ਅੰਮਿ੍ਰਤਸਰ : ਹੋਲੀ ਸਿਟੀ ਦੇ ਕਾਲੋਨਾਈਜ਼ਰ ਦੇ ਭਾਈਵਾਲ ਗੁਰਮੇਹਰ ਸਿੰਘ ਅਤੇ ਉਸ ਦੇ ਬੇਟੇ ਹਰਕਰਨ ਸਿੰਘ ਨੂੰ ਪੁਲਸ ਨੇ ਸੋਮਵਾਰ ਬਲਾਤਕਾਰ ਅਤੇ ਧੋਖਾਧੜੀ ਦੇ ਮਾਮਲੇ ’ਚ ਗਿ੍ਰਫਤਾਰ ਕਰ ਲਿਆ। ਹੋਲੀ ਸਿਟੀ ਕਾਲੋਨੀ ਦੇ ਭਾਈਵਾਲ ਗੁਰਮੇਹਰ ਸਿੰਘ ਦੇ ਬੇਟੇ ਹਰਕਰਨ ਸਿੰਘ ਅਤੇ ਗੁਰਮੇਹਰ ਸਿੰਘ, ਉਸ ਦੀ ਪਤਨੀ ਸੁਖਰਾਜ ਕੌਰ, ਬੇਟੀ ਗੁਰਸਿਮਰਨ ਕੌਰ ਤੇ ਜਵਾਈ ਦਿਲਸ਼ੇਰ ਸਿੰਘ ਵਿਰੁੱਧ ਧਾਰਾ 376, 420, 406, 506,120-ਬੀ ਆਈ ਪੀ ਸੀ ਐਕਟ ਤਹਿਤ ਲੁਧਿਆਣਾ ਦੀ ਪੁਲਸ ਨੇ ਥਾਣਾ ਸਰਾਭਾ ਨਗਰ ’ਚ ਕੇਸ ਦਰਜ ਕੀਤਾ ਹੈ। ਸਵੇਰੇ ਪੁਲਸ ਪਾਰਟੀ ਨੇ ਹੋਲੀ ਸਿਟੀ ’ਚ ਸਥਿਤ ਉਨ੍ਹਾਂ ਦੇ ਘਰ ਉਪਰ ਛਾਪਾ ਮਾਰ ਕੇ ਗੁਰਮੇਹਰ ਸਿੰਘ ਅਤੇ ਹਰਕਰਨ ਸਿੰਘ ਨੂੰ ਗਿ੍ਰਫਤਾਰ ਕਰ ਲਿਆ। ਲੁਧਿਆਣਾ ਦੇ ਭਾਮੀਆਂ ਕਲਾਂ ਦੀ ਕੁੜੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਹਰਕਰਨ ਸਿੰਘ ਨਾਲ 24 ਜੂਨ 2022 ਨੂੰ ਉਸ ਦੀ ਮੰਗਣੀ ਹੋਈ ਸੀ ਅਤੇ ਉਸ ਉਪਰੰਤ ਫਿਰ 14 ਜੁਲਾਈ 2022 ਨੂੰ ਹਰਕਰਨ ਸਿੰਘ ਨੇ ਧੋਖੇ ਨਾਲ ਉਸ ਨੂੰ ਪੱਖੋਵਾਲ ਰੋਡ ’ਤੇ ਇੱਕ ਹੋਟਲ ’ਚ ਬੁਲਾਇਆ ਅਤੇ ਉਸ ਨਾਲ ਬਲਾਤਕਾਰ ਕੀਤਾ। ਵਿਰੋਧ ਕਰਨ ’ਤੇ ਉਸ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਹੋਣ ਵਾਲਾ ਹੈ, ਇਸ ਲਈ ਵਿਰੋਧ ਕਰਨ ਦੀ ਲੋੜ ਨਹੀਂ। ਉਸ ਨੇ ਦੋਸ਼ ਲਾਇਆ ਕਿ ਫਿਰ ਮੁੰਡੇ ਵਾਲਿਆਂ ਨੇ ਵੱਖ-ਵੱਖ ਤਰੀਕਾਂ ਨੂੰ ਬੁਲਾ ਕੇ ਗਹਿਣੇ ਅਤੇ ਹੋਰ ਸਮਾਨ ਬਣਵਾਇਆ। ਫਿਰ ਮੁੰਡੇ ਵਾਲਿਆਂ ਨੇ ਪੰਜ ਕਰੋੜ ਰੁਪਏ ਅਤੇ ਮਰਸਡੀਜ਼ ਕਾਰ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਉਸ ਦੇ ਪਰਵਾਰ ਨੇ ਦਾਜ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਇਨ੍ਹਾਂ ਰਿਸ਼ਤਾ ਤੋੜ ਦਿੱਤਾ। ਜਦੋਂ ਪਰਵਾਰ ਨੇ ਗਹਿਣੇ ਅਤੇ ਹੋਰ ਕਰਵਾਈ ਸ਼ਾਪਿੰਗ ਦਾ ਸਮਾਨ ਵਾਪਸ ਮੰਗਿਆ ਤਾਂ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਫਿਰ ਉਸ ਨੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਅਤੇ ਫਿਰ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਗਿਆ। ਲੁਧਿਆਣਾ ਪੁਲਸ ਵੱਲੋਂ ਸੋਮਵਾਰ ਸਵੇਰੇ ਗੁਰਮੇਹਰ ਸਿੰਘ ਦੇ ਹੋਲੀ ਸਿਟੀ ਕਾਲੋਨੀ ਵਿਖੇ ਸਥਿਤ ਘਰ ਨੂੰ ਘੇਰਾ ਪਾ ਕੇ ਪਿਓ-ਪੁੱਤ ਨੂੰ ਗਿ੍ਰਫਤਾਰ ਕਰ ਲਿਆ ਗਿਆ।




