ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਕਿਹਾ ਕਿ ਐਮਰਜੈਂਸੀ ਭਾਰਤ ਦੇ ਇਤਿਹਾਸ ਦਾ ‘ਕਾਲਾ ਦੌਰ’ ਸੀ, ਜਦੋਂ ਜਮਹੂਰੀਅਤ ਦੇ ਹਮਾਇਤੀਆਂ ’ਤੇ ਜ਼ੁਲਮ ਕੀਤਾ ਗਿਆ ਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 102ਵੀਂ ਕੜੀ ਦੌਰਾਨ ਵਿਚਾਰ ਸਾਂਝੇ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ‘ਜਮਹੂਰੀਅਤ ਦੀ ਜਨਨੀ’ ਹੈ, ਜੋ ਜਮਹੂਰੀ ਆਦਰਸ਼ਾਂ ਤੇ ਸੰਵਿਧਾਨ ਨੂੰ ਸਭ ਤੋਂ ਉੱਤੇ ਰੱਖਦਾ ਹੈ, ਲਿਹਾਜ਼ਾ 25 ਜੂਨ ਦੀ ਤਰੀਕ ਨੂੰ ਨਹੀਂ ਭੁਲਾਇਆ ਜਾ ਸਕਦਾ। ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1975 ’ਚ ਪੂਰੇ ਦੇਸ਼ ’ਚ ਐਮਰਜੈਂਸੀ ਲਾਗੂ ਕੀਤੀ ਸੀ। ਮੋਦੀ ਨੇ 21 ਜੂਨ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਯੋਗ ਦਿਹਾੜੇ ਦਾ ਜ਼ਿਕਰ ਕਰਦਿਆਂ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਯੋਗ ਨੂੰ ਆਪਣੇ ਨਿੱਤ ਦੀ ਰੂਟੀਨ ਦਾ ਹਿੱਸਾ ਬਣਾਉਣ। ਚੱਕਰਵਾਤੀ ਤੂਫਾਨ ਬਿਪਰਜੁਆਏ ਨਾਲ ਗੁਜਰਾਤ ਦੇ ਕੱਛ ਜ਼ਿਲ੍ਹੇ ’ਚ ਤਬਾਹੀ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਥੋਂ ਦੇ ਲੋਕਾਂ ਨੇ ਜਿਸ ਮਜ਼ਬੂਤੀ ਨਾਲ ਇਸ ਦਾ ਮੁਕਾਬਲਾ ਕੀਤਾ, ਉਹ ਸ਼ਾਨਦਾਰ ਹੈ। ਉਨ੍ਹਾ ਆਸ ਜਤਾਈ ਕਿ ਕੱਛ ਦੇ ਲੋਕ ਜਲਦੀ ਹੀ ਇਸ ਤਬਾਹੀ ਤੋਂ ਉੱਭਰ ਜਾਣਗੇ।
ਮੋਦੀ 21 ਤੋਂ 24 ਜੂਨ ਤੱਕ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਜਾ ਰਹੇ ਹਨ, ਜਿਸ ਕਰਕੇ ਐਤਕੀਂ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਇਕ ਹਫਤੇ ਪਹਿਲਾਂ ਪ੍ਰਸਾਰਤ ਕੀਤਾ ਗਿਆ ਹੈ।


