ਬਠਿੰਡਾ : ਬਠਿੰਡਾ ਪੁਲਸ ਨੇ ਡੀ ਐੱਸ ਪੀ ਕੈਂਟ ਦੀ ਅਗਵਾਈ ਹੇਠ ਯੂਨਾਈਟਿਡ ਅਕਾਲੀ ਦਲ ਦੇ ਚੇਅਰਮੈਨ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਸ਼ਨੀਵਾਰ ਘਰ ਤੋਂ ਗਿ੍ਰਫਤਾਰ ਕਰ ਲਿਆ। ਇਸ ਦੀ ਜਾਣਕਾਰੀ ਉਨ੍ਹਾ ਦੇ ਪੁੱਤਰ ਯਾਦਵਿੰਦਰ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾ ਦੱਸਿਆ ਕਿ ਪੁਲਸ ਅਤੇ ਸਰਕਾਰ ਵੱਲੋਂ 18 ਜੂਨ ਗੁਰਦਾਸਪੁਰ ਵਿਖੇ ਆ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੇ ਨੇੜੇ ਕੌਮੀ ਇਨਸਾਫ ਮੋਰਚੇ ਵੱਲੋਂ ਰੱਖੀ ਰੈਲੀ ਨੂੰ ਰੋਕਣ ਲਈ ਸਿੱਖ ਸੰਗਤਾਂ ਨੂੰ ਜਬਰੀ ਗਿ੍ਰਫਤਾਰ ਕੀਤਾ ਜਾ ਰਿਹਾ ਹੈ। ਰੈਲੀ ਦਾ ਮਕਸਦ ਬੇਅਦਬੀਆਂ ਦਾ ਇਨਸਾਫ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੈ। ਇਸ ਦੇ ਨਾਲ ਹੀ ਸ਼ਨੀਵਾਰ ਸਵੇਰੇ ਸ਼ਾਹਕੋਟ ਪੁਲਸ ਨੇ ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੂੰ ਉਨ੍ਹਾ ਦੇ ਪਿੰਡ ਢੰਡੋਵਾਲ ਤੋਂ ਗਿ੍ਰਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸੇ ਮੰਗ ਨੂੰ ਲੈ ਕੇ ਮੋਰਚੇ ਵੱਲੋਂ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੇ ਬਰਾਬਰ ਇਕੱਠ ਸੱਦਿਆ ਗਿਆ ਹੈ। ਕੌਮੀ ਇਨਸਾਫ ਮੋਰਚਾ ਵੱਲੋਂ ਐਤਵਾਰ ਕੀਤੇ ਜਾ ਰਹੇ ਇਕੱਠ ਨੂੰ ਰੋਕਣ ਲਈ ਪੁਲਸ ਵੱਲੋਂ ਮੋਰਚੇ ਦੇ ਆਗੂਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ।





