ਨਵੀਂ ਦਿੱਲੀ : ਮਨੀਪੁਰ ’ਚ ਬੀਤੀ 3 ਮਈ ਨੂੰ ਸ਼ੁਰੂ ਹੋਈ ਹਿੰਸਾ ਲਗਭਗ ਡੇਢ ਮਹੀਨੇ ਬਾਅਦ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਤਣਾਅ ਏਨਾ ਵਧ ਗਿਆ ਹੈ ਕਿ ਆਮ ਆਦਮੀ ਦੇ ਨਾਲ-ਨਾਲ ਕੇਂਦਰੀ ਮੰਤਰੀ ਦੇ ਘਰ ਨੂੰ ਵੀ ਅੱਗ ਦੇ ਹਵਾਲ ਕਰ ਦਿੱਤਾ ਗਿਆ। ਕੇਂਦਰ ਅਤੇ ਸੂਬਾ ਸਰਕਾਰ ਦੀ ਸ਼ਾਂਤੀ ਦੀ ਅਪੀਲ ਦੇ ਬਾਵਜੂਦ ਮਨੀਪੁਰ ’ਚ ਮੈਤੇਈ ਅਤੇ ਕੂਕੀ ਜਨਜਾਤੀ ਦੇ ਵਿਚਾਲੇ ਜਾਤੀ ਹਿੰਸਾ ਜਾਰੀ ਹੈ। ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹਰ ਕੋਸ਼ਿਸ਼ ਫੇਲ੍ਹ ਹੋ ਰਹੀ ਹੈ। ਸੂਬੇ ਦੀ ਬਿਰੇਨ ਸਰਕਾਰ ਦੀ ਗੱਲ ਕੋਈ ਵੀ ਮੰਨਣ ਨੂੰ ਤਿਆਰ ਨਹੀਂ । ਇਨ੍ਹਾਂ ਹਾਲਤਾਂ ’ਚ ਸਾਬਕਾ ਆਰਮੀ ਚੀਫ਼ ਜਨਰਲ (ਰਿਟਾਇਡਰ) ਵੇਦ ਪ੍ਰਕਾਸ਼ ਮਲਿਕ ਨੇ ਮਨੀਪੁਰ ਦੀ ਸਥਿਤੀ ’ਤੇ ਤਤਕਾਲ ਧਿਆਨ ਦੇਣ ਦੀ ਅਪੀਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੀਤੀ ਹੈ।
ਮਨੀਪੁਰ ਦੇ ਗੰਭੀਰ ਹਾਲਾਤ ’ਤੇ ਰਿਟਾਇਰਡ ਲੈਫਟੀਨੈਂਟ ਜਨਰਲ ਐੱਲ ਨਿਸ਼ਿਕਾਂਤ ਸਿੰਘ ਨੇ ਟਵੀਟ ਕਰਕੇ ਸੂਬੇ ਦੇ ਹਾਲਾਤ ਸੀਰੀਆ-ਲੈਬਨਾਨ ਵਰਗੇ ਦੱਸੇ ਹਨ। ਲੈਫਟੀਨੈਂਟ ਜਨਰਲ ਨੇ ਲਿਖਿਆਮੈਂ ਮਨੀਪੁਰ ਦਾ ਇੱਕ ਸਧਾਰਨ ਭਾਰਤੀ ਹਾਂ, ਜੋ ਰਿਟਾਇਰ ਹੋ ਕੇ ਜੀਵਨ ਜੀ ਰਿਹਾ ਹੈ, ਪਰ ਸੂਬਾ ਹੁਣ ਸਟੇਟਲੈੱਸ ਹੋ ਗਿਆ ਹੈ। ਜ਼ਿੰਦਗੀ ਅਤੇ ਜਾਇਦਾਦ ਨੂੰ ਕੋਈ ਵੀ ਕਦੀ ਵੀ ਖ਼ਤਮ ਕਰ ਸਕਦਾ ਹੈ। ਕਿਸੇ ਦਾ ਕੋਈ ਕੰਟਰੋਲ ਨਹੀਂ, ਜਿਸ ਤਰ੍ਹਾਂ ਦੇ ਹਾਲਾਤ ਲੀਬੀਆ, ਲੈਬਨਾਨ, ਨਾਇਜੀਰੀਆ, ਸੀਰੀਆ ’ਚ ਹੁੰਦੇ ਹਨ, ਠੀਕ ਉਸੇ ਤਰ੍ਹਾਂ ਦੇ ਹਾਲਾਤ ਮਨੀਪੁਰ ’ਚ ਹੋ ਗਏ ਹਨ। ਮੌਜੂਦਾ ਸਥਿਤੀ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਮਨੀਪੁਰ ਨੂੰ ਆਪਣੀ ਹੀ ਅੱਗ ’ਚ ਸੜਨ ਲਈ ਛੱਡ ਦਿੱਤਾ ਗਿਆ ਹੈ। ਸ਼ਨੀਵਾਰ ਇੱਥੇ ਅਧਿਕਾਰੀਆਂ ਨੇ ਦੱਸਿਆ ਕਿ ਇੰਫਾਲ ’ਚ ਭੀੜ ਨੇ ਭਾਜਪਾ ਨੇਤਾ ਦਾ ਘਰ ਸਾੜਨ ਦੀ ਵੀ ਕੋਸ਼ਿਸ਼ ਕੀਤੀ। ਉਥੇ ਹੀ ਮਨੀਪੁਰ ਦੇ ਬਿਸ਼ਣੂਪੁਰ ਜ਼ਿਲ੍ਹੇ ਦੇ ਕਵਾਕਟਾ ਅਤੇ ਚੁਰਾਚਾਂਦੁਪਰ ਜ਼ਿਲ੍ਹੇ ਦੇ ਕੰਗਵਈ ’ਚ ਪੂਰੀ ਰਾਤ ਗੋਲੀਬਾਰੀ ਹੋਣ ਦੀ ਖ਼ਬਰ ਹੈ। ਇੰਫਾਲ ਪੱਛਮ ਦੇ ਇਰੰਗਬਾਮ ਪੁਲਸ ਥਾਣੇ ’ਚ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਇਸ ਦੌਰਾਨ ਕੋਈ ਹਥਿਆਰ ਚੋਰੀ ਨਹੀਂ ਹੋਇਆ। ਅਧਿਕਾਰੀਆਂ ਨੇ ਕਿਹਾਦੰਗਾਈਆਂ ਨੂੰ ਇਕੱਠਾ ਹੋਣ ਤੋਂ ਰੋਕਣ ਲਈ ਫੌਜ, ਅਸਾਮ ਰਾਈਫਲ ਅਤੇ ਆਰ ਏ ਐੱਫ ਨੇ ਇੰਫਾਲ ’ਚ ਅੱਧੀ ਰਾਤ ਸੰਯੁਕਤ ਮਾਰਚ ਕੱਢਿਆ। ਉਨ੍ਹਾ ਦੱਸਿਆ ਕਿ ਲਗਭਗ 1000 ਲੋਕਾਂ ਦੀ ਭੀੜ ਨੇ ਮਹਿਲ ਨੇੜੇ ਇੱਕ ਇਮਾਰਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਮੁਤਾਬਕ ਆਰ ਏ ਐਫ ਨੇ ਭੀੜ ਨੂੰ ਤਿੱਤਰ-ਬਿਤਰ ਕਰਨ ਲਈ ਅੱਥਰੂ ਗੈਸ ਦੇ ਗੋਲ ਦਾਗੇ ਅਤੇ ਰਬੜ ਦੀਆਂ ਗੋਲੀਆਂ ਚਲਾਈਆ, ਜਿਸ ਤੋਂ ਬਾਅਦ ਭੀੜ ਉਥੋਂ ਭੱਜ ਗਈ।



