ਇਸ ਸਮੇਂ ਸਾਡੇ ਦੇਸ਼ ਵਿੱਚ ਅੰਧ-ਵਿਸ਼ਵਾਸਾਂ ਦੀ ਹਨੇਰੀ ਚੱਲ ਰਹੀ ਹੈ। ਹਮੇਸ਼ਾ ਤੋਂ ਹੀ ਸੱਤਾਧਾਰੀ ਵਰਗ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਅੰਧ-ਵਿਸ਼ਵਾਸਾਂ ਨੂੰ ਇੱਕ ਹਥਿਆਰ ਵਜੋਂ ਵਰਤਦਾ ਰਿਹਾ ਹੈ। ਭਾਜਪਾ ਦੇ ਕੇਂਦਰ ਦੀ ਸੱਤਾ ਉੱਤੇ ਕਾਬਜ਼ ਹੋ ਜਾਣ ਤੋਂ ਬਾਅਦ ਅੰਧ-ਵਿਸ਼ਵਾਸਾਂ ਦਾ ਸਿਲਸਿਲਾ ਤੇਜ਼ੀ ਨਾਲ ਵਧਿਆ ਹੈ। ਭਾਜਪਾ ਅੰਧ-ਵਿਸ਼ਵਾਸਾਂ ਨੂੰ ਫੈਲਾਉਣ ਲਈ ਬਾਬਿਆਂ ਤੇ ਅਖੌਤੀ ਧਰਮ ਗੁਰੂਆਂ ਦੀ ਪੁਸ਼ਤਪਨਾਹੀ ਕਰਦੀ ਰਹਿੰਦੀ ਹੈ। ਯਾਦ ਕਰੋ ਜਦੋਂ ਫਰਾਂਸ ਤੋਂ ਪਹਿਲਾ ਰਾਫੇਲ ਜੰਗੀ ਜਹਾਜ਼ ਲਿਆਂਦਾ ਗਿਆ ਸੀ ਤਾਂ ਸਭ ਤੋਂ ਪਹਿਲਾਂ ਰਾਜਨਾਥ ਨੇ ਉਸ ਦਾ ਨਿੰਬੂ ਤੇ ਮਿਰਚ ਬੰਨ੍ਹ ਕੇ ਸਵਾਗਤ ਕੀਤਾ ਸੀ। ਹਰ ਨਿੱਕੇ-ਵੱਡੇ ਕੰਮ ਦੇ ਉਦਘਾਟਨ ਸਮੇਂ ਨਾਰੀਅਲ ਭੰਨਣਾ ਤੇ ਹੋਰ ਧਾਰਮਕ ਪਾਖੰਡ ਕਰਨਾ ਇੱਕ ਵਰਤਾਰਾ ਬਣ ਚੁੱਕਾ ਹੈ।
ਇਸ ਸਮੇਂ ਮੀਡੀਆ ਅੰਧ-ਵਿਸ਼ਵਾਸ ਫੈਲਾਉਣ ਦਾ ਮੁੱਖ ਜ਼ਰੀਆ ਬਣਿਆ ਹੋਇਆ ਹੈ। ਪੱਤਰਕਾਰਤਾ ਮਰ ਚੁੱਕੀ ਹੈ। ਪੱਤਰਕਾਰਤਾ ਦੀ ਥਾਂ ਪਾਖੰਡੀ ਬਾਬਿਆਂ ਦੀਆਂ ਕਲਪਿਤ ਕਹਾਣੀਆਂ ਛਾਪੀਆਂ ਜਾ ਰਹੀਆਂ ਹਨ। ਅਖ਼ਬਾਰ ਖੋਲ੍ਹਦਿਆਂ ਹੀ ਸਭ ਤੋਂ ਪਹਿਲਾਂ ਰਾਸ਼ੀਫਲ ਮੱਥੇ ਵਿੱਚ ਵੱਜਦਾ ਹੈ। ਪੂਜਾ-ਪਾਠ ਤੇ ਵਰਤਾਂ ਦਾ ਵਿਧੀ-ਵਿਧਾਨ ਸਮਝਾਇਆ ਜਾਂਦਾ ਹੈ। ਟੀ ਵੀ ਚੈਨਲਾਂ ਉੱਤੇ ਇੱਛਾਧਾਰੀ ਨਾਗਿਨਾਂ, ਪਿਛਲੇ ਜਨਮਾਂ ਦਾ ਹਾਲ ਸੁਣਾਉਣ ਵਾਲੇ ਬੱਚਿਆਂ ਨੂੰ ਲਿਆ ਕੇ ਟੀ ਆਰ ਪੀ ਵਧਾਉਣ ਦੇ ਨਾਲ-ਨਾਲ ਜਨਤਾ ਦੀ ਸੋਚ ਨੂੰ ਖੁੰਢਿਆਂ ਕੀਤਾ ਜਾਂਦਾ ਹੈ। ਹੁਣ ਤਾਂ ਬਾਬਿਆਂ ਨੇ ਵੀ ਆਪਣੇ ਚੈਨਲ ਸ਼ੁਰੂ ਕਰ ਲਏ ਹਨ, ਜਿਨ੍ਹਾਂ ਰਾਹੀਂ ਚਮਤਕਾਰਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਭੂਤਾਂ-ਪ੍ਰੇਤਾਂ ਦੀਆਂ ਡਰਾਉਣੀਆਂ ਫਿਲਮਾਂ ਬਣ ਰਹੀਆਂ ਹਨ। ਸਰਕਾਰ ਵਿਗਿਆਨਕ ਨਜ਼ਰੀਆ ਪੇਸ਼ ਕਰਨ ਵਾਲੇ ਪੱਤਰਕਾਰਾਂ ਉੱਤੇ ਤਾਂ ਕਈ ਬੰਦਸ਼ਾਂ ਲਾ ਰਹੀ ਹੈ, ਪਰ ਇਨ੍ਹਾਂ ਅੰਧ-ਵਿਸ਼ਵਾਸ ਵਾਲੇ ਚੈਨਲਾਂ ਤੇ ਹੋਰ ਮੀਡੀਆ ਅਦਾਰਿਆਂ ਨੂੰ ਖੁੱਲ੍ਹੀ ਛੁੱਟੀ ਹੈ ਕਿ ਉਹ ਜੋ ਮਰਜ਼ੀ ਝੂਠ-ਤੂਫ਼ਾਨ ਲੋਕਾਂ ਨੂੰ ਪਰੋਸੀ ਜਾਣ। ਇਸ ਲਈ ਜ਼ਰੂਰੀ ਹੈ ਕਿ ਹਰ ਤਰ੍ਹਾਂ ਦੀ ਗੈਰ-ਵਿਗਿਆਨਕ ਸਮੱਗਰੀ ਦੇ ਪ੍ਰਸਾਰਨ ਉੱਤੇ ਰੋਕ ਲਾਈ ਜਾਵੇ ਪਰ ਮੌਜੂਦਾ ਸਰਕਾਰ ਤੋਂ ਤਾਂ ਇਹ ਆਸ ਨਹੀਂ ਕੀਤੀ ਜਾ ਸਕਦੀ, ਉਹ ਤਾਂ ਖੁਦ ਹੀ ਵੇਦਾਂ ਦੀਆਂ ਕਾਲਪਨਿਕ ਕਹਾਣੀਆਂ ਨੂੰ ਵਿਗਿਆਨਕ ਸਿੱਧ ਕਰਨ ਲੱਗੀ ਹੋਈ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਆਖਰ ਅੰਧ-ਵਿਸ਼ਵਾਸ ਖ਼ਤਮ ਕੌਣ ਕਰੇਗਾ। ਇਹ ਜ਼ਿੰਮੇਵਾਰੀ ਲੇਖਕਾਂ, ਵਿਗਿਆਨੀਆਂ, ਡਾਕਟਰਾਂ ਤੇ ਅਧਿਆਪਕਾਂ ਉੱਤੇ ਹੁੰਦੀ ਹੈ। ਪਰ ਸਮਾਜਕ ਸਚਾਈ ਇਹ ਹੈ ਕਿ ਇਹ ਲੋਕ ਖ਼ੁਦ ਅੰਧ-ਵਿਸ਼ਵਾਸ ਵਿੱਚ ਜਕੜੇ ਹੋਏ ਹਨ।
ਡਾਕਟਰ ਜਦੋਂ ਕੰਮ ਸ਼ੁਰੂ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਆਪਣੇ ਕਮਰੇ ਵਿੱਚ ਲੱਗੀਆਂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੂੰ ਧੂਫ਼-ਬੱਤੀ ਕਰਕੇ ਨਮਸਕਾਰ ਕਰਦੇ ਹਨ। ਇਹੋ ਹਾਲ ਬਹੁਤੇ ਵਿਗਿਆਨੀਆਂ ਤੇ ਲੇਖਕਾਂ ਦਾ ਹੈ।
ਅੰਧ-ਵਿਸ਼ਵਾਸਾਂ ਨੂੰ ਖ਼ਤਮ ਕਰਨ ਦੀ ਸਭ ਤੋਂ ਮੁਢਲੀ ਜ਼ਿੰਮੇਵਾਰੀ ਅਧਿਆਪਕਾਂ ਦੀ ਹੁੰਦੀ ਹੈ। ਸਕੂਲ ਹੀ ਉਹ ਥਾਂ ਹੈ, ਜਿੱਥੇ ਬੱਚੇ ਨੂੰ ਵਿਗਿਆਨ ਦਾ ਚਾਨਣ ਵੰਡਿਆ ਜਾ ਸਕਦਾ ਹੈ। ਅੱਜ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਅੰਧ-ਵਿਸ਼ਵਾਸ ਪਰੋਸਿਆ ਜਾ ਰਿਹਾ ਹੈ। ਭਾਰਤ ਇੱਕ ਧਰਮ-ਨਿਰਪੱਖ ਦੇਸ਼ ਹੈ, ਪਰ ਸਕੂਲ ਵਿੱਚ ਪੜ੍ਹਾਈ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੁੰਦੀ ਹੈ। ਸਕੂਲਾਂ ਦੇ ਕਮਰਿਆਂ ਵਿੱਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਟਕੀਆਂ ਹੁੰਦੀਆਂ ਹਨ। ਕਈ ਸਕੂਲਾਂ ਵਿੱਚ ਤਾਂ ਪ੍ਰਵੇਸ਼ ਦੁਆਰ ਅੱਗੇ ਸਰਸਵਤੀ ਦੇ ਬੁੱਤ ਵੀ ਲੱਗ ਗਏ ਹਨ, ਜਿੱਥੇ ਬੱਚੇ ਪ੍ਰਣਾਮ ਕਰਕੇ ਜਾਂਦੇ ਹਨ ਤਾਂ ਜੋ ਉਹ ਇਮਤਿਹਾਨਾਂ ਵਿੱਚ ਸਫ਼ਲ ਹੋ ਸਕਣ। ਇਹ ਸਾਰੇ ਕਰਮਕਾਂਡ ਅਧਿਆਪਕਾਂ ਦੀ ਅਗਵਾਈ ਵਿੱਚ ਹੁੰਦੇ ਹਨ। ਜਦੋਂ ਗਿਆਨ ਦੇਣ ਵਾਲੇ ਹੀ ਅਗਿਆਨੀ ਹੋਣ ਤਦ ਬੱਚੇ ਤਰਕਸ਼ੀਲ ਤੇ ਵਿਗਿਆਨੀ ਕਿਵੇਂ ਹੋ ਸਕਦੇ ਹਨ। ਇੰਜ ਕਰਦੇ ਰਹਿਣ ਨਾਲ ਬੱਚਿਆਂ ਨੂੰ ਆਪਣੇ ਨਾਲੋਂ ਰੱਬ ਉੱਤੇ ਵੱਧ ਭਰੋਸਾ ਹੋ ਜਾਂਦਾ ਹੈ। ਬੱਚੇ ਮਿਹਨਤ ਦੀ ਥਾਂ ਪੂਜਾ-ਪਾਠ ਤੇ ਪਾਖੰਡ ਉੱਤੇ ਨਿਰਭਰ ਹੋ ਕੇ ਅੰਧ-ਵਿਸ਼ਵਾਸਾਂ ਦੇ ਧਾਰਨੀ ਹੋ ਜਾਂਦੇ ਹਨ। ਹਰ ਦਿਨ ਬਾਬਿਆਂ ਤੇ ਅਖੌਤੀ ਧਰਮ ਗੁਰੂਆਂ ਦੇ ਪੈਰੋਕਾਰਾਂ ਦੀ ਵਧ ਰਹੀ ਸੰਖਿਆ ਪਿੱਛੇ ਇਹੋ ਕਾਰਕ ਹਨ। ਇਸ ਤਰ੍ਹਾਂ ਹੌਲੀ-ਹੌਲੀ ਸਮਾਜ ਦਾ ਬਹੁਤਾ ਹਿੱਸਾ ਮਨੋਰੋਗੀ ਹੋ ਜਾਂਦਾ ਹੈ। ਸੱਤਾਧਾਰੀਆਂ ਲਈ ਇਹ ਲੋਕ ਇੱਕ ਵਰਤੋਂ ਦੀ ਵਸਤੂ ਬਣ ਜਾਂਦੇ ਹਨ, ਤੇ ਉਹ ਇਸ ਨੂੰ ਆਪਣੇ ਮਕਸਦ ਲਈ ਵਰਤਦੇ ਹਨ।
ਲੋਕਾਂ ਵਿੱਚੋਂ ਅੰਧ-ਵਿਸ਼ਵਾਸਾਂ ਨੂੰ ਖ਼ਤਮ ਕਰਨ ਦੀ ਮੁੱਖ ਜ਼ਿੰਮੇਵਾਰੀ ਵਿਗਿਆਨਕ ਦਿ੍ਰਸ਼ਟੀ ਵਾਲੇ ਕਾਮਰੇਡਾਂ ਨੂੰ ਨਿਭਾਉਣੀ ਪਵੇਗੀ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੀ ਨਹੀਂ, ਫ਼ਰਜ਼ ਵੀ ਹੈ। ਇਸ ਲਈ ਤਰਕਸ਼ੀਲ ਲਹਿਰ ਨੂੰ ਮਜ਼ਬੂਤ ਕਰਕੇ ਹਰ ਪਿੰਡ ਤੇ ਮੁਹੱਲੇ ਤੱਕ ਪੁਚਾ ਦਿੱਤਾ ਜਾਣਾ ਚਾਹੀਦਾ ਹੈ। ਇਸ ਕੰਮ ਵਿੱਚ ਸਿਆਸੀ ਤੇ ਵਿਚਾਰਧਾਰਕ ਵਖਰੇਵਿਆਂ ਨੂੰ ਅੜਿੱਕਾ ਨਹੀਂ ਬਣਨ ਦੇਣਾ ਚਾਹੀਦਾ।
-ਚੰਦ ਫਤਿਹਪੁਰੀ



