸਟਰ ਮਾਈਂਡ ਨੂੰ ਫੜ ਲਿਆ ਗਿਆ। ਕਾਊਂਟਰ ਇੰਟੈਲੀਜੈਂਸ ਦੀ ਮਦਦ ਨਾਲ ਲੁਧਿਆਣਾ ਪੁਲਸ ਟੀਮ ਨੇ ਇਹ ਕਾਰਵਾਈ ਕੀਤੀ। ਲੁਧਿਆਣਾ ਪੁਲਸ ਨੇ ਬੀਤੇ ਦਿਨ 5 ਟੀਮਾਂ ਦਾ ਗਠਨ ਕਰ ਕੇ ਉਨ੍ਹਾਂ ਨੂੰ ਵੱਖ-ਵੱਖ ਸੂਬਿਆਂ ਲਈ ਰਵਾਨਾ ਕੀਤਾ ਸੀ। ਪੁਲਸ ਦੀ ਇੱਕ ਟੀਮ ਨੇ ਉਹਨਾਂ ਨੂੰ ਉਤਰਾਖੰਡ ਤੋਂ ਕਾਬੂ ਕੀਤਾ। ਕਾਊਂਟਰ ਇੰਟੈਲੀਜੈਂਸ ਟੀਮ ਉਸ ਦਾ ਪਿੱਛਾ ਕਰ ਰਹੀ ਸੀ ਅਤੇ ਉਸ ਨੂੰ ਉੱਤਰਾਖੰਡ ਤੋਂ ਫੜਿਆ ਗਿਆ। ਇਸ ਤੋਂ ਪਹਿਲਾਂ ਪੰਜਾਬ ਪਲਸ ਨੇ ਉਸ ਨੂੰ ਓਪਨ ਚੈਲੰਜ ਦਿੱਤਾ ਸੀ। ਲੁਧਿਆਣਾ ਪੁਲਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਿਖਿਆ ਸੀਮਨਦੀਪ ਕੌਰ ਉਰਫ਼ ਮੋਨਾ ਅਤੇ ਜਸਵਿੰਦਰ ਸਿੰਘ ਜਿੰਨਾ ਮਰਜ਼ੀ ਤੇਜ਼ ਭੱਜ ਸਕਦੇ ਹੋ ਤਾਂ ਭੱਜ ਲਓ, ਪਰ ਤੁਸੀਂ ਬਚ ਨਹੀਂ ਸਕਦੇ। ਮਨਦੀਪ ਕੌਰ ਮੋਨਾ ਨੇ ਕੰਪਨੀ ਦੇ ਮੁਲਾਜ਼ਮ ਮਨਜਿੰਦਰ ਮਨੀ ਨਾਲ ਮਿਲ ਕੇ ਪੂਰੀ ਲੁੱਟ ਦੀ ਘਟਨਾ ਕੀਤੀ ਸੀ, ਜਿਸ ’ਚ ਮਨਦੀਪ ਦਾ ਪਤੀ ਜਸਵਿੰਦਰ ਸਿੰਘ ਅਤੇ ਭਰਾ ਵੀ ਸ਼ਾਮਲ ਸਨ। ਮੁਲਜ਼ਮਾਂ ਕੋਲੋਂ ਕੁੱਲ 21 ਲੱਖ ਰੁਪਏ ਦੀ ਰਾਸ਼ੀ ਅਤੇ ਇੱਕ ਸਕੂਟੀ ਬਰਾਮਦ ਕੀਤੀ ਗਈ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੋਨਾ ਅਤੇ ਉਸ ਦੇ ਪਤੀ ਤੋਂ ਇਲਾਵਾ ਗਿੱਦੜਬਾਹਾ ਤੋਂ ਗੌਰਵ ਉਰਫ ਗੁਲਸ਼ਨ ਨਾਮਕ ਇੱਕ ਦੋਸ਼ੀ ਨੂੰ ਗਿ੍ਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਕੁੱਲ 9 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਦੋਂ ਕਿ ਤਿੰਨ ਅਜੇ ਫਰਾਰ ਹਨ, ਜਿਨ੍ਹਾਂ ਵਿਚ ਸ਼ੁਭਾ ਗੋਪਾ, ਅਰੁਣ ਕੋਚ ਅਤੇ ਨੰਨੀ ਸ਼ਾਮਲ ਸਨ। ਉਨ੍ਹਾ ਖੁਲਾਸਾ ਕੀਤਾ ਹੈ ਕਿ ਮੋਨਾ ਨੇ ਘਟਨਾ ਤੋਂ ਬਾਅਦ ਧਾਰਮਕ ਸਥਾਨ ’ਤੇ ਮੱਥਾ ਟੇਕਣ ਦੀ ਸੁੱਖ ਮੰਗੀ ਸੀ ਅਤੇ ਸੁੱਖ ਨੂੰ ਪੂਰਾ ਕਰਨ ਲਈ ਉਹ ਇਕ ਧਾਰਮਕ ਸਥਾਨ ’ਤੇ ਗਏ ਸਨ। ਇਸ ਮਾਮਲੇ ਨੂੰ ਸੁਲਝਾਉਣ ਲਈ ਪੁਲਸ ਦੇ ਖਰਚੇ ਦੀ ਰਕਮ ਜੋੜੀਜਾਵੇਗੀ ਅਤੇ ਕੰਪਨੀ ਦੀ ਗਲਤੀ, ਅਣਗਹਿਲੀ, ਨਲਾਇਕੀ ਲਈ ਉਸ ਤੋਂ ਖਰਚੇ ਦੀ ਵਸੂਲੀ ਦੀ ਸਿਫਾਰਸ਼ ਕਰੇਗੀ। ਕੰਪਨੀ ਦੇ ਰਿਕਾਰਡ ਦੀ ਨਿਗਰਾਨੀ ਦੀ ਵੀ ਜਾਂਚ ਹੋਵੇਗੀ।



