ਮੇਰੇ ’ਤੇ ਲੋਕਾਂ ਦੀ ਮੁਹੱਬਤ ਦਾ ‘ਪਾਗਲਪਣ’ ਸਵਾਰ ਹੈ : ਭਗਵੰਤ ਮਾਨ

0
169

ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਬਿਨਾਂ ਸ਼ੱਕ ਉਨ੍ਹਾ ਉਪਰ ਪੰਜਾਬ ਦੇ ਵਿਕਾਸ ਦਾ ਪਾਗਲਪਣ ਸਵਾਰ ਹੈ, ਕਿਉਂਕਿ ਉਹ ਦਿਨ-ਰਾਤ ਪੰਜਾਬ ਵਾਸੀਆਂ ਦੀ ਸੇਵਾ ਵਿਚ ਜੁਟੇ ਹੋਏ ਹਨ ਅਤੇ ਆਪਣੇ ਜਾਂ ਪਰਵਾਰ ਦੇ ਨਿੱਜੀ ਮੁਫਾਦਾਂ ਦੀ ਖਾਤਰ ਕੰਮ ਨਹੀਂ ਕਰਦੇ। ਮੁੱਖ ਮੰਤਰੀ ਨੇ ਵਿਅੰਗ ਕੱਸਦਿਆਂ ਕਿਹਾ ਕਿ ਸੁਖਬੀਰ ਬਾਦਲ ਤੇ ਉਸ ਦੇ ਪਰਵਾਰ ਦੇ ਦੋਗਲੇ ਕਿਰਦਾਰ ਅਤੇ ਪੰਜਾਬ ਤੇ ਪੰਜਾਬੀਆਂ ਵਿਰੁੱਧ ਕੀਤੇ ਗੁਨਾਹਾਂ ਬਾਰੇ ਹਰ ਕੋਈ ਭਲੀ-ਭਾਂਤ ਜਾਣਦਾ ਹੈ। ਮਾਨ ਨੇ ਕਿਹਾ, ‘ਮੈਨੂੰ ਦੂਜੇ ਸੂਬੇ ਅਤੇ ਵਿਦੇਸ਼ਾਂ ’ਚੋਂ ਪੜ੍ਹ ਹੋਏ ਸੁਖਬੀਰ ਬਾਦਲ ਦੀ ਹਾਲਤ ਉਤੇ ਤਰਸ ਆਉਂਦਾ ਹੈ, ਜਿਸ ਨੂੰ ਇਤਿਹਾਸਕ ਅਤੇ ਭੂਗੋਲਿਕ ਤੌਰ ’ਤੇ ਸੂਬੇ ਬਾਰੇ ਭੋਰਾ ਵੀ ਸਮਝ ਨਹੀਂ। ਸੁਖਬੀਰ ਦੀ ਤੁੱਛ ਬੁੱਧੀ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੂੰ ਸੂਬੇ ਦੀ ਸੇਵਾ ਕਰ ਚੁੱਕੇ ਮੁੱਖ ਮੰਤਰੀਆਂ ਦੇ ਨਾਂਅ ਤੱਕ ਵੀ ਨਹੀਂ ਪਤਾ।’ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ, ‘ਤੁਹਾਡੇ ਹਿਸਾਬ ਨਾਲ ਤਾਂ ਮੈਂ ਪਾਗਲ ਹਾਂ, ਕਿਉਂਕਿ ਮੈਂ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਨਹੀਂ ਬਣਾਉਂਦਾ, ਮੈਂ ਨਸ਼ੇ ਦੇ ਸੌਦਾਗਰਾਂ ਦੀ ਪੁਸ਼ਤਪਨਾਹੀ ਨਹੀਂ ਕਰਦਾ, ਸੂਬੇ ਵਿਚ ਲੱਗਣ ਵਾਲੇ ਉਦਯੋਗ ’ਚੋਂ ਹਿੱਸਾ ਨਹੀਂ ਮੰਗਦਾ, ਮਾਫੀਏ ਨੂੰ ਸਿਰ ਨਹੀਂ ਚੁੱਕਣ ਦਿੰਦਾ ਅਤੇ ਸੂਬੇ ਨੂੰ ਲੀਹੋਂ ਲਾਹੁਣ ਵਾਲੇ ਘਿਨਾਉਣੇ ਮਨਸੂਬਿਆਂ ਦਾ ਭਾਈਵਾਲ ਨਹੀਂ ਬਣਦਾ।ਮੇਰੇ ਉਤੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਲੋਕਾਂ ਨੂੰ ਮੁਫਤ ਬਿਜਲੀ, ਆਮ ਆਦਮੀ ਕਲੀਨਿਕ ਖੋਲ੍ਹਣ ਅਤੇ ਲੋਕਾਂ ਦੀ ਭਲਾਈ ਕਰਨ ਦਾ ਪਾਗਲਪਣ ਸਵਾਰ ਹੈ।’ ਉਹ ਪਿਛਲੇ ਸੱਤਾਧਾਰੀਆਂ ਵਾਂਗ ਗੈਰ-ਕਾਨੂੰਨੀ ਢੰਗ ਨਾਲ ਪੈਸਾ ਨਹੀਂ ਕਮਾਉਂਦੇ, ਸਗੋਂ ਉਨ੍ਹਾਂ ਉਪਰ ਸਮਰਪਿਤ ਭਾਵਨਾ ਨਾਲ ਸੂਬੇ ਦੀ ਸੇਵਾ ਕਰਨ ਦਾ ਜਨੂੰਨ ਸਵਾਰ ਹੈ।
ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਕਿਹਾ, ‘ਤੁਹਾਨੂੰ ਤੇ ਤੁਹਾਡੇ ਕੁਨਬੇ ਦੇ ਬਾਕੀ ਮੈਂਬਰਾਂ ਨੂੰ ਤਾਂ ਤੁਹਾਡੇ ਪਿਤਾ ਕਰਕੇ ਕੁਰਸੀਆਂ ਨਸੀਬ ਹੋਈਆਂ ਹਨ, ਜਦਕਿ ਮੈਂ ਲੋਕਾਂ ਦੇ ਭਰੋਸੇ ਤੇ ਪਿਆਰ ਸਦਕਾ ਸੂਬੇ ਦੀ ਸੇਵਾ ਨਿਭਾਅ ਰਿਹਾ ਹਾਂ।’ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਤੇ ਉਸ ਦੀ ਜੁੰਡਲੀ ਨੇ ਆਪਣੇ ਸੌੜੇ ਹਿੱਤ ਪਾਲਣ ਲਈ ਸੂਬੇ ਨੂੰ ਲੁੱਟਿਆ, ਜਿਸ ਕਰਕੇ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਤੋਂ ਉਖੇੜ ਕੇ ਸੁੱਟ ਦਿੱਤਾ। ਉਨ੍ਹਾ ਕਿਹਾ ਕਿ ਉਨ੍ਹਾ ਪੰਜਾਬ ਵਾਸੀਆਂ ਦੀ ਖਾਤਰ ਆਪਣਾ ਜੀਵਨ ਸਮਰਪਿਤ ਕੀਤਾ ਹੈ, ਜਦਕਿ ਇਨ੍ਹਾਂ ਲੀਡਰਾਂ ਨੇ ਸਿਰਫ ਤੇ ਸਿਰਫ ਆਪਣੇ ਪਰਵਾਰਾਂ ਦੀ ਖਾਤਰ ਕੰਮ ਕੀਤਾ ਹੈ। ਇਨ੍ਹਾਂ ਲੀਡਰਾਂ ਨੇ ਸੂਬੇ ਦੇ ਹਿੱਤ ਦਾਅ ਉਤੇ ਲਾ ਕੇ ਪਰਵਾਰਪ੍ਰਸਤੀ ਨੂੰ ਤਰਜੀਹ ਦਿੱਤੀ। ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਸੰਜੀਦਗੀ ਨਾਲ ਯਤਨ ਕਰ ਰਹੇ ਹਨ।

LEAVE A REPLY

Please enter your comment!
Please enter your name here